ਰੱਖੜਾ ਵਿਖੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵਲੋਂ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਤੇ ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ.ਏ.ਆਰ.ਆਈ.) ਦੇ ਸਹਿਯੋਗ ਨਾਲ ਕੋਲੈਬੋਰੇਟਿਵ ਆਊਟਸਟੇਸ਼ਨ ਰਿਸਰਚ ਸੈਂਟਰ ਰੱਖੜਾ ਵਿਖੇ ਕਿਸਾਨ ਕੈਂਪ ਲੱਗ ਰਿਹਾ ਹੈ, ਜਿਸ ਵਿਚ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਵਿਕਸਿਤ ਕਿਸਮਾਂ ਦੇ ਬੀਜ ਦਿੱਤੇ ਜਾਣਗੇ। ਉਪਰਾਲਾ ਹੋਵੇਗਾ ਕਿ ਕਣਕ ਦੇ ਬੀਜ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਣ। ਰੱਖੜਾ ਕਿਸਾਨ ਕੈਂਪ ਵਿਚ ਭਾਰਤੀ ਖੇਤੀਬਾੜੀ ਖੋਜ ਸੰਸਥਾ ਵਲੋਂ ਵਿਕਸਿਤ ਕਿਸਮਾਂ ਐੱਚਡੀ-3385, ਐੱਚਡੀ-3386, ਐੱਚਡੀ-3369 ਅਤੇ ਐੱਚਡੀ-3406 ਆਦਿ ਕਿਸਮਾਂ ਦੇ ਬੀਜ ਥੋੜ੍ਹੀ-ਥੋੜ੍ਹੀ ਮਾਤਰਾ 'ਚ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਆਈ.ਸੀ.ਏ.ਆਰ. ਵਲੋਂ ਵਿਕਸਿਤ ਡੀਬੀਡਬਲਿਊ-371, ਡੀਬੀਡਬਲਿਊ-372, ਡੀਬੀਡਬਲਿਊ-327 ਕਿਸਮਾਂ ਦੇ ਬੀਜ ਵੀ ਉਪਲਬਧ ਹੋਣਗੇ। ਇਹ ਸਾਰੀਆਂ ਕਿਸਮਾਂ ਸੇਂਜੂ ਹਾਲਾਤ ਵਿਚ ਸਮੇਂ ਸਿਰ ਬਿਜਾਈ ਕਰਨ ਲਈ ਹਨ। ਪਛੇਤੀ ਬਿਜਾਈ ਲਈ ਐੱਚਡੀ-3298 ਕਿਸਮ ਦਾ ਬੀਜ ਵੀ ਲੋੜੀਂਦੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਨ੍ਹਾਂ ਮੇਲਿਆਂ ਅਤੇ ਕੈਂਪਾਂ ਵਿਚ ਕਿਸਾਨਾਂ ਨੂੰ ਗਿਆਨ ਤੇ ਵਿਗਿਆਨ ਅਤੇ ਸ਼ੁੱਧ ਬੀਜ ਦਿੱਤੇ ਜਾਂਦੇ ਹਨ, ਜੋ ਖੇਤੀ ਦਾ ਧੁਰਾ ਹਨ।
ਸਤੰਬਰ ਦਾ ਮਹੀਨਾ ਕਿਸਾਨਾਂ ਲਈ ਬੜਾ ਮਹੱਤਵਪੂਰਨ ਹੈ। ਇਸੇ ਮਹੀਨੇ ਕਿਸਾਨ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦੀ ਯੋਜਨਾਬੰਦੀ ਕਰਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਕਿਸਾਨ ਮੇਲੇ ਇਸੇ ਮਹੀਨੇ ਲਗਾਉਂਦੀ ਹੈ। ਮੁੱਖ ਮੇਲਾ ਪੀ.ਏ.ਯੂ. ਕੈਂਪਸ ਲੁਧਿਆਣਾ ਵਿਖੇ 26 ਤੇ 27 ਸਤੰਬਰ ਨੂੰ ਲਗਾਇਆ ਜਾਵੇਗਾ, ਜਿਸ ਵਿਚ 24 ਕੁਇੰਟਲ ਦਾ ਔਸਤ ਝਾੜ ਦੇਣ ਵਾਲੀ ਪੀਬੀਡਬਲਿਊ-826 ਕਿਸਮ ਦਾ ਬੀਜ ਕਿਸਾਨਾਂ 'ਚ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਪੀਬੀਡਬਲਿਊ-869, ਪੀਬੀਡਬਲਿਊ-824, ਪੀਬੀਡਬਲਿਊ-803, ਪੀਬੀਡਬਲਿਊ ਉੱਨਤ-550 ਅਤੇ ਯੂਨੀਵਰਸਿਟੀ ਵਲੋਂ ਵਿਕਸਿਤ ਹੋਰ ਕਿਸਮਾਂ ਦੇ ਬੀਜ ਵੀ ਕਿਸਾਨਾਂ 'ਚ ਵੰਡੇ ਜਾਣਗੇ। ਇਸ ਤੋਂ ਇਲਾਵਾ ਡੀਬੀਡਬਲਿਊ-222, ਡੀਬੀਡਬਲਿਊ-187 ਕਿਸਮ ਦੇ ਬੀਜ ਵੀ ਕਿਸਾਨ ਖ਼ਰੀਦ ਸਕਣਗੇ। ਵਧੇਰੇ ਝਾੜ ਤੇ ਅਗੇਤੀ ਬਿਜਾਈ ਲਈ ਡੀਬੀਡਬਲਿਊ-327, ਡੀਬੀਡਬਲਿਊ-332, ਡੀਬੀਡਬਲਿਊ-303 ਕਿਸਮਾਂ ਸਿਫ਼ਾਰਸ਼ ਕੀਤੀਆਂ ਗਈਆਂ ਹਨ।
ਅੱਜ ਦਾ ਯੁੱਗ ਨਵੀਂ ਤਕਨਾਲੋਜੀ ਨਾਲ ਨਤੀਜੇ ਹਾਸਲ ਕਰਨ ਦਾ ਹੈ। ਹਰ ਚੁਣੌਤੀ ਨਾਲ ਲੜਨ ਲਈ ਤਿਆਰ-ਬਰ-ਤਿਆਰ ਰਹਿਣਾ ਪਵੇਗਾ, ਜਿਸ ਲਈ ਹਰ ਕਿਸਾਨ ਦਾ ਖੋਜ ਸੰਸਥਾਵਾਂ ਅਤੇ ਖੇਤੀ ਯੂਨੀਵਰਸਿਟੀ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਇਹ ਕਿਸਾਨ ਮੇਲੇ ਅਤੇ ਕੈਂਪ ਕਿਸਾਨਾਂ ਤੱਕ ਹਰ ਖੇਤੀ ਤਕਨੀਕ ਪਹੁੰਚਾਉਣ ਦਾ ਵਸੀਲਾ ਹਨ ਅਤੇ ਕਿਸਾਨਾਂ ਨੂੰ ਆਪਣੇ ਬਾਰੇ ਹਰ ਸਤੰਬਰ ਤੇ ਮਾਰਚ ਵਿਚ ਹਾੜ੍ਹੀ ਤੇ ਸਾਉਣੀ ਦੀਆਂ ਫ਼ਸਲਾਂ ਦੀ ਜਾਣਕਾਰੀ ਤੇ ਸਿਖਲਾਈ ਦੇਣ ਲਈ ਬੁਲਾਉਂਦੇ ਹਨ। ਸਤੰਬਰ ਦਾ ਮਹੀਨਾ ਕਿਸਾਨਾਂ ਲਈ ਬੜਾ ਅਹਿਮ ਹੈ।
