07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਤੋਹਫ਼ਾ ਦੇਣ ਦੀ ਕਲਾ

Ad Position 21
No active advertisement
ਅਜੀਤ ਡੈਸਕ 04-09-2025

 ਤੋਹਫ਼ਾ ਇਕ ਨਵਾਂ ਰਿਸ਼ਤਾ ਜੋੜਨ ਦਾ ਅਤੇ ਰਿਸ਼ਤੇ ਨੂੰ ਗੂੜ੍ਹਾ ਕਰਨ ਦਾ ਸਭ ਤੋਂ ਪਿਆਰਾ ਢੰਗ ਹੈ। ਕਿਸੇ ਆਪਣੇ ਨੂੰ ਤੋਹਫ਼ਾ ਦਿੰਦੇ ਸਮੇਂ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ। ਇਕ ਅਮੁੱਲ ਪਿਆਰ ਉਸ ਤੋਹਫ਼ੇ ਵਿਚ ਪਰੋਇਆ ਹੁੰਦਾ ਹੈ। ਤੋਹਫ਼ਾ ਦੇਣ ਵਾਲੇ ਦਾ ਫ਼ਰਜ਼ ਹੈ। ਤੋਹਫ਼ਾ ਦੇਣ ਵਾਲਾ ਤੋਹਫ਼ੇ ਲੈਣ ਵਾਲੇ ਦੀ ਭਾਵਨਾਵਾਂ ਦਾ ਅਨੁਮਾਨ ਦਿੰਦੇ ਸਮੇਂ ਸਹਿਜੇ ਲਗਾ ਲੈਂਦੇ ਹਨ। ਤੋਹਫ਼ਾ ਦਿੰਦੇ ਸਮੇਂ ਉਮਰ, ਮੌਕਾ ਅਤੇ ਰਿਸ਼ਤੇ ਨੂੰ ਧਿਆਨ ਵਿਚ ਰੱਖਿਆ ਜਾਣਾ ਜ਼ਰੂਰੀ ਹੈ। ਇਸ ਤਰ੍ਹਾਂ ਜ਼ਰੂਰੀ ਨਹੀਂ ਕਿ ਕੀਮਤੀ ਤੋਹਫ਼ਾ ਹੀ ਚੰਗਾ ਤੋਹਫ਼ਾ ਹੋ ਸਕਦਾ ਹੈ। ਤੋਹਫ਼ਾ ਜੇਕਰ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤਾ ਜਾਵੇ ਤਾਂ ਉਸ ਦੀ ਕੀਮਤ ਕਈ ਗੁਣਾ ਵਧ ਜਾਂਦੀ ਹੈ, ਜਿਵੇਂ ਕਿਸੇ ਨੂੰ ਕੁਝ ਇਕੱਠੇ ਕਰਨ ਦਾ ਸ਼ੌਕ ਹੈ, ਜੇਕਰ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਤਾਂ ਉਸ ਦੇ ਮਿਊਜ਼ੀਅਮ ਵਿਚ ਇਕ ਹੋਰ ਵਾਧਾ ਕਰ ਸਕਦੇ ਹੋ। ਤੋਹਫ਼ਾ ਦਿੰਦੇ ਸਮੇਂ ਤੋਹਫ਼ਾ ਸੁੰਦਰ ਢੰਗ ਨਾਲ ਪੈਕ ਕਰਕੇ ਦਿਓ, ਜਿਸ ਨਾਲ ਲੈਣ ਵਾਲਾ ਖੋਲ੍ਹਦੇ ਸਮੇਂ ਕਈ ਅਨੁਮਾਨ ਲਗਾਉਂਦਾ ਰਹੇ।

