ਬਰਨਾਲਾ, 24 ਦਸੰਬਰ (ਅਸ਼ੋਕ ਭਾਰਤੀ)-ਐਸ.ਬੀ.ਐਸ. ਸਕੂਲ ਸੁਰਜੀਤਪੁਰਾ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ, ਸ਼ਬਦ ਕੀਰਤਨ ਅਤੇ ਅਰਦਾਸ ਕੀਤੀ ਗਈ | ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ, ਧਾਰਮਿਕ ਗੀਤ, ਕਵਿਤਾਵਾਂ, ਕੋਰੀਓਗ੍ਰਾਫ਼ੀ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਕਮਲਜੀਤ ਕੌਰ, ਵਾਈਸ ਪਿ੍ੰਸੀਪਲ ਡਾ: ਸੰਜੇ ਕੁਮਾਰ, ਅਧਿਆਪਕਾ ਹਰਮਨਪ੍ਰੀਤ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਹਿੰਮਤ ਅਤੇ ਧਰਮ ਪ੍ਰਤੀ ਅਡੋਲ ਵਿਸ਼ਵਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਵੀ ਸਾਹਿਬਜ਼ਾਦਿਆਂ ਨੇ ਧਰਮ ਤੋਂ ਮੁੱਖ ਨਹੀਂ ਮੋੜਿਆ ਅਤੇ ਆਪਣੀ ਸ਼ਹਾਦਤ ਰਾਹੀਂ ਮਨੁੱਖਤਾ ਲਈ ਅਮਰ ਉਦਾਹਰਨ ਕਾਇਮ ਕੀਤੀ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |