ਬਰਨਾਲਾ, 23 ਦਸੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਦੇ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਵਲੋਂ ਜੈਪੁਰ-ਰਣਥੰਭੋਰ ਦਾ ਵਿੱਦਿਅਕ ਟੂਰ ਲਗਾਇਆ ਗਿਆ | ਟੂਰ ਦੌਰਾਨ ਵਿਦਿਆਰਥੀਆਂ ਨੇ ਜੈਪੁਰ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ ਜਿਵੇਂ ਕਿ ਆਮੇਰ ਕਿਲ੍ਹਾ, ਸਿਟੀ ਪੈਲੇਸ, ਜੰਤਰ-ਮੰਤਰ (ਯੂਨੇਸਕੋ ਵਿਸ਼ਵ ਵਿਰਾਸਤ ਸਥਾਨ) ਅਤੇ ਹਵਾ ਮਹਿਲ ਦਾ ਅਧਿਐਨਾਤਮਕ ਦੌਰਾ ਕੀਤਾ | ਅਧਿਆਪਕਾਂ ਵਲੋਂ ਹਰ ਸਥਾਨ ਦੀ ਇਤਿਹਾਸਕ ਮਹੱਤਤਾ, ਵਾਸਤੁਕਲਾ ਅਤੇ ਵਿਗਿਆਨਕ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਰਣਥੰਭੋਰ ਨੈਸ਼ਨਲ ਪਾਰਕ ਵੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਭਾਰਤ ਦੀ ਧਨਾਢ ਵਨਜੀਵ ਵਿਭਿੰਨਤਾ, ਜੰਗਲੀ ਜੀਵ ਸੰਰੱਖਣ, ਪ੍ਰਾਕਿ੍ਤਿਕ ਪਰਿਸਥਿਤਕੀ ਤੰਤਰ ਅਤੇ ਵਾਤਾਵਰਨ ਸੰਤੁਲਨ ਬਾਰੇ ਪ੍ਰਯੋਗਾਤਮਿਕ ਜਾਣਕਾਰੀ ਪ੍ਰਾਪਤ ਕੀਤੀ | ਸੰਸਥਾ ਦੇ ਚੇਅਰਮੈਨ ਸ੍ਰੀ ਕਪਿਲ ਮਿੱਤਲ, ਸ਼੍ਰੀਮਤੀ ਨਿਸ਼ੀ ਮਿੱਤਲ, ਸੀਨੀਅਰ ਕੋਆਰਡੀਨੇਟਰ ਮੈਡਮ ਸ਼ੁਭਜਿੰਦਰ ਕੌਰ, ਪਿ੍ੰਸੀਪਲ ਸ੍ਰੀਮਤੀ ਸਰਬਜੀਤ ਕੌਰ ਸਰਾਂ ਨੇ ਕਿਹਾ ਅਜਿਹੇ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |