06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬੈਂਗਣ, ਭਿੰਡੀ ਤੇ ਮਿਰਚਾਂ ਦੇ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ

Ad Position 21
No active advertisement
ਅਜੀਤ ਡੈਸਕ 23-09-2025

ਬੈਂਗਣ
ਫ਼ਲ ਤੇ ਲਗਰਾਂ ਦੀ ਸੁੰਡੀ: ਇਸ ਦੇ ਹਮਲੇ ਕਾਰਨ ਲਗਰਾਂ ਕੁਮਲਾ ਕੇ ਹੇਠਾਂ ਨੂੰ ਡਿਗ ਪੈਂਦੀਆਂ ਹਨ। ਇਹ ਸੁੰਡੀ ਫੁੱਲਾਂ ਅਤੇ ਬੈਂਗਣਾਂ ਦੇ ਫ਼ਲਾਂ 'ਤੇ ਵੀ ਹਮਲਾ ਕਰ ਕੇ ਉਨ੍ਹਾਂ ਨੂੰ ਕਾਣੇ ਕਰ ਦਿੰਦੀ ਹੈ। ਜਿਵੇਂ ਹੀ ਸੁੰਡੀ ਦਾ ਹਮਲਾ ਸ਼ੁਰੂ ਹੋਵੇ ਤਾਂ 100-125 ਲਿਟਰ ਪਾਣੀ ਵਿਚ 80 ਮਿਲੀਲਿਟਰ ਕੋਰਾਜਨ 18.5 ਐਸ.ਸੀ. (ਕਲੋਰਐਂਟਰਾਨੀਲੀਪਰੋਲ) ਜਾਂ 80 ਗ੍ਰਾਮ ਪ੍ਰੋਕਲੇਮ 5 ਐਸ.ਜੀ. (ਐਮਾਮੈਕਟਿਨਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ.ਸੀ. (ਫੈਨਵਲਰੋਟ) ਜਾਂ 200 ਮਿਲੀਲਿਟਰ ਰਿਪਕਾਰਡ 10 ਈ.ਸੀ. (ਸਾਈਪਰਮੈਥਰਿਨ) ਜਾਂ 160 ਮਿਲੀਲਿਟਰ ਡੈਸਿਸ 2.8 ਈ.ਸੀ. (ਡੈਲਟਾਮੈਬਰਿਨ) ਦੇ 3-4 ਛਿੜਕਾਅ 14 ਦਿਨ ਦੇ ਵਕਫ਼ੇ 'ਤੇ ਕਰੋ। ਇਕੋ ਗੁਰੱਪ ਦੀਆਂ ਰਸਾਇਣਾਂ ਵਾਰ-ਵਾਰ ਨਹੀਂ ਵਰਤਣੀਆਂ ਚਾਹੀਦੀਆਂ। ਪ੍ਰੋਕਲੇਮ ਦੇ ਛਿੜਕਾਅ ਤੋਂ ਬਾਅਦ 3 ਦਿਨ ਅਤੇ ਕੋਰਾਜ਼ਨ ਦੇ ਛਿੜਕਾਅ ਤੋਂ ਬਾਅਦ 7 ਦਿਨ ਤੱਕ ਫ਼ਲ ਨਾ ਤੋੜੋ।
ਚਿੱਟੀ ਮੱਖੀ: ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਪੱਤਿਆਂ ਦੇ ਹੇਠਲੇ ਪਾਸੋਂ ਰਸ ਚੂਸਦੇ ਹਨ, ਜਿਸ ਕਾਰਨ ਪੱਤਿਆਂ 'ਤੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਬੂਟੇ ਕੁਮਲਾ ਜਾਂਦੇ ਹਨ। ਪੱਤਿਆਂ 'ਤੇ ਕਾਲੇ ਰੰਗ ਦੀ ਉੱਲੀ ਲੱਗ ਜਾਂਦੀ ਹੈ, ਜਿਸ ਨਾਲ ਪੱਤੇ ਦੀ ਭੋਜਨ ਬਣਾਉਣ ਦੀ ਤਾਕਤ ਘਟ ਜਾਂਦੀ ਹੈ। ਬੈਂਗਣ 'ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਇਕਨਾਮਿਕ ਥਰੈਸ਼ਹੋਲਡ (ਆਰਥਿਕ ਕਗਾਰ) ਦਾ ਜਦੋਂ ਬਾਲਗ ਪ੍ਰਤੀ ਪੱਤਾ ਹੋ ਜਾਵੇ ਤਾਂ ਛਿੜਕਾਅ ਕਰਨਾ ਚਾਹੀਦਾ ਹੈ। ਸ਼ੁਰੂਆਤੀ ਹਮਲੇ 'ਚ ਇਕ ਤੋਂ ਦੋ ਛਿੜਕਾਅ 1200 ਮਿਲੀਲਿਟਰ ਪੀ.ਏ.ਯੂ. ਨਿੰਮ ਦਾ ਘੋਲ ਜਾਂ 1500 ਮਿਲੀਲਿਟਰ ਮੱਕੀ/ ਚਰੀ/ ਬਾਜਰੇ ਦਾ ਰਸ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਜ਼ਿਆਦਾ ਹਮਲਾ ਹੋਣ ਦੀ ਸੁਰਤ ਵਿਚ 200 ਗ੍ਰਾਮ ਪੈਗਾਸਸ 50 ਡਬਲਯ.ਪੀ. (ਡਾਇਫੈਨਥੀਯਰੋਨ) ਪ੍ਰਤੀ ਏਕੜ ਦੇ ਹਿਸਾਬ ਨਾਲ 100-125 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਪੈਗਾਸਸ 50 ਡਬਲਯੂ.ਪੀ. ਦੇ ਛਿੜਕਾਅ ਤੋਂ ਬਾਅਦ ਇਕ ਦਿਨ ਤੱਕ ਫ਼ਲ ਨਾ ਤੋੜੋ।
ਹੱਡਾ ਭੂੰਡੀ: ਇਸ ਕੀੜੇ ਦੇ ਬਾਲਗ ਅਤੇ ਬੱਚੇ ਪੱਤੇ ਨੂੰ ਖ਼ੁਰਚ ਕੇ ਖਾ ਜਾਂਦੇ ਹਨ, ਜੋ ਬਾਅਦ ਵਿਚ ਸੁੱਕ ਕੇ ਡਿਗ ਜਾਂਦੇ ਹਨ। ਹਮਲੇ ਵਾਲੇ ਪੱਤੇ ਕੀੜੇ ਦੇ ਬਾਲਗ ਅਤੇ ਬੱਚਿਆਂ ਸਮੇਤ ਤੋੜ ਕੇ ਨਸ਼ਟ ਕਰ ਦਿਓ।

ਭਿੰਡੀ
ਚਿਤਕਬਰੀ ਸੁੰਡੀ: ਇਹ ਸੁੰਡੀ ਮਈ ਤੋਂ ਸਤੰਬਰ ਦੇ ਮਹੀਨੇ ਹਮਲਾ ਕਰਦੀ ਹੈ, ਜਿਸ ਕਾਰਨ ਲਗਰਾਂ ਕੁਮਲਾ ਜਾਂਦੀਆਂ ਹਨ ਅਤੇ ਸੁੱਕ ਕੇ ਡਿਗ ਪੈਂਦੀਆਂ ਹਨ। ਸੁੰਡੀ ਫ਼ਲਾਂ 'ਤੇ ਹਮਲਾ ਕਰ ਕੇ ਉਨ੍ਹਾਂ ਵਿਚ ਮੋਰ੍ਹੀਆਂ ਕਰ ਦਿੰਦੀ ਹੈ। ਜਦੋਂ ਆਰਥਿਕ ਕਗਾਰ ਇਕ ਫ਼ੀਸਦੀ ਤੋਂ ਵੱਧ ਕਾਣੇ ਫ਼ਲ ਹੋ ਜਾਣ ਤਾਂ ਕਿਸੇ ਇਕ ਕੀਟਨਾਸ਼ਕ ਦਾ ਛਿੜਕਾਅ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਕਰੋ- 50 ਮਿਲੀਲਿਟਰ ਕੋਰਾਜਨ 18.5 ਐਸ.ਸੀ. (ਕਲੋਰਐਂਟਰਾਨੀਲੀਪਰੋਲ) ਜਾਂ 200 ਮਿਲੀਲਿਟਰ ਸੁਮੀਪਲੀਓ 10 ਈ.ਸੀ. (ਪਰਿਡਾਲਾਈਲ) ਜਾਂ 70 ਗ੍ਰਾਮ ਪ੍ਰੋਕਲੇਮ 5 ਐਸ.ਜੀ. (ਐਮਾਮੈਕਟਿਨਬੈਂਜੋਏਟ) ਜਾਂ 100 ਮਿਲੀਲਿਟਰ ਸੁਮੀਸੀਡੀਨ 20 ਈ.ਸੀ. (ਫੈਨਵੈਲਰੇਟ)। ਛਿੜਕਾਅ ਕਰਨ ਤੋਂ ਪਹਿਲਾਂ ਸਾਰੇ ਫ਼ਲ ਤੋੜ ਲਓ। ਮੂਢੀ ਕਪਾਹ ਅਤੇ ਹੌਲੀਹੌਕ ਦੇ ਉੱਗੇ ਬੂਟੇ ਪੁੱਟ ਦਿਓ ਕਿਉਂਕਿ ਇਹ ਕੀੜਾ ਇਸ ਬੂਟੇ 'ਤੇ ਰਹਿੰਦਾ ਹੈ। ਹਮਲੇ ਵਾਲੇ ਫ਼ਲ ਲਗਾਤਾਰ ਤੋੜ ਕੇ ਜ਼ਮੀਨ ਵਿਚ ਡੂੰਘੇ ਦੱਬ ਦਿਓ।
ਤੇਲਾ (ਜੇਸਿਡ): ਇਹ ਕੀੜਾ ਭਿੰਡੀ ਦੀ ਫ਼ਸਲ 'ਤੇ ਮਈ ਤੋਂ ਸਤੰਬਰ ਤੱਕ ਹਮਲਾ ਕਰਦੇ ਹਨ। ਇਸ ਦੇ ਬਾਲਗ ਤੇ ਬੱਚੇ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਕਾਰਨ ਪੱਤੇ ਕਿਨਾਰਿਆਂ ਤੋਂ ਪੀਲੇ ਹੋ ਜਾਂਦੇ ਹਨ ਅਤੇ ਉੱਪਰ ਵੱਲ ਮੁੜ ਕੇ ਠੂਠੀ ਬਣ ਜਾਂਦੇ ਹਨ, ਜੋ ਬਾਅਦ ਵਿਚ ਸੁੱਕ ਕੇ ਡਿਗ ਜਾਂਦੇ ਹਨ। ਇਸ ਕੀੜੇ ਦੀ ਰੋਕਥਾਮ ਲਈ ਆਰਥਿਕ ਕਗਾਰ ਜਦੋਂ 4 ਬੱਚੇ ਪ੍ਰਤੀ ਪੱਤਾ ਹੋ ਜਾਵੇ ਤਾਂ ਹੇਠ ਦੱਸੇ ਕਿਸੇ ਇਕ ਕੀਟਨਾਸ਼ਕ ਦਾ ਛਿੜਕਾਅ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਕਰੋ- 80 ਮਿਲੀਲਿਟਰ ਇਕੋਟਿਨ 5% (ਨਿੰਮ ਆਧਾਰਿਤ ਕੀਟਨਾਸ਼ਕ) ਜਾਂ 2000 ਮਿਲੀਲਿਟਰ ਪੀ.ਏ.ਯੂ. ਨਿੰਮ ਦਾ ਘੋਲ। ਜੇ ਹਮਲਾ ਵੱਧ ਹੋਵੇ ਤਾਂ 40 ਮਿਲੀਲਿਟਰ ਕਾਨਫੀਡੋਰ 17.8 ਐੱਸ.ਐੱਲ. (ਇਮੀਡਾਕਲੋਪਰਿਡ) ਜਾਂ 40 ਗ੍ਰਾਮ ਐਕਟਾਰਾ 25 ਡਬਲਯੂ.ਜੀ. (ਥਾਇਆਮੈਥੋਕਸਮ) ਜਾਂ 560 ਮਿਲੀਲਿਟਰ ਮੈਲਾਥੀਆਨ 50 ਈ.ਸੀ. ਜਾਂ 100 ਮਿਲੀਲਿਟਰ ਸੁਮੀਸੀਡੀਨ 20 ਮਿਲੀਲਿਟਰ ਸਲਰਟ) ਦਾ ਛਿੜਕਾਅ ਕਰੋ। ਪੀ.ਏ.ਯੂ. ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ 'ਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੇ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੇ।
ਚਿੱਟੀ ਮੱਖੀ: ਚਿੱਟੀ ਮੱਖੀ ਦੇ ਬਾਲਗ ਤੇ ਬੱਚੇ ਕਿੰਡੀ ਦੇ ਪੱਤਿਆਂ ਦਾ ਰਸ ਚੂਸਦੇ ਹਨ। ਜੁਲਾਈ ਤੋਂ ਸਤੰਬਰ ਦੇ ਮਹੀਨੇ ਇਸ ਕੀੜੇ ਦਾ ਹਮਲਾ ਵਧੇਰੇ ਹੁੰਦਾ ਹੈ। 80 ਮਿਲੀਲਿਟਰ ਇਕੋਟਿਨ 5% (ਨਿੰਮ ਆਧਾਰਿਤ ਕੀਟਨਾਸ਼ਕ) ਜਾਂ 2000 ਮਿਲੀਲਿਟਰ ਪੀ.ਏ.ਯੂ. ਨਿੰਮ ਦੇ ਘੋਲ ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਛਿੜਕਾਅ ਕਰਨ ਤੋਂ ਪਹਿਲਾਂ ਸਾਰੇ ਫ਼ਲ ਤੋੜ ਲਓ। ਜਿਨ੍ਹਾਂ ਨਦੀਨਾਂ 'ਤੇ ਚਿੱਟੀ ਮੱਖੀ ਪਲਦੀ ਹੈ, ਉਨ੍ਹਾਂ ਨਦੀਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।

ਮਿਰਚਾਂ
ਫ਼ਲ ਦਾ ਗੜੂੰਆਂ: ਇਹ ਹਾਨੀਕਾਰਕ ਕੀੜਾ ਕਈ ਫ਼ਸਲਾਂ ਦਾ ਨੁਕਸਾਨ ਕਰਦਾ ਹੈ ਜਿਵੇਂ ਕਿ ਟਮਾਟਰ, ਛੋਲੇ, ਬਰਸੀਮ ਆਦਿ। ਇਸ ਦੀਆਂ ਸੁੰਡੀਆਂ ਫ਼ਲ ਵਿਚ ਛੇਕ ਕਰਕੇ ਫ਼ਲ ਨਸ਼ਟ ਕਰ ਦਿੰਦੀਆਂ ਹਨ। ਕਾਣੇ ਫ਼ਲ ਤੋੜ ਕੇ ਜ਼ਮੀਨ 'ਚ ਦਬਾ ਦਿਓ। ਛਿੜਕਾਅ ਕਰਨ ਤੋਂ ਪਹਿਲਾਂ ਤਿਆਰ /ਪੱਕੇ ਫ਼ਲ ਤੋੜ ਲਓ। ਇਸ ਦੀ ਰੋਕਥਾਮ ਲਈ 50 ਮਿਲੀਲਿਟਰ ਕੋਰਾਜਨ 18.5 ਐੱਸ.