ਬੱਚਿਆਂ ਨੂੰ ਬੱਚਿਆਂ ਦੀ ਉਮਰ ਅਨੁਸਾਰ ਚਾਕਲੇਟ, ਪਸੰਦੀਦਾ ਬਿਸਕੁਟ, ਰੰਗ ਕਰਨ ਵਾਲੀਆਂ ਪੁਸਤਕਾਂ, ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ, ਛੋਟੀਆਂ ਛੋਟੀਆਂ ਗੇਮਾਂ ਆਦਿ ਦੇ ਸਕਦੇ ਹੋ। ਅੱਲ੍ਹੜਾਂ ਨੂੰ ਉਨ੍ਹਾਂ ਦੀ ਪਸੰਦ ਦੇ ਗਾਣਿਆਂ ਦੀ ਕੈਸੇਟ, ਸੀ.ਡੀ., ਡੀ.ਵੀ.ਡੀ., ਮੁਟਿਆਰਾਂ ਨੂੰ ਛੋਟੇ-ਛੋਟੇ ਗਹਿਣੇ, ਕਾਸਟਮੈਟਿਕ ਦਾ ਸਾਮਾਨ, ਅੱਲ੍ਹੜ ਮੁੰਡਿਆਂ ਨੂੰ ਪਰਫਿਊਮ, ਸੁੰਦਰ ਰੁਮਾਲ, ਉਨ੍ਹਾਂ ਦੀ ਉਮਰ ਅਨੁਸਾਰ ਗਿਆਨ ਵਧਾਉਣ ਵਾਲੀਆਂ ਪੁਸਤਕਾਂ, ਸੁੰਦਰ ਲਿਖਣ ਵਾਲੇ ਪੈਡ ਤੇ ਵਧੀਆ ਪੈਨ ਆਦਿ ਦੇ ਸਕਦੇ ਹੋ।
ਨਵੀਂ ਵਿਆਹੀ ਨੂੰ ਘਰ 'ਚ ਕੰਮ ਆਉਣ ਵਾਲੀਆਂ ਚੀਜ਼ਾਂ, ਰਸੋਈ ਘਰ ਦਾ ਸਾਮਾਨ ਜਾਂ ਨਕਦ ਵੀ ਦੇ ਸਕਦੇ ਹੋ, ਜਿਸ ਨਾਲ ਉਹ ਆਪਣੀ ਜ਼ਰੂਰਤ ਦਾ ਸਾਮਾਨ ਲੈ ਸਕੇ। ਵੱਡੇ ਲੋਕਾਂ ਨੂੰ ਖ਼ਾਸ ਉਨ੍ਹਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਹੀ ਕੋਈ ਤੋਹਫ਼ਾ ਦਿਓ ਕਿਉਂਕਿ ਉਨ੍ਹਾਂ ਨੂੰ ਤੋਹਫ਼ੇ ਲੈਣ ਦਾ ਮੌਕਾ ਘੱਟ ਮਿਲਦਾ ਹੈ। ਉਮਰ ਦੇ ਨਾਲ ਮੌਕੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਤੋਹਫ਼ਾ ਲੈਂਦੇ ਸਮੇਂ ਕਿਸ ਮੌਕੇ 'ਤੇ ਤੁਸੀਂ ਤੋਹਫ਼ਾ ਦੇਣਾ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਤੋਹਫ਼ਾ ਖ਼ਰੀਦੋ। ਵਿਆਹ ਮੌਕੇ ਕਿਸੇ ਵੱਡੇ ਡਿਪਾਰਟਮੈਂਟਲ ਸਟੋਰ ਦਾ ਕੈਸ਼ ਵਾਊਚਰ ਦੇ ਸਕਦੇ ਹੋ, ਜਿਸ ਨੂੰ ਜ਼ਰੂਰਤ ਪੈਣ 'ਤੇ ਉਹ ਖ਼ਰੀਦਦਾਰੀ ਕਰ ਸਕੇ ਜਾਂ ਫਿਰ ਰਸੋਈ ਵਿਚ ਕੰਮ ਆਉਣ ਦਾ ਸਾਮਾਨ ਅਤੇ ਘਰ ਵਿਚ ਅਨੋਖੀ ਸਜਾਵਟ ਕਰਨ ਵਾਲਾ ਸਾਮਾਨ ਦੇ ਸਕਦੇ ਹੋ।
ਮਕਾਨ ਦੇ ਸ਼ੁੱਭ ਮਹੂਰਤ 'ਤੇ ਰਿਸ਼ਤੇ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਨਕਦੀ ਵੀ ਦੇ ਸਕਦੇ ਹੋ। ਸੁੰਦਰ ਬੈੱਡਸ਼ੀਟ, ਕੁਸ਼ਨ ਕਵਰ, ਟੇਬਲ ਲਿਨਨ, ਕੋਈ ਭਾਂਡੇ ਦਾ ਆਧੁਨਿਕ ਸੈੱਟ ਜਾਂ ਛੋਟਾ ਸੋਨੇ ਦਾ ਗਹਿਣਾ ਆਦਿ ਵੀ ਦੇ ਸਕਦੇ ਹੋ, ਪਰ ਤੋਹਫ਼ਾ ਦਿੰਦੇ ਸਮੇਂ ਆਪਣੀ ਜੇਬ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਉਧਾਰ ਲੈ ਕੇ ਕੀਮਤੀ ਤੋਹਫ਼ਾ ਦੇਣਾ ਵੀ ਬੇਵਕੂਫ਼ੀ ਹੈ।
