06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬਰਸੀਮ ਵਿਚ ਅਮਰਵੇਲ ਦੀ ਸਮੱਸਿਆ ਅਤੇ ਰੋਕਥਾਮ

Ad Position 21
No active advertisement
ਅਜੀਤ ਡੈਸਕ 23-09-2025

ਪੰਜਾਬ ਵਿਚ ਬਰਸੀਮ ਹਾੜ੍ਹੀ ਦੀ ਸਭ ਤੋਂ ਮੁੱਖ ਚਾਰੇ ਵਾਲੀ ਫ਼ਸਲ ਹੈ। ਇਸ ਦੀ ਕਾਸ਼ਤ ਲਗਭਗ 2.25 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ ਅਤੇ ਇਹ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ ਬਹੁਤ ਪੌਸ਼ਟਿਕ ਅਤੇ ਸੁਆਦੀ ਚਾਰੇ ਦੀਆਂ ਕਈ ਕਟਾਈਆਂ ਦੇਣ ਦੀ ਸਮਰੱਥਾ ਰੱਖਦੀ ਹੈ। ਬਰਸੀਮ ਵਿਚ ਕਾਸ਼ਨੀ, ਇੱਟਸਿੱਟ, ਜੰਗਲੀ ਹਾਲੋਂ, ਘੂੰਈ ਆਦਿ ਨਦੀਨ ਪਾਏ ਜਾਂਦੇ ਹਨ, ਜਿਸ ਨਾਲ ਫ਼ਸਲ ਦੇ ਵਾਧੇ ਅਤੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਚਾਰੇ ਦੀ ਗੁਣਵੱਤਾ ਵੀ ਘਟਦੀ ਹੈ। ਪਿਛਲੇ ਕੁਝ ਸਾਲਾਂ ਵਿਚ ਦੇਖਿਆ ਗਿਆ ਹੈ ਕਿ ਬਰਸੀਮ ਵਿਚ ਅਮਰਵੇਲ ਦੀ ਸਮੱਸਿਆ ਬਹੁਤ ਆਉਣ ਲੱਗ ਪਈ ਹੈ, ਜਿਸ ਕਰਕੇ ਬਰਸੀਮ ਦੇ ਚਾਰੇ ਦਾ ਝਾੜ ਤਾਂ ਘਟਦਾ ਹੀ ਹੈ, ਨਾਲ ਚਾਰੇ ਦੀ ਕਟਾਈ 'ਚ ਵੀ ਸਮੱਸਿਆ ਆਉਂਦੀ ਹੈ।
ਅਮਰਵੇਲ ਇੱਕ ਪੀਲੇ ਰੰਗ ਦੇ ਤਣੇ ਵਾਲਾ (ਪੱਤਿਆਂ ਤੋਂ ਸੱਖਣਾ) ਪਰਜੀਵੀ ਬੂਟਾ/ਨਦੀਨ ਹੈੈ। ਅਮਰਵੇਲ ਦੇ ਬੀਜਾਂ ਨੂੰ ਉੱਗਣ ਲਈ ਕਿਸੇ ਖਾਸ ਰਸਾਇਣ/ਉਤੇਜਕ ਦੀ ਲੋੜ ਨਹੀਂ ਹੁੰਦੀ। ਇਸ ਦੀ ਪ੍ਰਭਾਵਸ਼ਾਲੀ ਰੋਕਥਾਮ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਇਸ ਦੇ ਬੀਜ ਸਖ਼ਤ ਹੁੰਦੇ ਹਨ ਅਤੇ ਕਈ ਸਾਲਾਂ ਤੱਕ ਮਿੱਟੀ 'ਚ ਜੀਵਤ ਰਹਿ ਸਕਦੇ ਹਨ। ਇਸ ਤੋਂ ਇਲਾਵਾ ਮੇਜ਼ਬਾਨ ਅਤੇ ਪਰਜੀਵੀ ਵਿਚਕਾਰ ਲਗਾਅ ਅਤੇ ਸੰਬੰਧ ਦੀ ਪ੍ਰਕਿਰਤੀ ਲਈ ਫ਼ਸਲ ਨੂੰ ਨੁਕਸਾਨ ਪਹੁੰਚਾਏ ਬਿਨਾਂ ਪਰਜੀਵੀ ਨੂੰ ਨਸ਼ਟ ਕਰਨ ਲਈ ਇਕ ਬਹੁਤ ਹੀ ਚੋਣਵੇਂ ਨਦੀਨਨਾਸ਼ਕ ਦੀ ਲੋੜ ਹੁੰਦੀ ਹੈ। ਇਸ ਲਈ ਕਈ ਕਾਸ਼ਤਕਾਰੀ ਤਰੀਕੇ ਜਿਵੇਂ ਕਿ ਸਾਫ਼ ਬੀਜ, ਸਟੇਲ ਬੈੱਡ, ਫ਼ਸਲੀ ਵਿਭਿੰਨਤਾ ਆਦਿ ਦਾ ਧਿਆਨ ਰੱਖ ਕੇ ਇਸ ਨਦੀਨ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।
ਅਮਰਵੇਲ ਦੇ ਬੀਜ ਲੁਸਣ ਤੇ ਬਰਸੀਮ ਵਰਗੀਆਂ ਫ਼ਸਲਾਂ ਦੇ ਬੀਜਾਂ 'ਚ ਰਲੇ ਹੋਣ ਕਾਰਨ ਖੇਤਾਂ 'ਚ ਪਹੁੰਚਦੇ ਹਨ। ਸਿੱਟੇ ਵਜੋਂ ਅਮਰਵੇਲ ਦੀ ਜ਼ਿਆਦਾਤਰ ਸਮੱਸਿਆ ਫ਼ਸਲ ਦੇ ਬੀਜ ਅਤੇ ਮਨੁੱਖੀ ਲਾਪਰਵਾਹੀ ਤੋਂ ਪੈਦਾ ਹੁੰਦੀ ਹੈ। ਇਸ ਦਾ ਬੀਜ ਆਮ ਤੌਰ 'ਤੇ ਮਿੱਟੀ ਅਤੇ ਖੇਤੀ ਸੰਦਾਂ ਦੀ ਗਤੀ ਦੁਆਰਾ ਜਾਂ ਜੁੱਤੀਆਂ ਅਤੇ ਟਾਇਰਾਂ ਨਾਲ ਲੱਗੀ ਮਿੱਟੀ ਵਿਚ ਜਾਂ ਸੰਕਰਮਿਤ ਬੂਟਿਆਂ ਦੀ ਢੋਆ-ਢੁਆਈ ਰਾਹੀਂ ਫੈਲਦਾ ਹੈ।
ਸਟੇਲ ਬੈੱਡ: ਅਨੁਕੂਲ ਹਾਲਤ ਵਿਚ ਅਮਰਵੇਲ ਦੇ ਬੀਜ ਮੇਜ਼ਬਾਨ ਬੂਟੇ ਤੋਂ ਬਿਨਾਂ ਉੱਗਦੇ ਹਨ ਅਤੇ ਮੇਜ਼ਬਾਨ ਦੀ ਅਣਹੋਂਦ ਵਿਚ ਅੱਠ ਦਿਨਾਂ ਬਾਅਦ ਬੂਟੇ ਮਰ ਜਾਂਦੇ ਹਨ। ਬੀਜ ਉੱਗਣ ਤੋਂ ਬਾਅਦ ਪਰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਵਾਹੀ ਜਾਂ ਗ਼ੈਰ-ਚੋਣਵੇਂ ਨਦੀਨਨਾਸ਼ਕਾਂ (ਗਲਾਈਫੋਸੇਟ ਜਾਂ ਪੈਰਾਕੁਆਟ) ਦਾ ਛਿੜਕਾਅ ਅਮਰਵੇਲ ਦੇ ਹਮਲੇ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ ਅਮਰਵੇਲ ਛਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ। ਇਸ ਲਈ ਫ਼ਸਲ ਉਤਪਾਦਨ ਤਕਨੀਕਾਂ ਜੋ ਫ਼ਸਲ ਵਿਕਾਸ ਦੇ ਪੱਖ ਵਿਚ ਹੋਣ ਨੂੰ ਅਪਣਾ ਕੇ ਅਮਰਵੇਲ ਦੇ ਵਾਧੇ ਨੂੰ ਦਬਾਇਆ ਜਾ ਸਕਦਾ ਹੈ। ਹਾਲਾਂਕਿ ਜੇਕਰ ਅਮਰਵੇਲ ਦਾ ਜ਼ੋਰਦਾਰ ਹਮਲਾ ਫ਼ਸਲ ਦੇ ਚੰਗੀ ਤਰ੍ਹਾਂ ਸਥਾਪਤ ਹੋਣ ਤੋਂ ਪਹਿਲਾਂ ਹੀ ਹੋ ਜਾਵੇ ਤਾਂ ਇਹ ਤਕਨੀਕ ਬੇਅਸਰ ਹੋਵੇਗੀ। ਅਮਰਵੇਲ ਨੂੰ ਉੱਗਣ ਦੇਣ ਅਤੇ ਫਿਰ ਇਸ ਨੂੰ ਖੇਤ ਵਿਚ ਵਾਹ ਕੇ ਨਸ਼ਟ ਕਰਨ ਨਾਲ ਕੁਝ ਪੱਧਰ ਤੱਕ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਸਰਲ ਤੇ ਪ੍ਰਭਾਵਸ਼ਾਲੀ ਤਰੀਕਾ- ਹੱਥ ਨਾਲ ਖਿੱਚ ਕੇ ਪੁੱਟਣਾ ਹੈ। ਇਸ ਅਭਿਆਸ ਵਿਚ ਪ੍ਰਭਾਵਿਤ ਮੇਜ਼ਬਾਨ ਬੂਟੇ ਨੂੰ ਪਰਜੀਵੀ ਦੇ ਨਾਲ ਖਿੱਚਣਾ ਜ਼ਰੂਰੀ ਹੈ। ਜੇਕਰ ਅਮਰਵੇਲ ਦੇ ਫੁੱਲ ਅਤੇ ਬੀਜ ਪਹਿਲਾਂ ਹੀ ਬਣ ਚੁੱਕੇ ਹੋਣ ਤਾਂ ਖਿੱਚੀ ਗਈ ਸਮੱਗਰੀ ਨੂੰ ਖੇਤ 'ਚੋਂ ਹਟਾ ਦੇਣਾ ਚਾਹੀਦਾ ਹੈ ਅਤੇ ਅੰਤ ਵਿਚ ਸਾੜ ਦੇਣਾ ਚਾਹੀਦਾ ਹੈ।
ਫ਼ਸਲੀ ਵਿਭਿੰਨਤਾ: ਆਮ ਤੌਰ 'ਤੇ ਅਮਰਵੇਲ ਘਾਹ ਜਾਤੀ ਦੇ ਮੈਂਬਰਾਂ (ਫ਼ਸਲਾਂ ਤੇ ਨਦੀਨ) ਨੂੰ ਪਰਜੀਵੀ ਨਹੀਂ ਬਣਾਉਂਦਾ। ਇਸ ਲਈ ਇਸ ਨੂੰ ਫ਼ਸਲੀ ਵਿਭਿੰਨਤਾ ਦੁਆਰਾ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ। ਅਮਰਵੇਲ ਦੇ ਬੂਟੇ ਕਿਸੇ ਵੀ ਨੇੜਲੇ ਮੇਜ਼ਬਾਨ ਬੂਟੇ ਦੇ ਬਿਨਾਂ ਹੀ ਖੇਤ ਵਿਚ ਜੰਮਦੇ, ਉੱਭਰਦੇ ਹਨ ਅਤੇ ਨੇੜੇ ਕੋਈ ਵੀ ਮੇਜ਼ਬਾਨ ਬੂਟਾ ਨਾ ਮਿਲਣ 'ਤੇ ਮਰ ਜਾਂਦੇ ਹਨ। ਅਮਰਵੇਲ ਨੂੰ ਸਾਰੇ ਮੇਜ਼ਬਾਨਾਂ ਤੋਂ ਵਾਂਝਾ ਕਰਨ ਲਈ ਖੇਤ ਵਿਚ ਘਾਹ ਜਾਤੀ ਦੀਆਂ ਫ਼ਸਲਾਂ 'ਚੋਂ ਚੌੜੇ ਪੱਤਿਆਂ ਵਾਲੇ ਨਦੀਨਾਂ ਨੂੰ ਪੁੱਟ ਕੇ ਖ਼ਤਮ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅਮਰਵੇਲ ਨੂੰ ਖੇਤ ਵਿਚ ਕੋਈ ਮੇਜ਼ਬਾਨ ਬੂਟਾ ਨਾ ਮਿਲੇ ਅਤੇ ਇਸ ਦਾ ਕੋਈ ਵੀ ਬੂਟਾ ਨਵਾਂ ਬੀਜ ਪੈਦਾ ਨਾ ਕਰ ਸਕੇ। ਹਰ ਸਾਲ ਮੇਜ਼ਬਾਨ ਬੂਟਿਆਂ ਤੋਂ ਬਿਨਾਂ ਮਿੱਟੀ ਵਿਚ ਅਮਰਵੇਲ ਬੀਜ ਦਾ ਭੰਡਾਰ ਘਟ ਜਾਵੇਗਾ। ਫਿਰ ਵੀ ਅਮਰਵੇਲ ਦੇ ਕੁਝ ਸਖ਼ਤ ਬੀਜ ਆਮ ਤੌਰ 'ਤੇ ਵਿਹਾਰਕ ਰਹਿੰਦੇ ਹਨ ਅਤੇ ਕਈ ਸਾਲਾਂ ਤੱਕ ਸੰਵੇਦਨਸ਼ੀਲ ਫ਼ਸਲਾਂ ਲਈ ਇਕ ਸੰਭਾਵੀ ਸਮੱਸਿਆ ਪੇਸ਼ ਕਰਦੇ ਹਨ।
ਰਸਾਇਣਕ ਨਿਯੰਤਰਣ: ਅਮਰਵੇਲ ਇਕ ਪਰਜੀਵੀ ਬੂਟਾ ਹੈ। ਜਦ ਤੱਕ ਪ੍ਰਭਾਵਿਤ ਮੇਜ਼ਬਾਨ ਬੂਟਾ ਜੀਵਤ ਹੈ ਅਤੇ ਅਮਰਵੇਲ ਨੇ ਇਸ ਨਾਲ ਆਪਣੇ ਆਪ ਨੂੰ ਜੋੜਿਆ ਹੋਇਆ ਹੈ, ਤਦ ਤੱਕ ਅਮਰਵੇਲ ਸਲਾਮਤ ਹੈ। ਇਸ ਲਈ ਅਮਰਵੇਲ ਲਈ ਕਿਸੇ ਵੀ ਚੋਣਸ਼ੀਲ ਨਦੀਨਨਾਸ਼ਕ ਦੀ ਸਿਫ਼ਾਰਸ਼ ਨਹੀਂ ਹੈ। ਅਮਰਵੇਲ ਦੇ ਖਿੰਡੇ ਹੋਏ ਜਾਂ ਧੋੜੀਆਂ ਵਿਚ ਉੱਗੇ ਹੋਏ ਮੇਜ਼ਬਾਨ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ, ਤਾਂ ਕਿ ਅਮਰਵੇਲ ਦੇ ਬੀਜ ਉਤਪਾਦਨ ਅਤੇ ਲਾਗ ਦੇ ਵਿਸਥਾਰ ਨੂੰ ਰੋਕਿਆ ਜਾ ਸਕੇ। ਅਮਰਵੇਲ ਕਈ ਚੌੜੇ ਪੱਤਿਆਂ ਵਾਲੇ ਨਦੀਨਾਂ ਨੂੰ ਵੀ ਪਰਜੀਵੀ ਬਣਾਉਂਦਾ ਹੈ। ਆਮ ਤੌਰ 'ਤੇ ਇਨ੍ਹਾਂ ਨਦੀਨਾਂ ਦਾ ਨਿਯੰਤਰਣ ਅਮਰਵੇਲ ਦੇ ਨਿਯੰਤਰਣ ਵਿਚ ਸਹਾਇਤਾ ਕਰ ਸਕਦਾ ਹੈ। ਇਸ ਲਈ ਇਹ ਖਿਆਲ ਰੱਖਿਆ ਜਾਵੇ ਕਿ ਜਿਨ੍ਹਾਂ ਖੇਤਾਂ 'ਚ ਬਰਸੀਮ ਵਿਚ ਅਮਰਵੇਲ ਦੀ ਸਮੱਸਿਆ ਆਉਂਦੀ ਹੈ, ਉਨ੍ਹਾਂ ਖੇਤਾਂ 'ਚ ਅਗਲੇ ਕਈ ਸਾਲਾਂ ਲਈ ਚਾਰੇ ਲਈ ਜਵੀਂ ਜਾਂ ਹੋਰ ਘਾਹ ਜਾਤੀ ਦੀ ਫ਼ਸਲ ਦੀ ਬਿਜਾਈ ਕਰ ਲਈ ਜਾਵੇ ਅਤੇ ਖੇਤ ਦੀਆਂ ਵੱਟਾਂ ਤੋਂ ਵੀ ਸਾਰੇ ਚੌੜੇ ਪੱਤੇ ਵਾਲੇ ਨਦੀਨ ਖ਼ਤਮ ਕਰ ਦਿੱਤੇ ਜਾਣ। ਕਿਸਾਨਾਂ ਨੂੰ ਅਮਰਵੇਲ ਦੀ ਸਮੱਸਿਆ ਵਾਲੀ ਬਰਸੀਮ ਦੀ ਫ਼ਸਲ ਦਾ ਬੀਜ ਨਹੀ ਰੱਖਣਾ ਚਾਹੀਦਾ ਅਤੇ ਅਗਲੇ ਸਾਲ ਕਿਸੇ ਤਸੱਲੀਬਖਸ਼ ਸਰੋਤ ਤੋਂ ਨਵਾਂ ਸਾਫ਼ ਅਤੇ ਤਸਦੀਕਸ਼ੁਦਾ ਬੀਜ ਲੈਣਾ ਚਾਹੀਦਾ ਹੈ।

-ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ,
ਫ਼ਸਲ ਵਿਗਿਆਨ ਵਿਭਾਗ (ਪੀ.ਏ.ਯੂ. ਲੁਧਿਆਣਾ)।
ਮੋਬਾ: 9417702021, 9814081108

Ad Position 22
No active advertisement
ਪਿਛਲੀ ਖ਼ਬਰ ਬੈਂਗਣ, ਭਿੰਡੀ ਤੇ ਮਿਰਚਾਂ ਦੇ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਅਗਲੀ ਖ਼ਬਰ ਨਵੀਆਂ ਜੀ.ਐੱਸ.ਟੀ. ਦਰਾਂ ਦੇ ਪ੍ਰਭਾਵ
Ad Position 24
No active advertisement