ਅਸ਼ਲੀਲਤਾ ਤੇ ਲੱਚਰਤਾ ਆਜ਼ਾਦੀ ਦੀ ਨਹੀਂ ਬਲਕਿ ਬਰਬਾਦੀ ਦੀ ਪਰਿਭਾਸ਼ਾ ਹੈ। ਸਾਡੀ ਨੌਜਵਾਨ ਪੀੜ੍ਹੀ ਅੱਜ ਕਦਰਾਂ-ਕੀਮਤਾਂ ਨੂੰ ਭੁੱਲ ਕੇ ਕੁਰਾਹੇ ਪੈ ਰਹੀ ਹੈ, ਜਿੱਥੇ ਅੱਗੇ ਹਨੇਰਾ ਹੀ ਹਨੇਰਾ ਹੈ। ਸੋਸ਼ਲ ਮੀਡੀਆ ਦੀ ਵਰਤੋਂ ਕਰਦੇ-ਕਰਦੇ ਅਸੀਂ ਇਸ ਤੋਂ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਇਹ ਬੁਰੀ ਗੱਲ ਨਹੀਂ। ਪਹਿਲੇ ਇਸ ਤਰ੍ਹਾਂ ਦੀਆਂ ਫ਼ਿਲਮਾਂ 'ਤੇ ਸੈਂਸਰ ਬੋਰਡ ਦੁਆਰਾ ਰੋਕ ਲਾਈ ਜਾਂਦੀ ਸੀ, ਜਿਹੜੀਆਂ ਸਮਾਜ ਵਾਸਤੇ ਹਾਨੀਕਾਰਕ ਹੁੰਦੀਆਂ ਸਨ। ਪਰ ਅੱਜ ਸੋਸ਼ਲ ਮੀਡੀਆ 'ਤੇ ਬਿਨਾਂ ਰੋਕ-ਟੋਕ ਤੋਂ ਇਸ ਤਰ੍ਹਾਂ ਦੀਆਂ ਘਟੀਆ ਰੀਲਾਂ ਪਾਈਆਂ ਜਾ ਰਹੀਆਂ ਹਨ। ਪਰਿਵਾਰ ਨਾਲ ਤਾਂ ਕੀ ਵੇਖਣਾ, ਤੁਹਾਨੂੰ ਇਕੱਲਿਆਂ ਨੂੰ ਵੀ ਵੇਖਦਿਆਂ ਸ਼ਰਮ ਆਉਂਦੀ ਹੈ। ਬਹੁਤ ਵਾਰ ਚਿਹਰਿਆਂ 'ਤੇ ਨਹੀਂ ਕਿਰਦਾਰਾਂ 'ਤੇ ਵੀ ਫਿਲਟਰ ਲੱਗੇ ਹੁੰਦੇ ਹਨ। ਪਰ ਰੀਲ ਦੀ ਜ਼ਿੰਦਗੀ ਤੇ ਰੀਅਲ ਜ਼ਿੰਦਗੀ 'ਚ ਬਹੁਤ ਫ਼ਰਕ ਹੁੰਦਾ ਹੈ। ਇਹ ਸਭ ਕੁਝ ਪਰਦੇ 'ਤੇ ਹੀ ਚੰਗਾ ਲਗਦਾ ਹੈ ਪਰ ਘਰਾਂ ਵਿਚ ਨਹੀਂ। ਰੋਜ਼ੀ-ਰੋਟੀ ਕਮਾਉਣ ਦੇ ਚੱਕਰ ਵਿਚ ਬਹੁਤ ਸਾਰੇ ਲੋਕ ਆਪਣੀ ਮਰਿਆਦਾ ਨੂੰ ਭੁੱਲੀ ਜਾ ਰਹੇ ਹਨ। ਉਹ ਨੰਗੇਜ਼, ਲੱਚਰਤਾ ਅਤੇ ਅਸ਼ਲੀਲਤਾ ਨੂੰ ਹੀ ਆਜ਼ਾਦੀ ਸਮਝਦੇ ਹਨ ਅਤੇ ਪੈਸਾ ਕਮਾਉਣ ਦੇ ਚੱਕਰ ਵਿਚ ਛੋਟੇ ਤੋਂ ਛੋਟੇ ਕੱਪੜੇ ਪਾ ਕੇ ਇਸ ਤਰ੍ਹਾਂ ਦੇ ਐਕਸ਼ਨ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਖ਼ਾਸ ਕਰਕੇ ਨੌਜਵਾਨ ਪੀੜ੍ਹੀ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਘਟੀਆ ਰੀਲਾਂ ਨੂੰ ਏਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿ ਬਣਾਉਣ ਵਾਲਿਆਂ ਦੇ ਹੌਸਲੇ ਹੋਰ ਵਧ ਰਹੇ ਹਨ। ਉਨ੍ਹਾਂ ਦੇ ਏਨੇ ਵਿਊ ਵਧ ਰਹੇ, ਜਿਨ੍ਹਾਂ ਨਾਲ ਉਨ੍ਹਾਂ ਨੂੰ ਮੋਟੀ ਕਮਾਈ ਹੁੰਦੀ ਹੈ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਦਾ ਅਸਰ ਸਮਾਜ ਤੇ ਬੱਚਿਆਂ ਦੇ ਭਵਿੱਖ 'ਤੇ ਕੀ ਪੈਂਦਾ ਹੈ।
ਅਸ਼ਲੀਲ ਰੀਲਾਂ ਸਮਾਜ ਵਿਚ ਹਿੰਸਕਤਾ ਫੈਲਾਉਂਦੀਆਂ ਹਨ ਅਤੇ ਨਸ਼ੇ ਨੂੰ ਸੱਦਾ ਦਿੰਦੀਆਂ ਹਨ। ਪਿਛਲੇ ਦਿਨੀਂ ਇਸ ਤਰ੍ਹਾਂ ਦੀਆਂ ਰੀਲਾਂ ਬਣਾਉਣ ਵਾਲੀ ਔਰਤ ਦਾ ਕਤਲ ਕਰ ਦਿੱਤਾ ਗਿਆ। ਕਈ ਜਗ੍ਹਾ 'ਤੇ ਇਨ੍ਹਾਂ ਰੀਲਾਂ ਦਾ ਮਾੜਾ ਅਸਰ ਹੋ ਰਿਹਾ ਹੈ ਤੇ ਲੋਕ ਇਸ ਤਰ੍ਹਾਂ ਦੇ ਲੋਕਾਂ ਦਾ ਬਾਈਕਾਟ ਕਰ ਰਹੇ ਹਨ। ਗੰਦੀਆਂ ਰੀਲਾਂ ਬਣਾਉਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਜੇ ਉਹ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਦਾ ਵੀ ਹਾਲ ਕਮਲ ਕੌਰ ਵਰਗਾ ਹੋਵੇਗਾ। ਉਸ ਦੇ ਕਤਲ ਤੋਂ ਲੋਕਾਂ ਨੇ ਸਬਕ ਲਿਆ ਹੈ ਤੇ ਨੰਗੇਜ਼ ਨੂੰ ਥੋੜ੍ਹੀ ਜਿਹੀ ਠੱਲ੍ਹ ਪਈ ਨਜ਼ਰ ਆਉਂਦੀ ਹੈ। ਇਹ ਜ਼ਰੂਰੀ ਵੀ ਹੈ, ਲੋਕਾਂ ਨੂੰ ਕਦੀ ਵੀ ਆਪਣੀਆਂ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਨੂੰ ਭੁੱਲਣਾ ਨਹੀਂ ਚਾਹੀਦਾ।
ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਅਸੀਂ ਜਵਾਨ ਹੋ ਗਏ ਹਾਂ, ਸਾਨੂੰ ਹੁਣ ਵੱਡਿਆਂ ਤੇ ਮਾਂ-ਬਾਪ ਦੀ ਕੋਈ ਜ਼ਰੂਰਤ ਨਹੀਂ ਹੈ। ਬੱਸ ਇਹ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਭੁੱਲ ਹੈ, ਜਿਸ ਦਾ ਖਿਮਿਆਜ਼ਾ ਉਹ ਸਾਰੀ ਉਮਰ ਭੁਗਤਦੇ ਹਨ। ਰੀਲਾਂ 'ਤੇ ਵਿਊ ਲੈਣ ਦੇ ਚੱਕਰ ਵਿਚ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਮਾਂ-ਪੁੱਤ ਤੇ ਪਿਉ-ਧੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਰੀਲਾਂ ਬਣਾ ਰਹੇ ਹਨ ਜਿਨ੍ਹਾਂ ਨੂੰ ਵੇਖ ਕੇ ਆਪਣੇ-ਆਪ ਸਿਰ ਨੀਵਾਂ ਹੋ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਰਿਸ਼ਤਿਆਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਭਰੇ ਬਾਜ਼ਾਰ ਵਿਚ ਵੇਚ ਕੇ ਪੈਸਾ ਕਮਾਇਆ ਜਾ ਰਿਹਾ ਹੈ। ਗ਼ਲਤ ਤਰੀਕਿਆਂ ਨਾਲ ਕਮਾਇਆ ਗਿਆ ਪੈਸਾ ਹਮੇਸ਼ਾ ਗ਼ਲਤ ਕੰਮਾਂ 'ਤੇ ਹੀ ਲੱਗਦਾ ਹੈ। ਇਸ ਲਈ ਸਾਨੂੰ ਨੇਕ ਤੇ ਇਮਾਨਦਾਰੀ ਦੀ ਕਿਰਤ ਕਰਨੀ ਚਾਹੀਦੀ ਹੈ।
ਚਾਹੇ ਅਸੀਂ ਕਿੰਨਾ ਵੀ ਮਾਡਰਨ ਹੋ ਜਾਈਏ ਪਰ ਲੋਕ ਇੱਜ਼ਤ ਸਾਦਗੀ ਦੀ ਕਰਦੇ ਹਨ। ਆਧੁਨਿਕ ਅਤੇ ਮਾਡਰਨ ਹੋਣਾ ਕੋਈ ਗ਼ਲਤ ਗੱਲ ਨਹੀਂ, ਪਰ ਪੈਸੇ ਦੀ ਖ਼ਾਤਰ ਆਪਣੇ ਸਰੀਰ ਨੂੰ ਦਿਖਾ ਕੇ ਮੋਟੀ ਕਮਾਈ ਕਰਨੀ ਬੜੀ ਸ਼ਰਮ ਵਾਲੀ ਗੱਲ ਹੈ। ਇਸ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ। ਬੱਚੇ ਮਾਂ-ਬਾਪ ਦੇ ਕਹਿਣੇ ਵਿਚ ਨਹੀਂ ਹਨ। ਦਿਨ-ਬ-ਦਿਨ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਘਰਾਂ ਦੇ ਘਰ ਉੱਜੜ ਰਹੇ ਹਨ। ਨੌਜਵਾਨ ਪੀੜ੍ਹੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੋ ਰਹੀ ਹੈ। ਹੱਤਿਆ ਦੇ ਨਾਲ-ਨਾਲ ਗ਼ਲਤ ਕਦਮ ਚੁੱਕਣੇ ਵੀ ਵਧ ਰਹੇ ਹਨ। ਇਨ੍ਹਾਂ ਸਭ ਬੁਰਾਈਆਂ ਦਾ ਮੁੱਖ ਕਾਰਨ ਸੋਸ਼ਲ ਮੀਡੀਆ ਦੀ ਦੁਰਵਰਤੋਂ ਹਨ, ਜਿਸ 'ਤੇ ਨਕੇਲ ਕੱਸਣ ਦੀ ਲੋੜ ਹੈ। ਇਸ ਦੇ ਵਿਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਗਿਆਨ ਦਾ ਸਾਗਰ ਹੈ, ਚੁਣਨ ਵਾਲੇ ਤਾਂ ਇਸ ਤੋਂ ਮੋਤੀ ਕੱਢ ਲਿਆਉਂਦੇ ਹਨ, ਪਰ ਬਹੁਤੇ ਲੋਕ ਇਸ ਦਾ ਲਾਭ ਉਠਾਉਣ ਦੀ ਬਜਾਏ, ਰਿਸ਼ਤਿਆਂ ਨੂੰ ਹੀ ਤਾਰ-ਤਾਰ ਕਰ ਰਹੇ ਹਨ। ਸਮਾਜ ਗੰਧਲਾ ਹੋ ਰਿਹਾ ਹੈ ਅਤੇ ਸਾਨੂੰ ਜਾਗਣ ਦੀ ਲੋੜ ਹੈ ਤਾਂ ਕਿ ਇਸ ਦਾ ਸਹੀ ਇਸਤੇਮਾਲ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਜਾਵੇ।
ਮੋਬਾਈਲ : 98782-49994