ਬਰਨਾਲਾ, 19 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਰੇਲ ਮੰਤਰਾਲੇ ਵਲੋਂ ਫਿਰੋਜਪੁਰ-ਦਿੱਲੀ ਵੰਦੇ ਭਾਰਤ ਰੇਲ ਗੱਡੀ ਦਾ ਬਰਨਾਲਾ ਰੇਲਵੇ ਸਟੇਸ਼ਨ ਉੱਪਰ ਠਹਿਰਾਓ ਕਰਨ 'ਤੇ ਸਾਬਕਾ ਸੈਨਿਕ ਵਿੰਗ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਰੇਲ ਗੱਡੀ ਦਾ ਬਰਨਾਲਾ ਵਿਖੇ ਠਹਿਰਾਓ ਕਰਵਾਉਣ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਸਣੇ ਲੋਕਲ ਭਾਜਪਾ ਆਗੂਆਂ ਵਲੋਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਪੁਰਜ਼ੋਰ ਮੰਗ ਕੀਤੀ ਗਈ ਸੀ | ਬਰਨਾਲਾ ਵਾਸੀਆਂ ਦੀ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਸ੍ਰੀ ਬਿੱਟੂ ਵਲੋਂ ਖ਼ੁਦ ਸੋਸ਼ਲ ਮੀਡੀਆ ਉੱਪਰ ਇਸ ਦੀ ਜਾਣਕਾਰੀ ਦਿੱਤੀ ਗਈ | ਕੈਪਟਨ ਸਿੱਧੂ ਨੇ ਕਿਹਾ ਕਿ ਇਸ ਗੱਡੀ ਦੇ ਬਰਨਾਲਾ ਵਿਖੇ ਠਹਿਰਾਓ ਨੂੰ ਮਨਜ਼ੂਰ ਕਰ ਕੇ ਰੇਲ ਮੰਤਰਾਲੇ ਨੇ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ | ਇਸ ਮੌਕੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਧੰਨਾ ਸਿੰਘ ਧੌਲਾ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਹੌਲਦਾਰ ਬਸੰਤ ਸਿੰਘ ਆਦਿ ਵੀ ਹਾਜ਼ਰ ਸਨ |