ਬਰਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਡੋਰ ਸਟੈਪ ਡਿਲੀਵਰੀ ਸੇਵਾਵਾਂ ਵਿਚ ਆਧਾਰ ਕਾਰਡ ਨਾਲ ਸਬੰਧਿਤ ਦੋ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਫ਼ਾਇਦਾ ਸਿੱਧਾ ਆਮ ਲੋਕਾਂ ਨੂੰ ਹੋਵੇਗਾ | ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਦਮ ਤਹਿਤ ਸੂਬੇ ਦੇ ਵਸਨੀਕ ਹੈਲਪਲਾਈਨ ਨੰਬਰ-1076 'ਤੇ ਕਾਲ ਕਰ ਕੇ ਘਰ ਬੈਠੇ 43 ਸੇਵਾਵਾਂ ਦੇ ਨਾਲ ਨਾਲ ਆਧਾਰ ਕਾਰਡ ਨਾਲ ਸਬੰਧਿਤ ਦੋ ਹੋਰ ਨਵੀਆਂ ਸੇਵਾਵਾਂ ਦਾ ਲਾਹਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀ ਹੁਣ ਇਨ੍ਹਾਂ ਸੇਵਾਵਾਂ ਤਹਿਤ ਆਧਾਰ ਕਾਰਡ ਵਿਚ ਬੱਚਿਆਂ ਦਾ ਨਾਮਾਂਕਨ ਅਤੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਦੀ ਅਪਡੇਸ਼ਨ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਲੈ ਸਕਣਗੇ |