ਧਨੌਲਾ, 19 ਦਸੰਬਰ (ਜਤਿੰਦਰ ਸਿੰਘ ਧਨੌਲਾ)-ਨਿਕਾਸੀ ਪਾਣੀ ਅਤੇ ਟਰੈਫ਼ਿਕ ਦੀ ਸਮੱਸਿਆ ਧਨੌਲਾ ਨਿਵਾਸੀਆਂ ਲਈ ਨਸੂਰ ਬਣ ਕੇ ਰਹਿ ਗਈ ਹੈ | ਜ਼ਿਕਰਯੋਗ ਹੈ ਕਿ ਨਿਕਾਸੀ ਪ੍ਰਬੰਧ 70 ਫ਼ੀਸਦੀ ਤੋਂ ਉੱਪਰ ਗਾਰ ਨਾਲ ਭਰੇ ਪਏ ਹਨ | ਧਨੌਲਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਬਰਸਾਤ ਪੈਣ ਤੋਂ ਪਹਿਲਾਂ-ਪਹਿਲਾਂ ਸੰਕਸ਼ਨ ਮਸ਼ੀਨਾਂ ਮੰਗਵਾ ਕੇ ਇੱਥੋਂ ਦੀਆਂ ਸੀਵਰ ਲਾਈਨਾਂ ਦੀ ਮੁਕੰਮਲ ਸਫ਼ਾਈ ਕਰਵਾਈ ਜਾਵੇ ਤਾਂ ਕਿ ਲੋਕ ਜਿੱਲਤ ਦੀ ਜੂਨ ਹੰਢਉਣ ਤੋਂ ਬਚ ਸਕਣ | ਦੂਸਰਾ ਹੈ ਕਿ ਬਾਜ਼ਾਰ ਵਿਚ ਆਉਣ ਜਾਣ ਵਾਲੇ ਰਾਹੀ ਆਪਣੀਆਂ ਕਾਰਾਂ ਤੇ ਮੋਟਰਸਾਈਕਲ ਵਿਚ ਵਿਚਾਲੇ ਖੜ੍ਹੇ ਕਰ ਕੇ ਖ਼ਰੀਦੋ ਫ਼ਰੋਖ਼ਤ ਦੇ ਲਈ ਦੁਕਾਨਾਂ ਅੰਦਰ ਚਲੇ ਜਾਂਦੇ ਹਨ | ਜਿਸ ਨਾਲ ਲੰਘਣ ਵਾਲੇ ਰਾਹੀ ਲੰਬਾ ਸਮਾਂ ਲਾਈਨਾਂ ਵਿਚ ਲੱਗ ਕੇ ਇੰਤਜ਼ਾਰ ਕਰਦੇ ਰਹਿੰਦੇ ਹਨ | ਮੰਡੀ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇੱਥੇ ਦੋ ਮੋਟਰਸਾਈਕਲ ਸਵਾਰ ਪੁਲਿਸ ਕਰਮਚਾਰੀ ਤਾਇਨਾਤ ਕਰ ਕੇ ਰਸਤੇ ਵਿਚ ਅੜਿੱਕਾ ਬਣਦੇ ਵਾਹਣ ਚਾਲਕਾਂ ਅਤੇ ਦੁਕਾਨਾਂ ਤੋਂ 7-7 ਫੁੱਟ ਬਾਹਰ ਸਮਾਨ ਵਧਾਈ ਬੈਠੇ ਦੁਕਾਨਦਾਰਾਂ ਨੂੰ ਅਜਿਹਾ ਕਰਨ ਤੋਂ ਰੋਕ ਸਕਣ | ਤੀਸਰਾ ਇਹ ਕਿ ਪਸ਼ੂ ਹਸਪਤਾਲ ਨੇੜੇ ਅਤਰ ਸਿੰਘ ਵਾਲਾ ਨਗਰ ਵਿਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸੀਵਰੇਜ ਪਾਏ ਜਾਣ ਅਤੇ ਇੰਟਰਲੋਕ ਲਾਏ ਜਾਣ ਦਾ ਐਲਾਨ ਕਰ ਗਏ ਸਨ | ਉਪਰੰਤ ਠੇਕੇਦਾਰ ਵਲੋਂ ਸਮਾਨ ਵੀ ਸੁੱਟਵਾ ਦਿੱਤਾ ਗਿਆ | ਪ੍ਰੰਤੂ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ | ਲੰਘਣ ਵਾਲੇ ਰਾਹੀ ਜਿੱਥੇ ਢੇਰ ਲੱਗੇ ਸਮਾਨ ਵਿਚੋਂ ਦੀ ਮੁਸ਼ਕਲ ਨਾਲ ਗੁਜ਼ਰਦੇ ਹਨ | ਉੱਥੇ ਕੰਮ ਵਿਚ ਵਿਚਾਲੇ ਲਟਕਿਆ ਪਿਆ ਹੈ | ਮੰਡੀ ਨਿਵਾਸੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਪਰੋਕਤ ਮਸਲੇ ਤੁਰੰਤ ਜ਼ਿੰਮੇਵਾਰੀ ਨਾਲ ਨਜਿੱਠ ਕੇ ਸਾਜ਼ਗਾਰ ਮਾਹੌਲ ਸਥਾਪਿਤ ਕੀਤਾ ਜਾਵੇ |