17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅਸਥਿਰਤਾ ਵੱਲ ਵਧਦਾ ਬੰਗਲਾਦੇਸ਼

Ad Position 21
No active advertisement
ਅਜੀਤ ਡੈਸਕ 04-06-2025

ਭਾਰਤ ਦਾ ਗੁਆਂਢੀ ਬੰਗਲਾਦੇਸ਼ ਇਕ ਵਾਰ ਫਿਰ ਅਸਥਿਰ ਹੁੰਦਾ ਨਜ਼ਰ ਆ ਰਿਹਾ ਹੈ। ਇਹ ਦੇਸ਼ ਸਾਲ 1971 ਵਿਚ ਹੋਂਦ ਵਿਚ ਆਇਆ ਸੀ ਅਤੇ ਇਸ ਤੋਂ ਪਹਿਲਾਂ ਇਹ ਪਾਕਿਸਤਾਨ ਦਾ ਹੀ ਹਿੱਸਾ ਸੀ ਅਤੇ ਇਸ ਦਾ ਨਾਂਅ ਪੂਰਬੀ ਪਾਕਿਸਤਾਨ ਸੀ। ਉਸ ਸਮੇਂ ਮੁਜੀਬ-ਉਰ-ਰਹਿਮਾਨ ਦੀ ਅਗਵਾਈ ਵਿਚ ਆਵਾਮੀ ਲੀਗ ਪਾਰਟੀ ਨੇ ਵੱਖਰਾ ਦੇਸ਼ ਬਣਾਉਣ ਲਈ ਸਖ਼ਤ ਲੜਾਈ ਲੜੀ ਸੀ, ਜਦੋਂ ਕਿ ਕੱਟੜਪੰਥੀ ਜਮਾਤ-ਏ-ਇਸਲਾਮੀ ਪਾਰਟੀ ਆਜ਼ਾਦੀ ਦੀ ਲੜਾਈ ਦੇ ਵਿਰੁੱਧ ਸੀ ਅਤੇ ਇਸ ਨੂੰ ਪਾਕਿਸਤਾਨ ਦਾ ਹਿੱਸਾ ਹੀ ਰੱਖਣਾ ਚਾਹੁੰਦੀ ਸੀ।
ਭਾਰਤ ਨੇ ਇਸ ਆਜ਼ਾਦੀ ਦੀ ਲੜਾਈ ਵਿਚ ਬੰਗਲਾਦੇਸ਼ੀਆਂ ਦਾ ਸਾਥ ਦਿੱਤਾ ਸੀ। ਉਸ ਤੋਂ ਕੁਝ ਸਾਲ ਬਾਅਦ ਬੇਹੱਦ ਹਰਮਨ ਪਿਆਰੇ ਨੇਤਾ ਸ਼ੇਖ਼ ਮੁਜੀਬ-ਉਰ-ਰਹਿਮਾਨ ਨੂੰ ਕੁਝ ਫ਼ੌਜੀਆਂ ਨੇ ਰਲ ਕੇ ਪਰਿਵਾਰ ਸਮੇਤ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਸ ਸਮੇਂ ਸ਼ੇਖ਼ ਹਸੀਨਾ ਅਤੇ ਉਸ ਦੀ ਭੈਣ ਦੇਸ਼ ਤੋਂ ਬਾਹਰ ਹੋਣ ਕਰਕੇ ਬਚ ਗਈਆਂ ਸਨ। ਆਵਾਮੀ ਲੀਗ ਦੇ ਨਾਲ-ਨਾਲ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਿਸ ਦੀ ਪ੍ਰਧਾਨ ਖਾਲਿਦਾ ਜ਼ਿਆ ਹੈ, ਨੇ ਵੀ ਇੱਥੇ ਵੱਡਾ ਆਧਾਰ ਬਣਾ ਲਿਆ ਸੀ। ਉਸ ਦੇ ਰਾਜ ਸਮੇਂ ਭਾਰਤ ਨਾਲ ਇਸ ਦੇ ਸੰਬੰਧ ਸੁਖਾਵੇਂ ਨਹੀਂ ਰਹੇ ਸਨ। ਪਰ ਇਸ ਸਾਰੇ ਸਮੇਂ ਵਿਚ ਬੰਗਲਾਦੇਸ਼ ਅਨੇਕਾਂ ਆਰਥਿਕ ਅਤੇ ਕੱਟੜਪੰਥੀ ਚੁਣੌਤੀਆਂ ਨਾਲ ਵੀ ਜੂਝਦਾ ਰਿਹਾ ਪਰ ਆਵਾਮੀ ਲੀਗ ਪਾਰਟੀ ਦਾ ਪ੍ਰਭਾਵ ਇਸ ਸਾਰੇ ਸਮੇਂ ਵਿਚ ਬਣਿਆ ਰਿਹਾ। ਪਿਛਲੇ 16 ਸਾਲ ਤੋਂ ਸ਼ੇਖ਼ ਹਸੀਨਾ ਨੇ ਬੜੀ ਸਖ਼ਤੀ ਨਾਲ ਇੱਥੇ ਪ੍ਰਸ਼ਾਸਨ ਚਲਾਇਆ। ਉਸ ਨੇ ਕੱਟੜਪੰਥੀ ਸੰਗਠਨ ਜਮਾਤ-ਏ-ਇਸਲਾਮੀ 'ਤੇ ਪਾਬੰਦੀ ਲਾਈ ਰੱਖੀ। ਸ਼ੇਖ਼ ਹਸੀਨਾ ਦੇ ਭਾਰਤ ਨਾਲ ਹਮੇਸ਼ਾ ਚੰਗੇ ਸੰਬੰਧ ਬਣੇ ਰਹੇ। ਉਸ ਦੇ ਰਾਜ ਵਿਚ ਬੰਗਲਾਦੇਸ਼ ਆਰਥਿਕ ਤੌਰ 'ਤੇ ਵੀ ਮਜ਼ਬੂਤ ਹੋਇਆ ਪਰ 10 ਕੁ ਮਹੀਨੇ ਪਹਿਲਾਂ ਉੱਥੇ ਇਸ ਕਦਰ ਬਗ਼ਾਵਤ ਉੱਠੀ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਜਮਾਤ-ਏ-ਇਸਲਾਮੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀਆਂ ਵੀ ਰਲ ਗਈਆਂ। ਵਿਦਿਆਰਥੀਆਂ ਦਾ ਅੰਦੋਲਨ ਹਿੰਸਕ ਹੋ ਗਿਆ ਅਤੇ ਇਸ ਨੂੰ ਸ਼ੇਖ਼ ਹਸੀਨਾ ਦੀ ਸਰਕਾਰ ਵਲੋਂ ਸਖ਼ਤੀ ਨਾਲ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਸੰਘਰਸ਼ ਵਿਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਅਖ਼ੀਰ ਪਿਛਲੇ ਸਾਲ 5 ਅਗਸਤ ਨੂੰ ਸ਼ੇਖ਼ ਹਸੀਨਾ ਨੂੰ ਦੇਸ਼ ਛੱਡ ਕੇ ਭਾਰਤ ਵਿਚ ਸ਼ਰਨ ਲੈਣੀ ਪਈ। ਨੋਬਲ ਪੁਰਸਕਾਰ ਇਨਾਮ ਜੇਤੂ ਮੁਹੰਮਦ ਯੂਨੁਸ ਨੂੰ ਅੰਤਰਿਮ ਸਰਕਾਰ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਪਰ ਹੁਣ ਤੱਕ ਉਹ ਵੀ ਉੱਥੇ ਆਪਣੀ ਮਜ਼ਬੂਤ ਪਕੜ ਨਹੀਂ ਬਣਾ ਸਕਿਆ। ਇਸ ਸਮੇਂ ਫ਼ੌਜ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਤੁਰੰਤ ਆਮ ਚੋਣਾਂ ਕਰਵਾਉਣੀਆਂ ਚਾਹੁੰਦੇ ਹਨ, ਜਦੋਂ ਕਿ ਦੂਸਰੀਆਂ ਪਾਰਟੀਆਂ ਅਤੇ ਅੰਤਰਿਮ ਸਰਕਾਰ ਇਨ੍ਹਾਂ ਚੋਣਾਂ ਨੂੰ ਅੱਗੇ ਪਾਉਣਾ ਚਾਹੁੰਦੀਆਂ ਹਨ। ਇਸੇ ਦੌਰਾਨ ਹੀ ਜਮਾਤ-ਏ-ਇਸਲਾਮੀ ਪਾਰਟੀ ਨੂੰ ਮੁੜ ਮਾਨਤਾ ਦੇ ਦਿੱਤੀ ਗਈ ਹੈ ਅਤੇ ਅਜ਼ਹਰੁਲ ਇਸਲਾਮ ਵਰਗੇ ਉਨ੍ਹਾਂ ਵਿਅਕਤੀਆਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਹੈ, ਜਿਨ੍ਹਾਂ ਨੇ ਉਸ ਸਮੇਂ ਪਾਕਿਸਤਾਨ ਨਾਲ ਰਲ ਕੇ ਬੰਗਲਾਦੇਸ਼ ਦੀ ਆਜ਼ਾਦੀ ਵਿਚ ਰੁਕਾਵਟ ਪਾਉਣ ਦਾ ਯਤਨ ਕੀਤਾ ਸੀ।
ਇਸ ਸਮੇਂ ਵਿਚ ਹੀ ਯੂਨੁਸ ਦੀ ਅਗਵਾਈ ਵਿਚ ਇਹ ਦੇਸ਼ ਪਾਕਿਸਤਾਨ ਦੇ ਵਧੇਰੇ ਨੇੜੇ ਹੋ ਗਿਆ ਹੈ ਅਤੇ ਉਸ ਵਾਂਗ ਹੀ ਇਸ ਨੇ ਵੱਡੇ ਕਰਜ਼ੇ ਚੁੱਕਣ ਲਈ ਚੀਨ ਵੱਲ ਹੱਥ ਫੈਲਾ ਦਿੱਤੇ ਹਨ। ਹੁਣ ਬੰਗਲਾਦੇਸ਼ ਵਿਚ ਸ਼ੇਖ਼ ਹਸੀਨਾ ਦੇ ਸਮੇਂ ਸਥਾਪਤ ਕੀਤੇ ਗਏ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਸ ਨੂੰ ਪਿਛਲੇ ਸਾਲ ਦੀਆਂ ਹਿੰਸਕ ਘਟਨਾਵਾਂ ਵਿਚ ਹੋਈਆਂ ਮੌਤਾਂ ਲਈ ਦੋਸ਼ੀ ਗਰਦਾਨ ਕੇ ਭਾਰਤ ਤੋਂ ਉਸ ਦੀ ਹਵਾਲਗੀ ਮੰਗੀ ਹੈ, ਜਿਸ ਨਾਲ ਭਾਰਤ ਨੂੰ ਇਕ ਹੋਰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਵਿਚ ਸ਼ੱਕ ਨਹੀਂ ਕਿ ਜਿਸ ਰਾਹ 'ਤੇ ਬੰਗਲਾਦੇਸ਼ ਚੱਲ ਰਿਹਾ ਹੈ, ਉਹ, ਉਸ ਨੂੰ ਹੋਰ ਵੀ ਅਸਥਿਰ ਕਰਨ ਵਾਲਾ ਸਾਬਿਤ ਹੋਵੇਗਾ। ਪਰ ਉਸ ਦਾ ਅਨਿਸਚਿਤ ਭਵਿੱਖ ਭਾਰਤ ਲਈ ਵੀ ਖ਼ਤਰੇ ਦੀ ਘੰਟੀ ਜ਼ਰੂਰ ਬਣੇਗਾ, ਜਿਸ ਸੰਬੰਧੀ ਭਾਰਤ ਨੂੰ ਹਰ ਪੱਖ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਪੁਰਅਮਨ ਢੰਗ ਨਾਲ ਮਨਾਈ ਜਾਏ ਸਾਕਾ ਨੀਲਾ ਤਾਰਾ ਦੀ ਬਰਸੀ ਅਗਲੀ ਖ਼ਬਰ ਇਨਸਾਨ ਅਸਲ ਵਿਚ ਉਦੋਂ ਮਰਦਾ ਹੈ, ਜਦੋਂ ਉਸ ਦੀ ਜ਼ਮੀਰ ਮਰ ਜਾਂਦੀ ਹੈ। -ਸ਼ੈਕਸ਼ਪੀਅਰ
Ad Position 24