ਪਿਛਲੇ ਕੁਝ ਸਾਲਾਂ 'ਚ ਕਿਸਾਨ ਮੇਲੇ ਰਾਜਨੀਤੀ ਦਾ ਕੇਂਦਰ ਬਣ ਗਏ। ਕਿਸਾਨਾਂ ਦੀ ਬਜਾਏ ਰਾਜਨੀਤਕ ਬੁਲਾਰਿਆਂ ਦੇ ਪ੍ਰਬੰਧਨ ਵੱਲ ਆਯੋਜਕਾਂ ਦਾ ਧਿਆਨ ਵਧੇਰੇ ਲੱਗਿਆ ਰਹਿੰਦਾ ਹੈ। 23 ਸਤੰਬਰ ਨੂੰ ਰੱਖੜਾ ਵਿਖੇ ਲੱਗਣ ਵਾਲਾ ਕਿਸਾਨ ਕੈਂਪ ਅਤੇ 26 ਤੇ 27 ਸਤੰਬਰ ਨੂੰ ਲੱਗਣ ਵਾਲਾ ਪੀ.ਏ.ਯੂ. ਲੁਧਿਆਣਾ ਦਾ ਕਿਸਾਨ ਮੇਲਾ ਖ਼ਾਸ ਕਰਕੇ ਉਮੀਦ ਹੈ ਕਿ ਬਹੁਤੇ ਰਾਜਨੀਤਕ ਪ੍ਰਭਾਵਾਂ ਵਾਲੇ ਨਹੀਂ ਹੋਣਗੇ। ਕਿਸਾਨਾਂ ਨੂੰ ਇਸ ਵੇਲੇ ਹੜ੍ਹਾਂ ਤੋਂ ਬਹੁਤ ਨੁਕਸਾਨ ਉਠਾਉਣਾ ਪਿਆ ਹੈ, ਇਸ ਲਈ ਉਨ੍ਹਾਂ ਨੂੰ ਇਨ੍ਹਾਂ ਮੇਲਿਆਂ ਤੇ ਕੈਂਪਾਂ ਦਾ ਅਸਲ ਲਾਭ ਹੋਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇ ਅਤੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਹ ਕਿਸਾਨ ਮੇਲੇ ਤੇ ਕੈਂਪ ਕਿਸਾਨੀ ਸਮੱਸਿਆਵਾਂ ਦੇ ਹੱਲ ਦਾ ਸੋਮਾ ਬਣਨੇ ਚਾਹੀਦੇ ਹਨ।
ਕਣਕ ਦੀ ਅਗਲੇ ਮਹੀਨੇ ਬਿਜਾਈ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਯੂਰੀਆ ਤੇ ਡੀ.ਏ.ਪੀ. ਦੀ ਲੋੜ ਹੋਵੇਗੀ। ਇਨ੍ਹਾਂ ਨੂੰ ਲੋੜ ਅਨੁਸਾਰ ਮੁਹੱਈਆ ਕਰਨ ਦਾ ਸਰਕਾਰ ਵਲੋਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹੜ੍ਹਾਂ ਤੋਂ ਉਠਾਇਆ ਗਿਆ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਕਿਸਾਨ ਹਾੜ੍ਹੀ ਦੀ ਭਰਪੂਰ ਫ਼ਸਲ ਲੈ ਕੇ ਪੂਰਾ ਕਰ ਸਕਣ। ਉਤਪਾਦਕਤਾ ਵਧਾਉਣ ਲਈ ਸ਼ੁੱਧ ਤੇ ਗੁਣਵੱਤਾ ਵਾਲੇ ਬੀਜਾਂ ਦੀ ਲੋੜ ਹੈ। ਭਾਵੇਂ ਪੰਜਾਬ ਦੀ ਕਣਕ ਦੀ ਉਤਪਾਦਕਤਾ ਦੂਜੇ ਕਈ ਸੁਬਿਆਂ ਨਾਲੋਂ ਵੱਧ ਹੈ ਪਰ ਕਿਸਾਨਾਂ ਦਾ ਉਤਸ਼ਾਹ, ਮਿਹਨਤ ਤੇ ਲਾਗਤ ਦੇਖਦੇ ਹੋਏ ਇਸ ਨੂੰ ਵਧਾਉਣ ਦੀ ਗੁੰਜਾਇਸ਼ ਹੈ। ਇਹ ਸਭ ਕੁਝ ਤਾਂ ਹੀ ਕਾਰਗਰ ਹੋਵੇਗਾ, ਜੇ ਕਿਸਾਨਾਂ ਨੂੰ ਇਨ੍ਹਾਂ ਕੈਂਪਾਂ ਤੇ ਮੇਲਿਆਂ 'ਚ ਗਿਆਨ ਤੇ ਤਕਨੀਕੀ ਜਾਣਕਾਰੀ ਮਿਲੇਗੀ ਅਤੇ ਸ਼ੁੱਧ ਬੀਜ ਹਾਸਲ ਕਰਨ ਦਾ ਪ੍ਰਬੰਧ ਹੋਵੇਗਾ। ਮੰਡੀ 'ਚ ਬਹੁਤ ਮਿਲਾਵਟੀ ਤੇ ਬਿਮਾਰੀ ਵਾਲੇ ਬੀਜ ਮਿਲਦੇ ਹਨ, ਜਿਨ੍ਹਾਂ ਦੀ ਉਤਪਾਦਕਤਾ ਲਾਜ਼ਮੀ ਤੌਰ 'ਤੇ ਘੱਟ ਹੋਵੇਗੀ। ਕਿਸਾਨ ਮੇਲੇ ਤੇ ਕੈਂਪ, ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਤੋਂ ਇਨ੍ਹਾਂ ਸਮਾਗਮਾਂ ਤੇ ਹਰ ਹਾੜੀ-ਸਾਉਣੀ ਮੁਹੱਈਆ ਕੀਤੇ ਜਾ ਰਹੇ ਬੀਜ ਹੀ ਇਸ ਸਮੱਸਿਆ ਦਾ ਸਹੀ ਹੱਲ ਹੋ ਸਕਦੇ ਹਨ।
ਬੀਜਾਂ ਦੀ ਮੰਡੀ ਬੜੀ ਗੁੰਝਲਦਾਰ ਤੇ ਪੇਚੀਦਾ ਹੋ ਗਈ ਹੈ। ਜਿੱਥੇ ਅਣ-ਪ੍ਰਮਾਣਿਤ ਕਿਸਮਾਂ ਦੇ ਬੀਜ ਆਮ ਵੇਚੇ ਜਾਂਦੇ ਹਨ। ਇਸ ਕਮੀ ਨੂੰ ਦੂਰ ਕਰਨ ਲਈ ਕਿਸਾਨ ਮੇਲਿਆਂ ਤੇ ਕੈਂਪਾਂ ਵਿਚ ਬੀਜ ਕਿਸਾਨਾਂ ਨੂੰ ਮੁਹੱਈਆ ਕਰਨਾ ਹੀ ਇਕ ਹੱਲ ਹੈ। ਪਰ ਸਮੱਸਿਆ ਇਹ ਹੈ ਕਿ ਛੋਟੇ ਕਿਸਾਨਾਂ ਨੂੰ ਇਨ੍ਹਾਂ ਮੇਲਿਆਂ ਤੇ ਕੈਂਪਾਂ 'ਚ ਆ ਕੇ ਬੀਜ ਖਰੀਦਣ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਉਨ੍ਹਾਂ ਕੋਲ ਉਸ ਵੇਲੇ ਸਾਉਣੀ ਦੀ ਵੱਟਤ ਨਹੀਂ ਆਈ ਹੁੰਦੀ। ਸੁਝਾਅ ਦਿੱਤਾ ਜਾਂਦਾ ਹੈ ਕਿ ਇਹ ਮੇਲੇ ਤੇ ਕੈਂਪ ਕੁਝ ਪਿੱਛੇ ਅਕਤੂਬਰ ਤੇ ਅਪ੍ਰੈਲ 'ਚ ਲਾਏ ਜਾਣ ਤਾਂ ਜੋ ਹਰ ਛੋਟਾ-ਵੱਡਾ ਕਿਸਾਨ ਇਨ੍ਹਾਂ ਤੋਂ ਲਾਭ ਲੈ ਸਕੇ। ਗਿਆਨ-ਵਿਗਿਆਨ ਦਾ ਸੋਮਾ ਹਨ ਇਹ ਕਿਸਾਨ ਕੈਂਪ ਤੇ ਮੇਲੇ। ਹਰ ਕਿਸਾਨ ਨੂੰ ਇਨ੍ਹਾਂ ਤੋਂ ਲਾਭ ਉਠਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਈ-ਮੇਲ : bhagwandass226@gmail.com