07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

'ਵਰਕ ਫ਼ਰਾਮ ਹੋਮ' ਬਦਲ ਰਿਹੈ ਔਰਤਾਂ ਦੀ ਦਿਸ਼ਾ ਤੇ ਦਸ਼ਾ

Ad Position 21
No active advertisement
ਅਜੀਤ ਡੈਸਕ 04-09-2025

ਪਿਛਲੇ ਕੁਝ ਸਾਲਾਂ ਵਿਚ 'ਵਰਕ ਫ਼ਰਾਮ ਹੋਮ' ਭਾਵ ਆਪਣੀ ਆਮਦਨ ਵਧਾਉਣ ਲਈ 'ਘਰ ਬੈਠੇ ਹੀ ਵਿੱਤੀ ਲਾਭ ਯੋਗ ਕੰਮ ਕਰਨ' ਦੇ ਸੰਕਲਪ ਨੇ ਇਕ ਨਵੀਂ ਦਿਸ਼ਾ ਲੈ ਲਈ ਹੈ ਤੇ ਇਹ ਲਾਭਕਾਰੀ ਸੰਕਲਪ ਔਰਤਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਜਿੱਥੇ ਦੁਨੀਆ ਨੇ ਡਿਜੀਟਲ ਕੰਮ ਦੀ ਸੰਭਾਵਨਾ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ,ਉੱਥੇ ਇਸ ਨੇ ਘਰੇਲੂ ਔਰਤਾਂ ਲਈ ਵੀ ਕਈ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ। ਕੁਝ ਲੋਕਾਂ ਦੇ ਮਨ ਵਿਚ ਇਹ ਸਵਾਲ ਪੈਦਾ ਹੋ ਗਿਆ ਹੈ ਕਿ 'ਘਰ ਤੋਂ ਕੰਮ' ਕਰਨ ਦੇ ਸੰਕਲਪ ਵਿਚ ਔਰਤਾਂ ਦੀ ਸ਼ਮੂਲੀਅਤ ਅਤੇ ਰਫ਼ਤਾਰ ਇੰਨੀ ਤੇਜ਼ ਕਿਉਂ ਹੋ ਗਈ ਹੈ? ਕੀ ਇਹ ਮਹਿਲਾਵਾਂ ਲਈ ਪੈਦਾ ਹੋਏ ਕੁਝ ਵਾਧੂ ਮੌਕੇ ਹਨ? ਆਓ ਇਨ੍ਹਾ ਸਵਾਲਾਂ ਦੇ ਜਵਾਬ ਖੋਜੀਏ :
ਡਿਜੀਟਲ ਕ੍ਰਾਂਤੀ ਨੇ ਦਿੱਤੀ ਆਜ਼ਾਦੀ : ਆਧੁਨਿਕ ਤਕਨਾਲੋਜੀ ਅਤੇ ਇੰਟਰਨੈੱਟ ਦੀ ਵਰਤੋਂ ਨੇ ਔਰਤਾਂ ਨੂੰ ਘਰ ਬੈਠਿਆਂ ਹੀ ਕੰਮ ਕਰਨ ਦੀ ਆਜ਼ਾਦੀ ਦੇ ਦਿੱਤੀ ਹੈ। ਹੁਣ ਔਰਤਾਂ ਨੂੰ ਆਪਣੇ ਘਰ ਦੀ ਚਿੰਤਾ ਕਰਦਿਆਂ ਹੋਇਆਂ ਆਪਣਾ ਕਰੀਅਰ ਖ਼ਤਮ ਕਰਨ ਜਾਂ ਆਪਣੇ ਸੁਪਨੇ ਨਹੀਂ ਛੱਡਣ ਦੀ ਲੋੜ ਨਹੀ੍ਹਂ ਪੈਂਦੀ ਹੈ। ਫ਼੍ਰੀਲਾਂਸਿੰਗ, ਆਨਲਾਈਨ ਕੋਚਿੰਗ, ਕੰਟੈਂਟ ਰਚਨਾ, ਬਲਾੱਗਿੰਗ, ਵਾਇਸ ਓਵਰ ਗ਼ਾਫ੍ਰਿਕ ਡਿਜ਼ਾਈਨਿੰਗ ਜਿਹੇ ਕਈ ਨਵੇਂ ਫ਼ਾਇਦੇਮੰਦ ਕਾਰਜ ਔਰਤਾਂ ਨੂੰ ਭਾਰੀ ਲਾਭ ਪਹੁੰਚਾ ਰਹੇ ਹਨ।
ਘਰੇਲੂ ਜ਼ਿੰਮੇਵਾਰੀਆਂ ਨਾਲ ਸੰਤੁਲਨ : ਵਰਕ ਫ਼ਰਾਮ ਹੋਮ ਦੇ ਸੰਕਲਪ ਨੇ ਔਰਤਾਂ ਨੂੰ ਆਪਣੇ ਘਰ ਦੀ ਸੰਭਾਲ ਕਰਦੇ ਹੋਏ ਆਰਥਿਕ ਆਜ਼ਾਦੀ ਹਾਸਿਲ ਕਰਨ ਦਾ ਮੌਕਾ ਦਿੱਤਾ ਹੈ। ਉਹ ਹੁਣ ਬੱਚਿਆਂ ਦੀ ਪਰਵਰਿਸ਼ ਕਰਨ, ਖਾਣਾ ਪਕਾਉਣ, ਕੱਪੜੇ, ਬਰਤਨ ਅਤੇ ਘਰ ਦੇ ਹੋਰ ਜ਼ਰੂਰੀ ਕੰਮ ਕਰਨ ਅਤੇ ਆਪਣੇ ਬੱਚਿਆਂ ਤੇ ਦੂਜੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਬਾਖ਼ੂਬੀ ਕਰਨ ਦੇ ਨਾਲ-ਨਾਲ ਆਪਣੇ ਕਰੀਅਰ ਰੂਪੀ ਕਾਰਜਾਂ ਨੂੰ ਵੀ ਸਮਾਂ ਦੇ ਰਹੀਆਂ ਹਨ ਤੇ ਆਪਣੇ ਬੱਚਿਆਂ ਨੂੰ ਬਿਹਤਰ ਭਵਿੱਖ ਪ੍ਰਦਾਨ ਕਰਨ ਲਈ ਪਰਿਵਾਰ ਦੀ ਵਿੱਤੀ ਸਥਿਤੀ ਸੁਧਾਰਨ ਹਿਤ ਆਪਣਾ ਯੋਗਦਾਨ ਵੀ ਪਾ ਰਹੀਆਂ ਹਨ।
ਸਰੀਰਕ ਅਤੇ ਮਾਨਸਿਕ ਸਿਹਤ ਤੇ ਵਧਦਾ ਦਬਾਅ : ਵਰਕ ਫ਼ਰਾਮ ਹੋਮ ਨੇ ਜਿੱਥੇ ਘਰੇਲੂ ਔਰਤਾਂ ਨੂੰ ਕਈ ਸਾਰੇ ਲਾਭ ਪ੍ਰਦਾਨ ਕੀਤੇ ਹਨ,ਉੱਥੇ ਹੀ ਉਨ੍ਹਾ ਲਈ ਕਈ ਨਵੀਆਂ ਮੁਸ਼ਕਿਲਾਂ ਵੀ ਪੈਦਾ ਕਰ ਦਿੱਤੀਆਂ ਹਨ। ਹਕੀਕਤ ਤਾਂ ਇਹ ਹੈ ਕਿ ਘਰ ਤੋਂ ਕੰਮ ਕਰਦਿਆਂ ਔਰਤਾਂ ਤੇਜ਼ ਰਫ਼ਤਾਰ ਨਾਲ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਦੀ ਇਸ ਤੇਜ਼ ਰਫ਼ਤਾਰੀ ਦੇ ਕਾਰਨ ਇਸ ਪ੍ਰਕਾਰ ਹਨ : = ਘਰ ਦੀਆਂ ਜ਼ਿੰਮੇਵਾਰੀਆਂ ਅਤੇ ਕਮਾਈ ਦੋਵਾਂ ਨੂੰ ਨਿਭਾਉਣ ਦਾ ਦਬਾਅ, = ਸੰਬੰਧਿਤ ਕਸਟਮਰ ਜਾਂ ਕੰਪਨੀ ਦੇ ਮੁਖੀ ਵਲੋਂ ਉਮੀਦਾਂ ਵਧ ਜਾਣਾ, = ਕੁਝ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਣ ਲਈ ਸਮੇਂ ਦੀ ਘਾਟ ਹੋ ਜਾਣਾ। = ਆਤਮ-ਵਿਸ਼ਵਾਸ ਦੀ ਕਮੀ ਨੂੰ ਪੂਰਾ ਕਰਨ ਲਈ ਜੱਦੋ-ਜਹਿਦ।
ਮਾਨਸਿਕ ਸਿਹਤ ਤੇ ਪ੍ਰਭਾਵ : ਵਰਕ ਫ਼ਰਾਮ ਹੋਮ ਦੀ ਤੇਜ਼ ਰਫ਼ਤਾਰੀ ਨਾਲ ਸੰਬੰਧਿਤ ਔਰਤਾਂ ਦੀ ਮਾਨਸਿਕ ਸਿਹਤ ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਔਰਤਾਂ ਨੂੰ ਆਲਨਾਈਨ ਮਿਲਣ ਵਾਲੇ ਕੰਮ ਲਈ 24 ਘੰਟੇ ਤਿਆਰ ਰਹਿਣਾ ਪੈਂਦਾ ਹੈ। ਉਨ੍ਹਾਂ ਲਈ ਕੰਮ ਦੇ ਸਮੇਂ ਅਤੇ ਘਰ ਦੇ ਸਮੇਂ ਦੀ ਲਕੀਰ ਧੁੰਦਲੀ ਹੁੰਦੀ ਜਾ ਰਹੀ ਹੈ। ਇਸ ਨਾਲ ਥਕਾਵਟ, ਆਰਥਿਕ ਦਬਾਅ ਅਤੇ ਮਨੋਵਿਗਿਆਨਕ ਤਣਾਅ ਵਧ ਰਿਹਾ ਹੈ।
ਘਟ ਰਿਹਾ ਹੈ 'ਮੀ-ਟਾਈਮ' ਦਾ ਸੰਕਲਪ : ਤੁਰੰਤ ਰਿਸਪਾਂਸ,ਜ਼ਿਆਦਾ ਆਊਟਪੁਟ ਅਤੇ ਘਰ ਦੇ ਕੰਮਾਂ ਨੇ ਔਰਤਾਂ ਦੀ ਆਪਣੀ ਜ਼ਿੰਦਗੀ ਤੋਂ 'ਮੀ-ਟਾਈਮ' ਭਾਵ ਆਪਣੇ ਲਈ ਵਕਤ ਵਾਲਾ ਸੰਕਲਪ ਲਗਭਗ ਖੋਹ ਹੀ ਲਿਆ ਹੈ।ਹੁਣ ਘਰ ਅਤੇ ਰੁਜ਼ਗਾਰ ਦੇ ਕੰਮ ਦੇ ਤਾਣੇ ਬਾਣੇ ਕਰਕੇ ਨਾ ਤਾਂ ਉਹ ਆਰਾਮ ਕਰ ਸਕਦੀਆਂ ਹਨ,ਨਾ ਹੀ ਆਪਣੇ ਮਨਪਸੰਦ ਸ਼ੌਕ ਨੂੰ ਸਮਾਂ ਦੇ ਸਕਦੀਆਂ ਹਨ।
ਹਾਲਾਤ ਬਦਲਣ ਦੀ ਵੱਡੀ ਲੋੜ : ਔਰਤਾਂ ਲਈ ਉਪਰੋਕਤ ਹਾਲਾਤ ਕਾਫੀ ਚਿੰਤਾਜਨਕ ਹਨ ਤੇ ਇਨ੍ਹਾਂ ਹਾਲਤਾਂ ਨੂੰ ਠੀਕ ਕਰਨ ਉਨ੍ਹਾ ਦੀ ਜੀਵਨ ਅਤੇ ਕੰਮਕਾਜੀ ਸ਼ੈਲੀ ਵਿਚ ਕੁਝ ਬਦਲਾਅ ਕੀਤੇ ਜਾਣੇ ਬਹੁਤ ਲਾਜ਼ਮੀ ਹਨ ਜੋ ਇਸ ਪ੍ਰਕਾਰ ਹਨ : * ਵਰਕ ਲਾਈਫ ਬੈਲੈਂਸ ਨੂੰ ਲਾਗੂ ਕਰਨਾ। * ਘਰ ਦੇ ਮੈਂਬਰਾਂ ਵੱਲੋਂ ਸਹਿਯੋਗ ਲੈਣਾ। * ਕੰਮ ਦੇ ਸਮੇਂ ਦੀ ਸਪਸ਼ਟ ਹੱਦ। * ਮੀ ਟਾਈਮ ਲਈ ਸਮਾਂ ਨਿਸ਼ਚਿਤ ਕਰਨਾ। * ਕੰਮ ਦੀ ਰਫ਼ਤਾਰ ਨੂੰ ਆਪਣੀ ਸਹੂਲਤ ਅਨੁਸਾਰ ਢਾਲਣਾ।
ਤਕਨੀਕ ਦੇ ਨਾਲ ਸੰਵੇਦਨਾ ਵੀ ਜ਼ਰੂਰੀ : ਅਖ਼ੀਰ 'ਤੇ ਇਹ ਕਹਿਣਾ ਬਣਦਾ ਹੈ ਕਿ ਘਰ ਤੋਂ ਕੰਮ ਕਰਨਾ ਇਕ ਵਡੀ ਕੰਮਕਾਜੀ ਕ੍ਰਾਂਤੀ ਹੈ, ਪਰ ਜਦ ਤੱਕ ਇਸ ਨੂੰ ਸੰਵੇਦਨਸ਼ੀਲ ਢੰਗ ਨਾਲ ਨਾ ਅਪਣਾਇਆ ਜਾਵੇ ਤਾਂ ਇਹ ਔਰਤਾਂ ਲਈ ਸਹੂਲਤ ਦੀ ਥਾਂ ਇਕ ਖ਼ਤਰਨਾਕ ਦਬਾਅ ਬਣ ਸਕਦੀ ਹੈ।
ਘਰ ਤੋਂ ਕੰਮ ਕਰਨ ਦੀ ਰਾਹਤ ਨੇ ਜਿੱਥੇ ਔਰਤਾਂ ਲਈ ਦਰਵਾਜ਼ੇ ਖੋਲ੍ਹੇ ਹਨ, ਉੱਥੇ ਇਸ ਦੀ ਬੇਹੱਦ ਤੇਜ਼ ਰਫ਼ਤਾਰ ਉਨ੍ਹਾਂ ਲਈ ਨਵੀਆਂ ਚੁਣੌਤੀਆਂ ਵੀ ਲੈ ਕੇ ਆਈ ਹੈ। ਆਉਣ ਵਾਲੇ ਸਮੇਂ ਵਿਚ ਜੇਕਰ 'ਵਰਕ ਫ਼ਰਾਮ ਹੋਮ' ਦੇ ਸੰਕਲਪ ਨੂੰ ਇਕ ਸਥਿਰ ਅਤੇ ਸੁਖਦਾਈ ਤਰੀਕੇ ਨਾਲ ਅਪਣਾਇਆ ਗਿਆ ਤਾਂ ਇਹ ਔਰਤਾਂ ਦੀ ਆਜ਼ਾਦੀ ਅਤੇ ਖੁਸ਼ਹਾਲੀ ਲਈ ਇਕ ਨਵਾਂ ਅਧਿਆਇ ਲਿਖ ਸਕਦਾ ਹੈ।

-ਕਰੀਅਰ ਕੰਸਲਟੈਂਟ, ਮੋਬਾ:78883 24465

Ad Position 22
No active advertisement
ਪਿਛਲੀ ਖ਼ਬਰ ਚਿਹਰੇ 'ਤੇ ਨਿਖਾਰ ਲਿਆਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ ਅਗਲੀ ਖ਼ਬਰ ਸਫ਼ਾਈ ਦੀ ਆਦਤ : ਜਿੰਨੀ ਛੇਤੀ, ਓਨੀ ਚੰਗੀ
Ad Position 24