ਤੋਹਫ਼ਾ ਦਿੰਦੇ ਸਮੇਂ ਤੁਸੀਂ ਜਿਸ ਰਿਸ਼ਤੇ ਵਜੋਂ ਤੋਹਫ਼ਾ ਦੇ ਰਹੇ ਹੋ, ਉਸ ਨੂੰ ਵੀ ਅਹਿਮੀਅਤ ਦਿਓ। ਨਣਦਾਂ ਨੂੰ ਤੋਹਫ਼ਾ ਦਿੰਦੇ ਸਮੇਂ ਕੁਝ ਆਮ ਲੋਕਾਂ ਤੋਂ ਜ਼ਿਆਦਾ ਕਰਨਾ ਚਾਹੀਦਾ, ਕਿਉਂਕਿ ਉਹ ਘਰ ਦੀਆਂ ਬੇਟੀਆਂ ਹਨ। ਉਨ੍ਹਾਂ ਨੂੰ ਤੁਹਾਡੇ ਤੋਹਫ਼ੇ ਕਰਕੇ ਸਹੁਰੇ ਘਰ ਸ਼ਰਮਿੰਦਗੀ ਨਾ ਚੁੱਕਣੀ ਪਵੇ।
ਆਪਣੇ ਭੈਣ ਭਰਾਵਾਂ ਵਿਚਾਲੇ ਰਸਮੀ ਜਿਹੇ ਨਾ ਬਣੋ, ਸਗੋਂ ਸਪੱਸ਼ਟ ਗੱਲ ਕਰਕੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਤੋਹਫ਼ਾ ਚੁਣੋ। ਮਿੱਤਰਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਰਿਸ਼ਤੇ ਅਨੁਸਾਰ ਤੋਹਫ਼ਾ ਦਿਓ। ਮਾਤਾ-ਪਿਤਾ, ਸੱਸ-ਸਹੁਰੇ ਨੂੰ ਤੋਹਫ਼ਾ ਉਨ੍ਹਾਂ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਦਿਓ ਜਿਵੇਂ ਸਰਦੀਆਂ ਵਿਚ ਗਰਮ ਕੱਪੜੇ, ਕੰਬਲ, ਗਰਮ ਇੰਨਰਸ, ਹੀਟਿੰਗ ਪੈਡਸ, ਗਰਮ ਹਵਾ ਦੇਣ ਵਾਲੇ ਪੱਖੇ ਆਦਿ।
ਇਸ ਤਰ੍ਹਾਂ ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੇਕਰ ਤੋਹਫ਼ੇ ਦੀ ਚੋਣ ਕੀਤੀ ਜਾਵੇ ਤਾਂ ਤੁਹਾਡਾ ਤੋਹਫ਼ਾ ਸੋਨੇ 'ਤੇ ਸੁਹਾਗੇ ਦਾ ਕੰਮ ਕਰੇਗਾ ਅਤੇ ਕੋਈ ਵੀ ਤੁਹਾਡੀ ਸਮਝ ਦੀ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕੇਗਾ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਦੀ ਆਦਤ : ਜਿੰਨੀ ਛੇਤੀ, ਓਨੀ ਚੰਗੀ ਅਗਲੀ ਖ਼ਬਰ ਆਲੂ ਦੇ ਸਵਾਦੀ ਪਕਵਾਨ
Ad Position 24