23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੱਚੀ ਕਿਰਤ ਦੇ ਅਮਰ ਪ੍ਰਤੀਕ ਭਾਈ ਲਾਲੋ

ਸੱਚੀ ਕਿਰਤ ਦੇ ਅਮਰ ਪ੍ਰਤੀਕ ਭਾਈ ਲਾਲੋ

Ad Position 21
No active advertisement
ਅਜੀਤ ਡੈਸਕ 24-09-2026

ਜਨਮ ਦਿਵਸ 'ਤੇ ਵਿਸ਼ੇਸ਼

ਸਿੱਖ ਇਤਿਹਾਸ ਮਹਾਂਪੁਰਖਾਂ ਦੀਆਂ ਜੀਵਨ-ਗਾਥਾਵਾਂ ਨਾਲ ਭਰਪੂਰ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚ, ਧਰਮ, ਇਮਾਨਦਾਰੀ, ਸੇਵਾ, ਨਿਮਰਤਾ ਤੇ ਮਨੁੱਖੀ ਬਰਾਬਰੀ ਦੇ ਸਿਧਾਂਤਾਂ ਨੂੰ  ਸਮਰਪਿਤ ਕੀਤਾ ਹੈ | ਇਨ੍ਹਾਂ ਮਹਾਨ ਸ਼ਖ਼ਸੀਅਤਾਂ 'ਚ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਨਾਂਅ ਵੀ ਬੜੇ ਸਤਿਕਾਰ ਤੇ ਸ਼ਰਧਾ ਨਾਲ ਲਿਆ ਜਾਂਦਾ ਹੈ | ਭਾਈ ਲਾਲੋ ਦਾ ਜੀਵਨ ਸਿਰਫ਼ ਸਿੱਖ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਇ ਹੀ ਨਹੀਂ, ਸਗੋਂ ਹਰ ਉਸ ਮਨੁੱਖ ਲਈ ਪ੍ਰੇਰਨਾ ਸਰੋਤ ਹੈ ਜੋ ਮਿਹਨਤ ਦੀ ਕਮਾਈ, ਸਚਾਈ ਤੇ ਮਨੁੱਖਤਾ ਨੂੰ  ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੁੰਦਾ ਹੈ | ਇਤਿਹਾਸਕ ਪਰੰਪਰਾ ਅਨੁਸਾਰ ਭਾਈ ਲਾਲੋ ਦਾ ਜਨਮ ਸੰਨ 1452 ਦੇ ਆਸ-ਪਾਸ ਸੈਦਪੁਰ ਵਿਖੇ ਭਾਈ ਜਗਤ ਰਾਮ ਤੇ ਮਾਤਾ ਖੇਮੋ ਦੇ ਘਰ ਹੋਇਆ ਮੰਨਿਆ ਜਾਂਦਾ ਹੈ | ਸੈਦਪੁਰ ਨੂੰ  ਬਾਅਦ 'ਚ ਏਮਨਾਬਾਦ ਦੇ ਨਾਂਅ ਨਾਲ ਜਾਣਿਆ ਗਿਆ | ਭਾਈ ਲਾਲੋ ਦਾ ਪਰਿਵਾਰ ਕਿਰਤ ਨਾਲ ਜੁੜਿਆ ਹੋਇਆ ਸੀ ਜਿਨ੍ਹਾਂ ਤਰਖਾਣੀ ਦੇ ਕਿੱਤੇ ਨੂੰ  ਅਪਣਾ ਕੇ ਦਸਾਂ ਨਹੁੰਆਂ ਦੀ ਕਿਰਤ ਕੀਤੀ | ਇਤਿਹਾਸਕ ਪਰੰਪਰਾ ਵਿਚ ਭਾਈ ਲਾਲੋ ਨੂੰ  ਤਰਖਾਣ ਭਾਈਚਾਰੇ ਨਾਲ ਜੋੜਿਆ ਜਾਂਦਾ ਹੈ ਤੇ ਬਾਅਦ ਦੇ ਇਤਿਹਾਸ ਵਿਚ ਤਰਖਾਣ ਸਿੱਖਾਂ ਨਾਲ ਰਾਮਗੜ੍ਹੀਆ ਭਾਈਚਾਰੇ ਦੀ ਪਛਾਣ ਮਜ਼ਬੂਤੀ ਨਾਲ ਜੁੜ ਗਈ |


ਭਾਈ ਲਾਲੋ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਤੇ ਪ੍ਰੇਰਣਾਦਾਇਕ ਪੱਖ ਉਨ੍ਹਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਹੈ | ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਜਦੋਂ ਸੈਦਪੁਰ ਪਹੁੰਚੇ ਤਾਂ ਉਹ ਭਾਈ ਲਾਲੋ ਦੇ ਘਰ ਠਹਿਰੇ | ਭਾਈ ਲਾਲੋ ਨੇ ਮਿਹਨਤ ਦੀ ਕਮਾਈ ਨਾਲ ਤਿਆਰ ਕੀਤੀ ਸਾਦੀ ਰੋਟੀ ਗੁਰੂ ਜੀ ਨੂੰ  ਛਕਾਈ | ਗੁਰੂ ਸਾਹਿਬ ਦਾ ਇਕ ਸਾਧਾਰਨ ਕਿਰਤੀ ਦੇ ਘਰ ਠਹਿਰਨਾ ਉਸ ਸਮੇਂ ਦੇ ਸਮਾਜਿਕ ਢਾਂਚੇ 'ਚ  ਵੱਡਾ ਸੰਦੇਸ਼ ਸੀ ਕਿ ਮਨੁੱਖ ਦੀ ਅਸਲ ਪਛਾਣ ਉਸ ਦੀ ਜਾਤ, ਧਨ-ਦੌਲਤ ਜਾਂ ਰੁਤਬਾ ਨਹੀਂ, ਸਗੋਂ ਉਸ ਦੇ ਕਰਮ ਤੇ ਕਿਰਤ ਹਨ | ਭਾਈ ਲਾਲੋ ਨਾਲ ਜੁੜੀ ਮਲਿਕ ਭਾਗੋ ਵਾਲੀ ਸਾਖੀ ਸਿੱਖ ਇਤਿਹਾਸ 'ਚ ਵਿਸ਼ੇਸ਼ ਮਹੱਤਵ ਰੱਖਦੀ ਹੈ | ਮਲਿਕ ਭਾਗੋ ਜੋ ਧਨਾਢ ਤੇ ਪ੍ਰਭਾਵਸ਼ਾਲੀ ਵਿਅਕਤੀ ਸੀ, ਵਲੋਂ ਵੱਡੇ ਪੱਧਰ 'ਤੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਜੀ ਨੂੰ  ਵੀ ਸੱਦਾ ਦਿੱਤਾ ਗਿਆ, ਪਰ ਗੁਰੂ ਸਾਹਿਬ ਉੱਥੇ ਨਾ ਪਹੁੰਚੇ | ਮਲਿਕ ਭਾਗੋ ਨੇ ਜਦ ਇਸ ਬਾਰੇ ਸਵਾਲ ਕੀਤਾ ਤਾਂ ਗੁਰੂ ਜੀ ਨੇ ਇਕ ਸਾਖੀ ਅਨੁਸਾਰ ਭਾਈ ਲਾਲੋ ਦੀ ਸਾਦੀ ਰੋਟੀ ਤੇ ਮਲਿਕ ਭਾਗੋ ਦੇ ਭੋਜਨ ਨੂੰ  ਹੱਥਾਂ 'ਚ ਲੈ ਕੇ ਨਿਚੋੜ ਕੇ ਸੱਚੀ ਤੇ ਝੂਠੀ ਕਮਾਈ ਦਾ ਫ਼ਰਕ ਸਮਝਾਇਆ | ਸਾਖੀ ਦਾ ਕੇਂਦਰੀ ਸੰਦੇਸ਼ ਇਹ ਹੈ ਕਿ ਭਾਈ ਲਾਲੋ ਦੀ ਰੋਟੀ 'ਚ ਮਿਹਨਤ ਤੇ ਸੱਚੀ ਕਿਰਤ ਦੀ ਕਮਾਈ ਸੀ, ਜਦਕਿ ਜ਼ੁਲਮ ਤੇ ਬੇਇਨਸਾਫ਼ੀ ਨਾਲ ਇਕੱਠੀ ਕੀਤੀ ਦੌਲਤ ਵਿਚ ਗਰੀਬਾਂ ਦੀ ਹਾਅ ਤੇ ਪੀੜਾ ਸੀ | ਭਾਈ ਲਾਲੋ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੀ ਸੱਚੀ ਕਿਰਤ ਸੀ | ਉਨ੍ਹਾਂ ਨੇ ਕਦੇ ਵੀ ਬਿਨਾਂ ਮਿਹਨਤ ਦੇ ਸੁੱਖ-ਸਹੂਲਤਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ | ਉਹ ਆਪਣੇ ਹੱਥੀਂ ਕੰਮ ਕਰਦੇ ਤੇ ਮਿਹਨਤ ਦੀ ਕਮਾਈ ਨਾਲ ਆਪਣਾ ਜੀਵਨ ਚਲਾਉਂਦੇ ਸਨ | ਭਾਈ ਲਾਲੋ ਜੀ ਦਾ ਜੀਵਨ ਗੁਰੂ ਨਾਨਕ ਦੇਵ ਜੀ ਦੇ ਮਹਾਨ ਸਿਧਾਂਤ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੀ ਜੀਵੰਤ ਮਿਸਾਲ ਵਜੋਂ ਦੇਖਿਆ ਜਾਂਦਾ ਹੈ |
