06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਵੀਆਂ ਜੀ.ਐੱਸ.ਟੀ. ਦਰਾਂ ਦੇ ਪ੍ਰਭਾਵ

Ad Position 21
No active advertisement
ਅਜੀਤ ਡੈਸਕ 23-09-2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਦੋਂ ਵੀ ਅਚਾਨਕ ਕੋਈ ਐਲਾਨ ਕੀਤੇ ਜਾਣ ਦੀ ਖ਼ਬਰ ਆਉਂਦੀ ਹੈ ਕਿ ਉਹ ਰਾਸ਼ਟਰ ਦੇ ਨਾਂਅ ਸੰਦੇਸ਼ ਦੇਣ ਵਾਲੇ ਹਨ ਤਾਂ ਕੁਝ ਸਨਸਨੀ ਜਿਹੀ ਫੈਲ ਜਾਂਦੀ ਹੈ। ਅਜਿਹਾ ਹੋਵੇ ਵੀ ਕਿਉਂ ਨਾ, ਕਿਉਂਕਿ ਅਜਿਹੇ ਹੀ ਇਕ ਸੰਦੇਸ਼ ਦੌਰਾਨ ਉਨ੍ਹਾਂ ਪੂਰੇ ਦੇਸ਼ ਨੂੰ ਨੋਟਬੰਦੀ ਦੀ ਘੁੰਮਣਘੇਰੀ ਵਿਚ ਫਸਾ ਦਿੱਤਾ ਸੀ ਜਿਸ ਤੋਂ ਦੇਸ਼ ਅਜੇ ਤੱਕ ਪੂਰੀ ਤਰ੍ਹਾਂ ਨਿਕਲ ਨਹੀਂ ਸਕਿਆ। ਇਸ ਲਈ ਹੁਣ ਜਦੋਂ ਇਹ ਖ਼ਬਰ ਆਈ ਕਿ ਮੋਦੀ ਜੀ ਕੋਈ ਸੰਦੇਸ਼ ਪ੍ਰਸਾਰਿਤ ਕਰਨ ਵਾਲੇ ਹਨ ਤਾਂ ਲੋਕਾਂ ਨੇ ਦਿਮਾਗ ਦੌੜਾਉਣੇ ਸ਼ੁਰੂ ਕਰ ਦਿੱਤੇ। ਕੁਝ ਲੋਕ ਤਾਂ ਨਿੱਜੀ ਗੱਲਬਾਤ ਦੌਰਾਨ ਪੁੱਛਣ ਲੱਗੇ ਕਿ, ਕੀ ਮੋਦੀ ਜੀ ਅੱਜ ਅਸਤੀਫਾ ਵੀ ਦੇ ਸਕਦੇ ਹਨ। ਲੋਕਾਂ ਦਾ ਖਿਆਲ ਸੀ ਕਿ 75 ਸਾਲ ਪੂਰੇ ਹੋ ਜਾਣ 'ਤੇ ਮੋਦੀ ਜੀ ਆਪਣੇ ਅਸਤੀਫੇ ਨੂੰ ਵੀ ਇਕ ਹਥਿਆਰ ਵਾਂਗ ਵਰਤ ਸਕਦੇ ਹਨ ਕਿਉਂਕਿ ਆਰ.ਐੱਸ.ਐੱਸ. ਜਾਂ ਭਾਜਪਾ ਕੋਲ ਉਨ੍ਹਾਂ ਦਾ ਕੋਈ ਬਦਲ ਨਾ ਹੋਣ ਕਰਕੇ ਜਿਵੇਂ ਹੀ ਉਨ੍ਹਾਂ ਦਾ ਅਸਤੀਫਾ ਹੋਵੇਗਾ ਤਾਂ ਭਾਜਪਾ ਨੇਤਾਵਾਂ ਦੇ ਨਾਲ-ਨਾਲ ਸੰਘ ਵੀ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਦੇ ਰਹਿਣ ਲਈ ਮਨਾਉਣ ਲੱਗਣਗੇ। ਲੋਕਾਂ ਨੂੰ ਅਜਿਹਾ ਇਸ ਲਈ ਵੀ ਲੱਗ ਰਿਹਾ ਸੀ, ਕਿਉਂਕਿ ਹਾਲ ਹੀ ਵਿਚ ਅਮਿਤ ਸ਼ਾਹ ਨੇ ਇਕ ਮੋਦੀ ਆਧਾਰਿਤ ਇੰਟਰਵਿਊ ਦਿੱਤੀ ਸੀ ਅਤੇ ਮੋਦੀ ਜੀ ਨੇ ਵੀ ਆਪਣੇ ਵਲੋਂ ਐਨ.ਡੀ.ਏ. ਦੇ ਸੰਸਦ ਮੈਂਬਰਾਂ ਸਾਹਮਣੇ ਅਮਿਤ ਸ਼ਾਹ ਦੀ ਜਾਣ-ਪਛਾਣ ਇਕ ਤਰ੍ਹਾਂ ਨਾਲ ਆਪਣੇ ਉੱਤਰਾਧਿਕਾਰੀ ਦੇ ਰੂਪ ਵਿਚ ਬਿਨਾਂ ਕਹੇ ਕਰਵਾਈ ਸੀ। ਖੈਰ, ਇਹ ਉਮੀਦ ਮੇਰੇ ਦੋਸਤਾਂ ਨੂੰ ਹੀ ਸੀ, ਮੈਨੂੰ ਨਹੀਂ!
ਮੈਂ ਤਾਂ ਸੂਤਰਾਂ ਦੇ ਹਵਾਲੇ ਨਾਲ ਚੱਲ ਰਹੀ ਉਸ ਖ਼ਬਰ 'ਤੇ ਜ਼ਿਆਦਾ ਭਰੋਸਾ ਕਰ ਰਿਹਾ ਸੀ, ਜਿਸ ਦੇ ਅਨੁਸਾਰ ਮੋਦੀ ਜੀ ਜੀ.ਐੱਸ.ਟੀ. 2.0 ਨੂੰ ਲਾਂਚ ਕਰਨ ਦਾ ਐਲਾਨ ਕਰ ਕੇ ਆਪਣੀ ਪਿੱਠ ਖ਼ੁਦ ਥਾਪੜਨ ਵਾਲੇ ਹਨ। ਹੋਇਆ ਵੀ ਇਹੀ... ਪੂਰੇ 19 ਮਿੰਟ ਤੱਕ ਮੋਦੀ ਜੀ ਲਗਾਤਾਰ ਹਮੇਸ਼ਾ ਵਾਂਗ ਦੇਸ਼ ਦੇ ਸਾਹਮਣੇ ਜੀ.ਐੱਸ.ਟੀ. ਦੇ ਨਵੇਂ ਸੰਸਕਰਣ ਦੀ ਵਿਆਖਿਆ ਕਰਦਿਆਂ ਇਸ ਨੂੰ ਉਨ੍ਹਾਂ ਲਈ ਲਾਭਕਾਰੀ ਦੱਸਦੇ ਰਹੇ। ਕਦੇ-ਕਦੇ ਨੇਤਾਵਾਂ ਦੇ ਝੂਠ ਨੂੰ 'ਡਿਕੋਡ' ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ, ਪਰ ਇਹ ਗੱਲ ਮੋਦੀ ਜੀ 'ਤੇ ਲਾਗੂ ਨਹੀਂ ਹੁੰਦੀ, ਕਿਉਂਕਿ ਉਹ ਹਿੱਕ ਥਾਪੜਕੇ ਆਪਣਾ 'ਸੱਚ' ਬੋਲਦੇ ਹਨ ਜੋ ਆਲੋਚਕਾਂ ਦੀ ਨਿਗ੍ਹਾ ਵਿਚ ਉਨ੍ਹਾਂ ਦਾ 'ਝੂਠ' ਹੁੰਦਾ ਹੈ। ਅੱਜਕਲ੍ਹ ਸਿਰਫ਼ ਇਹੀ ਇਕ ਅਜਿਹਾ ਕੰਮ ਹੈ ਜੋ ਉਹ ਨਿਧੜਕ ਹੋ ਕੇ ਕਰਦੇ ਹਨ, ਨਹੀਂ ਤਾਂ ਉਨ੍ਹਾਂ ਦੇ ਪੱਕੇ ਦੋਸਤ ਡੋਨਾਲਡ ਟਰੰਪ ਨੇ ਇਕ ਪਾਸਿਓਂ ਤੇ ਦੂਜੇ ਪਾਸੇ ਤੋਂ ਉਨ੍ਹਾਂ ਦੇ ਝੂਲਾ-ਦੋਸਤ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਉਨ੍ਹਾਂ ਨੂੰ ਦਬਾਅ ਰੱਖਿਆ ਹੈ। ਜਿਨ੍ਹਾਂ ਦੇ ਦਬਾਅ ਕਾਰਨ ਮੋਦੀ ਜੀ ਜ਼ਿਆਦਾਤਰ ਚੁੱਪ ਰਹਿੰਦੇ ਹਨ। ਖੈਰ, ਆਓ ਵੇਖੀਏ ਕਿ ਉਨ੍ਹਾਂ ਦੇ ਤਾਜ਼ੇ 19 ਮਿੰਟ ਰਾਸ਼ਟਰ ਦੇ ਨਾਂਅ ਸੰਦੇਸ਼ ਵਿਚ ਕੀ ਕੁਝ ਕਿਹਾ ਹੈ, ਕੀ ਉਨ੍ਹਾਂ ਦੇ ਸੰਬੋਧਨ ਨਾਲ ਸਾਡੀ ਸਮਝ ਭਾਰਤੀ ਰਾਜਨੀਤੀ ਅਤੇ ਅਰਥਵਿਵਸਥਾ ਦੇ ਬਾਰੇ ਵਿਚ ਕੁਝ ਵਧਦੀ ਹੈ ਜਾਂ ਨਹੀਂ?
ਦੋਸਤੋ, ਝੂਠ ਤਿੰਨ ਤਰ੍ਹਾਂ ਦੇ ਹੁੰਦੇ ਹਨ, ਪਹਿਲਾ ਉਹ ਜਿਸ ਨੂੰ ਅਸੀਂ ਮਹਿਜ਼ ਝੂਠ ਕਹਿੰਦੇ ਹਾਂ। ਦੂਸਰਾ, ਹੁੰਦਾ ਹੈ ਸਫੈਦ ਝੂਠ, ਮਤਲਬ ਜਿਸ ਦੀ ਪੋਲ ਖੁੱਲ੍ਹ ਚੁੱਕੀ ਹੁੰਦੀ ਹੈ ਫਿਰ ਵੀ ਉਹ ਬੋਲਿਆ ਜਾਂਦਾ ਹੈ। ਤੀਸਰਾ ਝੂਠ ਅੰਕੜੇ ਹੁੰਦੇ ਹਨ, ਇਹ ਥੋੜ੍ਹਾ ਜਟਿਲ ਹੁੰਦਾ ਹੈ, ਕਿਉਂਕਿ ਇਸ ਨੂੰ ਬਹੁਤ ਚਲਾਕੀ ਨਾਲ ਪਰੋਸਿਆ ਜਾਂਦਾ ਹੈ। ਮੋਦੀ ਜੀ ਨੇ ਆਪਣੇ ਭਾਸ਼ਨ ਵਿਚ ਜੋ ਝੂਠ ਬੋਲਿਆ ਹੈ ਉਹ ਅੰਕੜਿਆਂ ਦੇ ਆਧਾਰ 'ਤੇ ਘੜਿਆ ਗਿਆ ਹੈ, ਇਸ ਝੂਠ ਦੀ ਮੁੱਖ ਗੱਲ ਇਹ ਹੈ ਕਿ ਮੋਦੀ ਜੀ ਕਹਿੰਦੇ ਹਨ ਕਿ ਉਨ੍ਹਾਂ ਜੀ.ਐੱਸ.