ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਪਾਰਕ ਪੱਖੋਂ ਕੀਤੀ ਜਾ ਸਕਦੀ ਹੈ ਗੁਲਦਾਉਦੀ ਦੇ ਫੁੱਲਾਂ ਦੀ ਖੇਤੀ

Ad Position 21
No active advertisement
ਅਜੀਤ ਡੈਸਕ 02-09-2025

ਗੁਲਦਾਉਦੀ ਇਕ ਬਹੁਤ ਹੀ ਮਹੱਤਵਪੂਰਨ ਫੁੱਲਾਂ ਦੀ ਕਿਸਮ ਹੈ। ਇਹ ਅਕਤੂਬਰ ਤੋਂ ਦਸੰਬਰ ਮਹੀਨੇ ਤੱਕ ਫੁੱਲਾਂ ਦੀ ਬਹਾਰ ਦਿੰਦੀ ਹੈ। ਪੰਜਾਬ ਤੇ ਚੰਡੀਗੜ੍ਹ ਵਿਚ ਦਸੰਬਰ ਮਹੀਨੇ ਗੁਲਦਾਉਦੀ ਦੀਆਂ ਨੁਮਾਇਸ਼ਾਂ ਤੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ 'ਚ ਕਾਸ਼ਤਕਾਰ ਭਾਗ ਲੈ ਕੇ ਸਨਮਾਨ ਤੇ ਇਨਾਮ ਦੋਵੇਂ ਪ੍ਰਾਪਤ ਕਰ ਸਕਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਇਹ ਕੰਮ ਵਪਾਰਕ ਪੱਖੋਂ ਵੀ ਕਰ ਸਕਦੇ ਹਨ। ਗੁਲਦਾਉਦੀ ਦੇ ਫੁੱਲਾਂ ਨਾਲ ਭਰਿਆ ਇਕ ਗਮਲਾ 200 ਤੋਂ 300 ਰੁਪਏ ਤੱਕ ਵਿਕ ਜਾਂਦਾ ਹੈ। ਇਸ ਤਰ੍ਹਾਂ ਦੇ ਗਮਲੇ ਵਿਅਕਤੀ, ਪ੍ਰਾਈਵੇਟ ਸੰਸਥਾਵਾਂ, ਹੋਟਲਾਂ, ਮੈਰਿਜ ਪੈਲਿਸਾਂ ਅਤੇ ਬੈਂਕਾਂ ਜਾਂ ਦਫ਼ਤਰਾਂ ਆਦਿ ਵਲੋਂ ਵੀ ਖ਼ਰੀਦੇ ਜਾਂਦੇ ਹਨ। ਘਰਾਂ 'ਚ ਗੁਲਦਾਉਦੀ ਆਸਾਨੀ ਨਾਲ ਗਮਲਿਆਂ 'ਚ ਲਗਾਈ ਜਾ ਸਕਦੀ ਹੈ।
ਗੁਲਦਾਉਦੀ ਤੋਂ ਵਧੀਆ ਕਿਸਮ ਦੇ ਫੁੱਲ ਲੈਣ ਲਈ ਤਕਨੀਕੀ ਜਾਣਕਾਰੀ ਦਾ ਹੋਣਾ ਲਾਜ਼ਮੀ ਹੈ। ਗਮਲਿਆਂ ਵਿਚ ਗੁਲਦਾਉਦੀ ਤਿਆਰ ਕਰਨ ਲਈ ਪਹਿਲਾਂ ਮਿੱਟੀ ਦਾ ਮਿਕਸਚਰ ਤਿਆਰ ਕਰ ਲੈਣਾ ਚਾਹੀਦਾ ਹੈ, ਜਿਸ 'ਚ ਇਕ ਹਿੱਸਾ ਖੇਤ ਦੀ ਮਿੱਟੀ, ਇਕ ਹਿੱਸਾ ਚੰਗੀ ਤਰ੍ਹਾਂ ਗਲ਼ੀ ਹੋਈ ਰੂੜੀ ਦੀ ਖਾਦ ਜਾਂ ਗੰਡੋਇਆਂ ਦੀ ਖਾਦ ਅਤੇ ਇਕ ਹਿੱਸਾ ਪਿੱਤਆਂ ਦੀ ਖਾਦ ਹੋਣੀ ਚਾਹੀਦੀ ਹੈ। ਗਮਲੇ 10 ਤੋਂ 12 ਫੁੱਟ ਦੇ ਹੋ ਸਕਦੇ ਹਨ। ਇਕ ਕਿਊਬਿਕ ਮੀਟਰ ਮਿੱਟੀ ਦੇ ਮਿਕਸਚਰ ਵਿਚ 2 ਕਿਲੋ ਮਿਕਚਰ ਕਿਸਾਨ ਖਾਦ, ਸਿੰਗਲ ਸੁਪਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਪਾਉਣੀ ਚਾਹੀਦੀ ਹੈ। ਜਦੋਂ ਤੱਕ ਫੁੱਲਾਂ ਦੀ ਬਹਾਰ ਖ਼ਤਮ ਨਹੀਂ ਹੁੰਦੀ, ਰੂਟ ਸਕੋਰਜ ਤੋੜਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਫੁੱਲਾਂ ਦੀ ਗੁਣਵੱਤਾ ਚੰਗੀ ਨਹੀਂ ਹੋਵੇਗੀ। ਗੁਲਦਾਉਦੀ ਦੀਆਂ ਕਿਸਮਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਪਹਿਲੀ ਸਟੈਂਡਰਡ ਤੇ ਦੂਸਰੀ ਸਪਰੇ। ਫਿਰ ਰੰਗ ਅਤੇ ਆਕਾਰ ਦੇ ਆਧਾਰ 'ਤੇ ਅੱਗੇ ਸਟੈਂਡਰਡ ਤੇ ਸਪਰੇ ਦੀਆਂ ਹੋਰ ਕਈ ਵੰਨਗੀਆਂ ਹੁੰਦੀਆਂ ਹਨ। ਇਨ੍ਹਾਂ 'ਚੋਂ ਸਪਰੇ ਕਿਸਮ ਦੇ ਗੁਲਦਾਉਦੀ ਦੇ ਫੁੱਲਾਂ ਦੀ ਵਰਤੋਂ ਬੁੱਕੇ, ਹਾਰ, ਲੜੀਆਂ, ਕਟ ਫਲਾਵਰ ਅਤੇ ਫਲਾਵਰ ਅਰੇਂਜਮੈਂਟ ਆਦਿ ਲਈ ਬਹੁਤ ਮਾਤਰਾ 'ਚ ਕੀਤੀ ਜਾਂਦੀ ਹੈ। ਸਟੈਂਡਰਡ ਵੰਨਗੀਆਂ 'ਚ ਸਿੰਗਲ ਸਟਿਮ ਰੱਖ ਕੇ ਸਾਈਡ ਬੱਡਜ਼ ਤੋੜਨੇ ਪੈਂਦੇ ਹਨ ਅਤੇ ਇਸੇ ਤਰ੍ਹਾਂ ਸਪਰੇ 'ਚ ਜ਼ਿਆਦਾ ਫੁੱਲ ਲੈਣ ਲਈ ਟਰਮੀਨਲ ਬਡਜ਼ ਤੋੜਨੇ ਪੈਂਦੇ ਹਨ ਤਾਂ ਕਿ ਵੱਧ ਤੋਂ ਵੱਧ ਨਵੀਆਂ ਟਾਹਣੀਆਂ ਪ੍ਰਾਪਤ ਕੀਤੀਆਂ ਜਾ ਸਕਣ। ਸਟੈਂਡਰਡ 'ਚ ਤਣੇ ਨੂੰ ਸਹਾਰਾ ਦੇਣ ਲਈ ਇਕ ਕਾਨੇ ਜਾਂ ਬਾਂਸ ਦੀ ਸੋਟੀ ਦੀ ਲੋੜ ਪੈਂਦੀ ਹੈ, ਜਦਕਿ ਸਪਰੇ ਵਿਚ 3 ਜਾਂ 4 ਕਾਨੇ ਜਾਂ ਬਾਂਸ ਦੀ ਸੋਟੀ ਦੀ ਲੋੜ ਹੁੰਦੀ ਹੈ। ਫੁੱਲਾਂ ਦੇ ਆਕਾਰ ਅਤੇ ਗਿਣਤੀ ਦੇ ਆਧਾਰ 'ਤੇ ਗੁਲਦਾਉਦੀ ਨੂੰ ਹੋਰ ਕਈ ਵੱਖ ਵੱਖ ਗਰੁੱਪਾਂ 'ਚ ਵੰਡਿਆ ਜਾਂਦਾ ਹੈ, ਜਿਨ੍ਹਾਂ 'ਚ ਇਨਕਰਵਡ, ਇਨਕਰਵਿੰਗ, ਸਪੂਨ, ਸਪਾਈਡਰ, ਸਿੰਗਲ ਕੋਰੀਅਨ, ਡਬਲ ਕੋਰੀਅਨ, ਪੋਮਪਨ, ਬਟਨ, ਰੈਕਫੈਕਸਡ ਆਦਿ ਗੁਰੱਪ ਹਨ।
ਗੁਲਦਾਉਦੀ ਨੂੰ ਕਾਮਯਾਬੀ ਨਾਲ ਤਿਆਰ ਕਰਨ ਲਈ ਕਈ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਵਧੇਰੇ ਫੁੱਲਾਂ ਦੀ ਪ੍ਰਾਪਤੀ ਲਈ ਦਿਨ ਭਰ 'ਚ ਘੱਟੋ ਘੱਟ 5 ਤੋਂ 6 ਘੰਟੇ ਦੀ ਧੁੱਪ ਲੋੜੀਂਦੀ ਹੈ। ਗੁਲਦਾਉਦੀ ਦੇ ਬੂਟਿਆਂ 'ਚ ਬਾਰਿਸ਼ ਦਾ ਪਾਣੀ ਜ਼ਿਆਦਾ ਦੇਰ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਜ਼ਿਆਦਾ ਤੇ ਵਧੀਆ ਕਿਸਮ ਦੇ ਫੁੱਲ ਲੈਣ ਲਈ ਸਰ੍ਹੋਂ ਦੀ ਖਲ਼ ਜਾਂ ਬੋਨ ਮੀਲ 15 20 ਦਿਨਾਂ ਦੇ ਫਰਕ ਨਾਲ ਪਾ ਦੇਣੀ ਚਾਹੀਦੀ ਹੈ। ਤਣੇ 'ਤੇ ਜੇਕਰ ਸੁੱਕੇ ਪੱਤੇ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਤੋੜ ਦੇਣਾ ਚਾਹੀਦਾ ਹੈ, ਨਹੀਂ ਤਾਂ ਉੱਲੀ ਰੋਗ ਲੱਗ ਜਾਂਦੇ ਹਨ। ਉੱਲੀ ਰੋਗਾਂ ਤੋਂ ਬਚਾਅ ਲਈ ਬਾਵਿਸਟਨ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਦੇਣੀ ਚਾਹੀਦੀ ਹੈ। ਸੀਜ਼ਨ ਦੇ ਅਖੀਰ ਵਿਚ ਮੁਰਝਾਏ ਹੋਏ ਫੁੱਲ ਤੋੜ ਦੇਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਹੋਰ ਨਵੀਆਂ ਬਣ ਰਹੀਆਂ ਬਡਜ਼ ਜਲਦੀ ਖਿੜ ਜਾਣਗੀਆਂ। ਬਲੂਮਿੰਗ ਸਟੇਜ 'ਤੇ ਫੁੱਲਾਂ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਫੁੱਲ ਜਲਦੀ ਖ਼ਰਾਬ ਹੋ ਜਾਣਗੇ। ਸਾਬਕਾ ਉਪ ਡਾਇਰੈਕਟਰ ਬਾਗ਼ਬਾਨੀ ਪੰਜਾਬ (ਸੇਵਾ ਮੁਕਤ ਫੁੱਲਾਂ ਦੇ ਮਾਹਿਰ) ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਕੀੜੇ ਮਕੌੜਿਆਂ ਤੋਂ ਬਚਾਅ ਕਰਨ ਲਈ 2 ਮਿਲੀਲਿਟਰ ਨਿੰਮ ਤੇਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ।
ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵੀ ਗੁਲਦਾਉਦੀ ਦੀਆਂ ਕਈ ਕਿਸਮਾਂ ਵਿਕਸਿਤ ਕੀਤੀਆਂ ਹੋਈਆਂ ਹਨ ਜਿਵੇਂ ਪੂਸਾ ਸੋਨਾ, ਪੂਸਾ ਅਰੁਣੋਦਿਆ, ਪੂਸਾ ਕੇਸਰੀ, ਪੂਸਾ ਅਦਿਤਿਆ, ਪੂਸਾ ਚਿਤਰਾਕਸ਼ਾ ਆਦਿ। ਪੂਸਾ ਸੋਨਾ ਕਿਸਮ ਦੇ ਪੌਦੇ ਹੋਰ ਕਿਸਮਾਂ ਨਾਲੋਂ 20 ਦਿਨ ਅਗੇਤੀ ਭਾਵ ਅਕਤੂਬਰ ਦੇ ਅਖੀਰਲੇ ਹਫ਼ਤੇ ਫੁੱਲ ਦੇਣੇ ਦੇਣੇ ਸ਼ੁਰੂ ਕਰਦੇ ਹਨ। ਇਹ ਕਿਸਮ ਗਮਲਿਆਂ 'ਚ ਲਾਉਣ ਲਈ ਬਹੁਤ ਅਨੁਕੂਲ ਹੈ। ਇਸ ਦਾ ਫੈਲਾਅ ਵਧੀਆ (50 55 ਸੈਂਟੀਮੀਟਰ) ਹੈ, ਫੁੱਲਾਂ ਦਾ ਰੰਗ ਜ਼ਰਦ ਅਤੇ ਪੌਦੇ ਮਧਰੇ (25 30 ਸੈਂਟੀਮੀਟਰ) ਹੁੰਦੇ ਹਨ। ਪੂਸਾ ਅਰੁਣੋਦਿਆ ਕਿਸਮ ਦੇ ਪੌਦਿਆਂ ਦੀ ਲੰਬਾਈ ਦਰਮਿਆਨੀ (50 55 ਸੈਂਟੀਮੀਟਰ) ਹੈ। ਇਸ ਕਿਸਮ ਦਾ ਫੈਲਾਅ ਵੀ ਵਧੀਆ ਹੁੰਦਾ ਹੈ। ਫੁੱਲਾਂ ਦਾ ਘੇਰਾ 7 ਤੋਂ 8 ਸੈਂਟੀਮੀਟਰ ਤੇ ਆਕਾਰ ਦੂਹਰਾ ਹੁੰਦਾ ਹੈ। ਇਸ ਕਿਸਮ ਦੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ। ਪੂਸਾ ਕੇਸਰੀ ਕਿਸਮ ਦੇ ਪੌਦੇ ਵਧੀਆ ਫੈਲਾਅ ਵਾਲੇ ਤੇ ਲੰਮੇ (65 ਤੋਂ 70 ਸੈਂਮੀਟੀਮਰ ਦੇ) ਹੁੰਦੇ ਹਨ। ਇਸ ਕਿਸਮ ਦੇ ਫੁੱਲਾਂ ਦਾ ਆਕਾਰ 9 ਤੋਂ 10 ਸੈਂਟੀਮੀਟਰ ਤੱਕ ਹੁੰਦਾ ਹੈ। ਇਸ ਕਿਸਮ ਦੇ ਫੁੱਲ ਕਟ ਫਲਾਵਰ ਤੇ 'ਪੌਟ ਨੁਮਾਇਸ਼' ਦੋਵੇਂ ਹੀ ਉਦੇਸ਼ਾਂ ਲਈ ਇਸਤੇਮਾਲ ਕੀਤੇ ਜਾ ਸਕਦੇ ਹਨ। ਪੂਸਾ ਅਦਿਤਿਆ ਕਿਸਮ ਦਾ ਪੌਦਾ ਝਾੜੀ ਵਾਲਾ ਹੁੰਦਾ ਹੈ, ਜਿਸ ਦੀਆਂ ਸ਼ਾਖਾਵਾਂ 30 35 ਸੈਂਟੀਮੀਟਰ ਤੱਕ ਹੁੰਦੀਆਂ ਹਨ। ਪੌਦੇ ਦੀ ਉੱਚਾਈ 55 ਤੋਂ 60 ਸੈਂਟੀਮੀਟਰ ਤੇ ਫੈਲਾਅ 45 ਤੋਂ 60 ਸੈਂਟੀਮੀਟਰ ਤੱਕ ਹੁੰਦਾ ਹੈ। ਪੂਸਾ ਚਿਤਰਾਕਸ਼ਾ ਕਿਸਮ ਦਾ ਪੌਦਾ ਵੀ ਝਾੜੀ ਵਾਲਾ ਹੀ ਹੁੰਦਾ ਹੈ, ਜੋ ਲੰਮਾ (60 ਤੋਂ 65 ਸੈਂਟੀਮੀਟਰ ਤੱਕ) ਹੈ ਅਤੇ ਫੈਲਾਅ ਵੀ ਵਧੀਆ ਹੈ। ਇਹ ਸਪਰੇ ਕਿਸਮ ਦੀ ਸ਼੍ਰੇਣੀ 'ਚ ਆਉਂਦਾ ਹੈ। ਗਮਲਿਆਂ ਤੇ ਬਾਗ਼ਾਂ ਵਿਚ ਨੁਮਾਇਸ਼ ਲਈ ਅਨੁਕੂਲ ਹੈ। ਵਪਾਰਕ ਬਾਗ਼ ਲਗਾਉਣ ਲਈ ਇਨ੍ਹਾਂ ਕਿਸਮਾਂ ਦੇ ਬੂਟੇ ਵਪਾਰਕ ਕੰਪਨੀਆਂ ਤੋਂ ਉਪਲਬਧ ਹੋ ਜਾਂਦੇ ਹਨ। ਪਰ ਬਹੁਤੇ ਬੂਟੇ ਕਾਸ਼ਤਕਾਰਾਂ ਨੂੰ ਆਪ ਤਿਆਰ ਕਰ ਲੈਣੇ ਚਾਹੀਦੇ ਹਨ, ਜਿਸ ਨਾਲ ਮੁਨਾਫ਼ਾ ਵਧੇਰੇ ਹੋਵੇਗਾ।

ਈ-ਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਬਿਹਾਰ ਵੋਟ ਅਧਿਕਾਰ ਯਾਤਰਾ ਤੋਂ ਬਾਅਦ ਰਾਹੁਲ ਦੀ ਮਕਬੂਲੀਅਤ ਵਧੀ ਅਗਲੀ ਖ਼ਬਰ ਮੱਧ ਪੂਰਬ ਏਸ਼ੀਆ ਦੇ ਲੋਕਾਂ ਨੂੰ ਕਦੋਂ ਨਸੀਬ ਹੋਵੇਗੀ ਸ਼ਾਂਤੀ
Ad Position 24
No active advertisement