ਭਾਈ ਲਾਲੋ ਦਾ ਜੀਵਨ ਅੱਜ ਦੇ ਨੌਜਵਾਨਾਂ ਲਈ ਵੀ ਬਹੁਤ ਵੱਡਾ ਸੰਦੇਸ਼ ਰੱਖਦਾ ਹੈ | ਮਿਹਨਤ ਤੋਂ ਬਿਨਾਂ ਸਫਲਤਾ ਦੀ ਇੱਛਾ, ਦਿਖਾਵੇ ਦੀ ਦੌੜ ਅਤੇ ਆਸਾਨ ਤਰੀਕੇ ਨਾਲ ਧਨ ਕਮਾਉਣ ਦੀ ਲਾਲਸਾ ਮਨੁੱਖ ਨੂੰ  ਉਸ ਦੇ ਅਸਲ ਮਕਸਦ ਤੋਂ ਦੂਰ ਕਰ ਸਕਦੀ ਹੈ | ਇਸ ਦੇ ਉਲਟ ਭਾਈ ਲਾਲੋ ਦੀ ਜੀਵਨ-ਜਾਚ ਸਾਨੂੰ ਮਿਹਨਤ, ਸਬਰ, ਸਚਾਈ ਤੇ ਸੇਵਾ ਦਾ ਰਸਤਾ ਦਿਖਾਉਂਦੀ ਹੈ | ਜੇ ਨੌਜਵਾਨ ਪੀੜ੍ਹੀ ਭਾਈ ਲਾਲੋ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਆਪਣੀ ਕਿਰਤ ਨੂੰ  ਇਮਾਨਦਾਰੀ ਨਾਲ ਕਰੇ, ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰੇ ਅਤੇ ਲੋੜਵੰਦਾਂ ਨਾਲ ਆਪਣੀ ਸਮਰੱਥਾ ਅਨੁਸਾਰ ਸਾਂਝ ਪਾਵੇ ਤਾਂ ਸਮਾਜ ਵਿਚ ਭਾਈਚਾਰਾ ਤੇ ਮਨੁੱਖਤਾ ਹੋਰ ਮਜ਼ਬੂਤ ਹੋ ਸਕਦੀ ਹੈ |
ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 574ਵਾਂ ਪਾਵਨ ਜਨਮ ਦਿਵਸ 24 ਸਤੰਬਰ ਨੂੰ  ਗੁਰਦੁਆਰਾ ਸਾਹਿਬ ਭਾਈ ਲਾਲੋ ਜੀ, ਪਿੰਡ ਸਰੀਂਹ ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ, ਪ੍ਰਬੰਧਕ ਕਮੇਟੀ ਅਤੇ ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ (ਰਜਿ.) ਦੇ ਵਿਸ਼ੇਸ਼ ਸਹਿਯੋਗ ਨਾਲ ਬੜੀ ਸ਼ਰਧਾ, ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ (ਰਜਿ.) ਦੇ ਅਹੁਦੇਦਾਰ ਇੰਦਰਜੀਤ ਸਿੰਘ ਮੁੰਡੇ (ਕੇ.ਐਸ. ਗਰੁੱਪ) ਅਤੇ ਗਿਆਨੀ ਅਮਰ ਸਿੰਘ (ਦਸਮੇਸ਼ ਗਰੁੱਪ) ਦੀ ਅਗਵਾਈ ਹੇਠ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਸਮਾਗਮ ਨੂੰ  ਪੰਜਾਬ ਪੱਧਰ 'ਤੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਪਾਵਨ ਦਿਹਾੜੇ ਦਾ ਮਕਸਦ ਸਿਰਫ਼ ਭਾਈ ਲਾਲੋ ਦੀ ਯਾਦ ਨੂੰ  ਤਾਜ਼ਾ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਦੇ ਮਹਾਨ ਸੰਦੇਸ਼ ਨੂੰ  ਅੱਜ ਦੀ ਪੀੜ੍ਹੀ ਤੱਕ ਪਹੁੰਚਾਉਣਾ ਵੀ ਹੈ | ਸੱਚੀ ਕਿਰਤ, ਇਮਾਨਦਾਰੀ, ਸੇਵਾ, ਨਿਮਰਤਾ, ਨਾਮ ਸਿਮਰਨ ਅਤੇ ਵੰਡ ਛਕਣ ਦੀ ਭਾਵਨਾ ਹੀ ਭਾਈ ਲਾਲੋ ਦੀ ਜੀਵਨ-ਜਾਚ ਦਾ ਮੂਲ ਸਾਰ ਹੈ |
 

-ਪ੍ਰਤੀਨਿਧ, ਸੰਦੌੜ |
ਮੋਬਾਈਲ : 94637-20300

Ad Position 22
No active advertisement
ਪਿਛਲੀ ਖ਼ਬਰ ਭਾਰਤ ਨੂੰ ਬਿ੍ਕਸ ਵਿਚ ਸੰਤੁਲਨ ਬਣਾ ਕੇ ਚੱਲਣਾ ਪਵੇਗਾ ਅਗਲੀ ਖ਼ਬਰ ਹਰਿਆਣਾ 'ਚ ਹੋਵੇਗਾ ਵੱਡਾ ਪ੍ਰਸ਼ਾਸਨਿਕ ਫੇਰਬਦਲ
Ad Position 24