ਟੀ. ਦੀ ਦਰ ਘੱਟ ਕਰ ਦਿੱਤੀ ਹੈ, ਜਿਸ ਨਾਲ ਤਿਉਹਾਰ ਦੇ ਇਸ ਮੌਸਮ ਵਿਚ ਸਾਰਾ ਦੇਸ਼ ਬੱਚਤ ਉਤਸਵ ਮਨਾਉਣ ਦੇ ਮੂਡ ਵਿਚ ਆ ਗਿਆ ਹੈ। ਹੁਣ ਮੱਧ ਵਰਗ ਤੇ ਕਥਿਤ ਮੱਧ ਵਰਗ ਕੋਲ ਇੰਨੇ ਪੈਸੇ ਬਚ ਜਾਣਗੇ ਕਿ ਉਹ ਕਾਰ, ਦੋਪਹੀਆ ਵਾਹਨ, ਟੀਵੀ., ਫਰਿੱਜ ਤੇ ਮਕਾਨ ਆਦਿ ਖਰੀਦ ਸਕਣਗੇ। ਹੋਟਲਾਂ ਦੇ ਕਮਰੇ ਸਸਤੇ ਹੋਣ ਕਰਕੇ ਮੱਧ ਵਰਗ ਬੇਫ਼ਿਕਰ ਹੋ ਕੇ ਘੁੰਮਣ-ਫਿਰਨ ਜਾ ਸਕੇਗਾ। ਮੋਦੀ ਜੀ ਨੇ ਆਪਣੇ ਪੂਰੇ ਭਾਸ਼ਨ ਦੌਰਾਨ ਕਿਤੇ ਵੀ ਆਟਾ, ਦਾਲ-ਚਾਵਲ, ਦੁੱਧ, ਸਬਜ਼ੀ, ਪੜ੍ਹਾਈ ਲਈ ਫੀਸ, ਕਿਤੇ ਆਉਣ -ਜਾਣ ਲਈ ਵਰਤੇ ਜਾਂਦੇ ਪੈਟਰੋਲ-ਡੀਜ਼ਲ ਆਦਿ ਦਾ ਜ਼ਿਕਰ ਨਹੀਂ ਕੀਤਾ। ਜਿਵੇਂ ਕਿ ਇਹ ਚੀਜ਼ਾਂ ਤਾਂ ਡੇਢ ਅਰਬ ਭਾਰਤ ਵਾਸੀਆਂ ਨੂੰ ਆਸਾਨੀ ਨਾਲ ਮਿਲ ਰਹੀਆਂ ਹੋਣ, ਉਨ੍ਹਾਂ ਨੂੰ ਤਾਂ ਸਿਰਫ਼ 'ਲਾਈਫ ਸਟਾਈਲ ਗੁੱਡਜ਼' ਦੀ ਹੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਦਾ ਸੰਦੇਸ਼ ਸਪੱਸ਼ਟ ਰੂਪ ਵਿਚ ਕਹਿ ਰਿਹਾ ਸੀ ਕਿ ਜਿਵੇਂ ਹੀ ਮੱਧ ਵਰਗ ਇਹ ਚੀਜ਼ਾਂ ਖਰੀਦੇਗਾ ਤਾਂ ਦੇਸ਼ ਵਿਕਸਿਤ ਭਾਰਤ ਬਣਨ ਵੱਲ ਵਧਣ ਲੱਗ ਜਾਵੇਗਾ।
ਇੱਥੇ ਮੋਦੀ ਜੀ ਦੇ ਝੂਠ ਦਾ ਇਕ ਹੋਰ ਪਹਿਲੂ ਸਾਹਮਣੇ ਆਉਂਦਾ ਹੈ। ਉਹ ਸਵਦੇਸ਼ੀ ਤੇ ਆਤਮ-ਨਿਰਭਰਤਾ ਦਾ ਦਾਅਵਾ ਕਰਦਿਆਂ ਦੇਸ਼ ਦੀ ਜਨਤਾ ਨੂੰ ਇਸ ਨੂੰ ਅਪਨਾਉਣ ਦੀ ਅਪੀਲ ਕਰਦੇ ਦਿਖਾਈ ਦਿੱਤੇ, ਉਨ੍ਹਾਂ ਦੀ ਇਸ ਹਿੰਮਤ ਨੂੰ ਸਲਾਮ ਕਰਨਾ ਬਣਦਾ ਹੈ। ਉਨ੍ਹਾਂ ਜੋ ਅਰਥਵਿਵਸਥਾ ਬਣਾਈ ਹੈ, ਉਹ ਖਰਬਾਂ ਰੁਪਏ ਦਾ ਚੀਨੀ ਮਾਲ ਦਰਾਮਦ ਕਰਦੀ ਹੈ ਅਤੇ ਉਨ੍ਹਾਂ ਦੇ ਬਣਾਏ ਬਾਜ਼ਾਰ ਚੀਨੀ ਮਾਲ ਨਾਲ ਭਰੇ ਪਏ ਹਨ। ਫਿਰ ਵੀ ਮੋਦੀ ਜੀ ਦੀ ਹਿੰਮਤ ਵੇਖੋ, ਉਹ ਚੀਨੀ ਮਾਲ ਦੀ ਦਰਾਮਦ ਵੀ ਕਰਨਗੇ ਅਤੇ ਸਵਦੇਸ਼ੀ ਦੀ ਅਪੀਲ ਵੀ ਕਰਨਗੇ, ਆਤਮ-ਨਿਰਭਰਤਾ ਦੀ ਜ਼ਰੂਰਤ ਵੀ ਸਮਝਾਉਣਗੇ। ਹੋਰ ਤਾਂ ਹੋਰ, ਇਹ ਗੱਲਾਂ ਇਕ ਅਜਿਹਾ ਪ੍ਰਧਾਨ ਮੰਤਰੀ ਕਰ ਰਿਹਾ ਹੈ, ਜਿਸ ਦੀ ਕਾਰ ਤੋਂ ਲੈ ਕੇ ਐਨਕਾਂ, ਪੈੱਨ ਤੇ ਇਕ-ਇਕ ਵਰਤੀ ਜਾਣ ਵਾਲੀ ਚੀਜ਼ ਮਹਿੰਗੇ ਤੋਂ ਮਹਿੰਗੇ ਵਿਦੇਸ਼ੀ ਬਰਾਂਡਾਂ ਦੀ ਹੁੰਦੀ ਹੈ। ਜਿਸ ਬਾਰੇ ਉਨ੍ਹਾਂ ਦੀ ਪਾਰਟੀ ਵਿਚ ਦੱਬੀ ਜ਼ੁਬਾਨ ਨਾਲ ਦੱਸਿਆ ਜਾਂਦਾ ਹੈ ਕਿ ਮੋਦੀ ਜੀ ਕਿਸ ਦੇਸ਼ ਤੋਂ ਮੰਗਵਾਏ ਹੋਏ ਮਹਿੰਗੇ ਫੇਸ਼ੀਅਲ ਦੀ ਵਰਤੋਂ ਕਰਦੇ ਹਨ। ਮੰਨਣਾ ਪਵੇਗਾ ਕਿ ਝੂਠ ਉਨ੍ਹਾਂ ਵਾਂਗ ਬੇਝਿਜਕ ਹੋ ਕੇ ਹੀ ਬੋਲਣਾ ਚਾਹੀਦਾ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੋਦੀ ਜੀ ਦੇ ਮੰਤਰੀ-ਮੰਡਲ ਦੇ ਕਿੰਨੇ ਮੈਂਬਰਾਂ ਦੀਆਂ ਸੰਤਾਨਾਂ ਸਵਦੇਸ਼ੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਨ ਦੀ ਬਜਾਏ ਵਿਦੇਸ਼ਾਂ ਵਿਚ ਪੜ੍ਹਦੀਆਂ ਹਨ। ਜੇਕਰ ਕੋਈ ਇਹ ਸਵਾਲ ਪੁੱਛਣਾ ਚਾਹੇ ਤਾਂ ਇਸ ਵਿਚ ਕੋਈ ਗ਼ਲਤ ਗੱਲ ਨਹੀਂ ਹੋਵੇਗੀ ਕਿ ਉਨ੍ਹਾਂ ਨੂੰ ਨਿਪਾਲ ਦੇ ਧੀਆਂ-ਪੁੱਤਾਂ (ਨੈਪੋਕਿਡਜ਼) ਵਾਂਗ ਕਿਉਂ ਨਾ ਦੇਖਿਆ-ਸਮਝਿਆ ਜਾਵੇ। ਮੋਦੀ ਜੀ ਦੇ ਇਨ੍ਹਾਂ ਸਾਥੀ ਸੱਤਾਧਾਰੀਆਂ ਦੇ ਨੈਪੋਕਿਡਜ਼ ਦੀ ਸੂਚੀ ਕਈ ਵਾਰ ਟੀ.ਵੀ. 'ਤੇ ਸੁਣਾਈ ਜਾ ਚੁੱਕੀ ਹੈ।