ਸੀ. (ਕਲੋਰਐਂਟਰਾਨੀਲੀਪਰੋਲ) ਜਾਂ 50 ਮਿਲੀਲਿਟਰ ਟਰੇਸਰ 45 ਐੱਸਸੀ (ਸਪਾਈਨੋਸੈਡ) ਜਾਂ 250 ਮਿਲੀਲਿਟਰ ਰੀਜੈਂਟ 5 ਐੱਸਸੀ (ਫਿਪਰੋਨਿਲ) ਨੂੰ 100 ਲਿਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਥ੍ਰਿੱਪ: ਇਸ ਕੀੜੇ ਦੇ ਬੱਚੇ ਅਤੇ ਬਾਲਗ ਪੱਤਿਆਂ ਨੂੰ ਖ਼ੁਰਚ ਕੇ ਰਸ ਚੂਸਦੇ ਹਨ, ਜਿਸ ਕਾਰਨ ਬੂਟਿਆਂ ਦੇ ਵਾਧੇ 'ਤੇ ਅਸਰ ਪੈਂਦਾ ਹੈ। ਰੋਕਥਾਮ ਲਈ 250 ਮਿਲੀਲਿਟਰ ਰੀਜੈਂਟ 5 ਐਸਸੀ (ਫਿਪਰੋਨਿਲ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਚਿੱਟੀ ਮੱਖੀ: ਇਹ ਇਕ ਬਹੁ-ਫ਼ਸਲੀ ਕੀੜਾ ਹੈ। ਇਸ ਦੇ ਬੱਚੇ ਅਤੇ ਬਾਲਗ ਪੱਤਿਆਂ ਦੇ ਹੇਠਲੇ ਪਾਸੋਂ ਰਸ ਚੂਸਦੇ ਹਨ, ਜਿਸ ਕਾਰਨ ਫ਼ਲ ਘੱਟ ਲਗਦਾ ਹੈ। ਰੋਕਥਾਮ ਲਈ 160 ਮਿਲੀਲਿਟਰ ਪਾਈਰੀਪਰਾਕਸੀਫਿਨ 10 ਈਸੀ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਚੇਪਾ: ਇਸ ਕੀੜੇ ਦੇ ਬਾਲਗ ਅਤੇ ਬੱਚੇ ਪੱਤਿਆਂ ਦਾ ਰਸ ਚੂਸਦੇ ਹਨ। ਬੂਟਿਆਂ ਦੇ ਟੂਸੇ ਕੁਮਲਾਅ ਜਾਂਦੇ ਹਨ ਅਤੇ ਝਾੜ ਘਟਦਾ ਹੈ। ਰੋਕਥਾਮ ਲਈ 250 ਮਿਲੀਲਿਟਰ ਰੀਜੈਂਟ 5 ਐਸਸੀ (ਫਿਪਰੋਨਿਲ) ਜਾਂ 160 ਮਿਲੀਲਿਟਰ ਪਾਈਰੀਪਰਾਕਸੀਫਿਨ 10 ਈਸੀ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।

-ਸਬਜ਼ੀ ਵਿਗਿਆਨ ਵਿਭਾਗ,
ਪੀ.ਏ.ਯੂ. ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਰੁੱਖਾਂ ਵਿਚ ਖੁੰਬਾਂ ਅਗਲੀ ਖ਼ਬਰ ਬਰਸੀਮ ਵਿਚ ਅਮਰਵੇਲ ਦੀ ਸਮੱਸਿਆ ਅਤੇ ਰੋਕਥਾਮ
Ad Position 24
No active advertisement