ਪੂਰਾ ਸੰਦੇਸ਼ ਸੁਣਨ ਦੇ ਬਾਅਦ ਕੀ ਇਸ ਗੱਲ ਵਿਚ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਮੋਦੀ ਜੀ ਦਾ ਪੂਰਾ ਭਾਸ਼ਨ ਉਨ੍ਹਾਂ ਲੋਕਾਂ ਲਈ ਨਹੀਂ ਸੀ, ਜੋ ਆਟਾ, ਦਾਲ-ਚਾਵਲ, ਦੁੱਧ, ਸਬਜ਼ੀ, ਪੜ੍ਹਾਈ ਲਈ ਫੀਸ ਤੇ ਪੈਟਰੋਲ-ਡੀਜ਼ਲ ਜਿਹੀਆਂ ਚੀਜ਼ਾਂ ਲਈ ਰੋਜ਼ਾਨਾ ਸੰਘਰਸ਼ ਕਰਦੇ ਹਨ। ਉਨ੍ਹਾਂ ਦਾ ਭਾਸ਼ਨ ਤਾਂ ਮੱਧ ਵਰਗ ਲਈ ਜਾਂ ਮੋਦੀ ਜੀ ਦੇ ਕਾਲਪਨਿਕ ਮੱਧ ਵਰਗ ਲਈ ਸੀ, ਜਿਸ ਨੂੰ ਉਹ 'ਨਿਊਮਿਡਲ ਕਲਾਸ' ਕਹਿੰਦੇ ਹਨ। ਇਹ 25 ਕਰੋੜ ਦੀ ਜਨਸੰਖਿਆ ਵਾਲੋ ਨਿਊੋਮਿਡਲ ਕਲਾਸ ਦਰਅਸਲ ਕਾਗਜ਼ਾਂ ਵਿਚ ਹੀ ਮਿਲਦੀ ਹੈ ਅਤੇ ਇਹ ਕਾਗਜ਼ ਸਰਕਾਰ ਦੇ 'ਥਿੰਕ ਟੈਂਕ' ਨੀਤੀ ਆਯੋਗ ਨੇ ਇਕ ਅਜਿਹੀ ਦਾਅਵੇਦਾਰੀ ਦੇ ਆਧਾਰ 'ਤੇ ਤਿਆਰ ਕੀਤੇ ਹਨ, ਜਿਨ੍ਹਾਂ ਦੀ ਪੋਲ ਬਹੁਤ ਸਾਰੇ ਅਰਥਸ਼ਾਸਤਰੀ ਪਹਿਲਾਂ ਹੀ ਖੋਲ੍ਹ ਚੁੱਕੇ ਹਨ। ਜੋ ਵੀ ਹੋਵੇ, ਸਾਡੇ ਲਈ ਜ਼ਿਆਦਾ ਜ਼ਰੂਰੀ ਇਹ ਜਾਣਨਾ ਤੇ ਸਮਝਣਾ ਹੈ ਕਿ ਜੀ.ਐੱਸ.ਟੀ. ਦੀਆਂ ਦਰਾਂ ਘਟਾਉਣ ਨਾਲ ਸਾਡਾ ਦੇਸ਼ 'ਵਿਕਸਿਤ ਭਾਰਤ' ਕਿਵੇਂ ਬਣੇਗਾ? ਦਰਅਸਲ ਜੀ.ਐੱਸ.ਟੀ. ਦੀਆਂ ਜੋ ਦਰਾਂ ਹੁਣ ਘਟਾਈਆਂ ਗਈਆਂ ਹਨ, ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਸੁਧਾਰ (ਰਿਫਾਰਮਜ਼) ਨਹੀਂ ਕਿਹਾ ਜਾ ਸਕਦਾ, ਇਸ ਨੂੰ ਰਿਫਾਰਮਜ਼ ਤਾਂ ਕਿਹਾ ਜਾਂਦਾ ਜੇਕਰ ਮੋਦੀ ਜੀ ਜੀ.ਐੱਸ.ਟੀ. ਦਾ ਡਿਜ਼ਾਈਨ ਬਦਲਣ ਦੀ ਕੋਸ਼ਿਸ਼ ਕਰਦੇ। ਉਨ੍ਹਾਂ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰਦੇ, ਪਰ ਉਨ੍ਹਾਂ ਅਜਿਹਾ ਕੁਝ ਵੀ ਨਹੀਂ ਕੀਤਾ। ਦਰਅਸਲ ਜੀ.ਐੱਸ.ਟੀ. ਦੇ ਸਿਰਫ਼ ਦੋ ਪੱਧਰ ਬਣਾ ਕੇ ਟੈਕਸ ਦੀ ਦਰ ਘਟਾਉਣ ਨਾਲ ਭਾਰਤੀ ਅਰਥਵਿਵਸਥਾ ਨੂੰ ਅਤੇ ਕੁੱਲ ਮਿਲਾ ਕੇ ਸਾਡੇ ਗਰੀਬਾਂ, ਮਜ਼ਦੂਰਾਂ ਤੇ ਹੇਠਲੇ ਆਮਦਨ ਵਰਗ ਨੂੰ ਬਹੁਤ ਨੁਕਸਾਨ ਹੋਣ ਵਾਲਾ ਹੈ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੀ.ਐੱਸ.ਟੀ. ਲਾਗੂ ਹੀ ਸੰਗਠਿਤ ਖੇਤਰ 'ਤੇ ਹੁੰਦਾ ਹੈ, ਅਸੰਗਠਿਤ ਖੇਤਰ 'ਤੇ ਤਾਂ ਇਹ ਲਾਗੂ ਹੀ ਨਹੀਂ ਹੁੰਦਾ। ਅਸੀਂ ਇਹ ਵੀ ਜਾਣਦੇ ਹਾਂ ਕਿ ਭਾਰਤ ਦਾ 94 ਫ਼ੀਸਦੀ ਰੁਜ਼ਗਾਰ ਤਾਂ ਅਸੰਗਠਿਤ ਖੇਤਰ ਵਿਚ ਹੀ ਮਿਲਦਾ ਹੈ। (ਚਲਦਾ)

-ਲੇਖਕ ਅੰਬੇਡਕਰ ਯੂਨੀਵਰਸਿਟੀ ਦਿੱਲੀ ਵਿਚ
ਪ੍ਰੋਫੈਸਰ ਤੇ ਭਾਰਤੀ ਭਾਸ਼ਾਵਾਂ ਵਿਚ ਅਭਿਲੇਖਾਗਾਰੀ
ਸੋਧ ਪ੍ਰੋਗਰਾਮ ਦਾ ਨਿਰਦੇਸ਼ਕ ਰਹਿ ਚੁੱਕਾ ਹੈ।
ਸੰਪਰਕ : abhaydubey@ csds.in

Ad Position 22
No active advertisement
ਪਿਛਲੀ ਖ਼ਬਰ ਬਰਸੀਮ ਵਿਚ ਅਮਰਵੇਲ ਦੀ ਸਮੱਸਿਆ ਅਤੇ ਰੋਕਥਾਮ ਅਗਲੀ ਖ਼ਬਰ ਕਿਸਾਨ ਮੇਲਿਆਂ ਤੇ ਕੈਂਪਾਂ ਵਿਚ ਖਿੱਚ ਦਾ ਕੇਂਦਰ ਬਣਦੇ ਹਨ ਨਵੇਂ ਬੀਜ
Ad Position 24
No active advertisement