ਰਾਹੁਲ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਬਿਹਾਰ ਦੀ ਵੋਟਰ ਅਧਿਕਾਰ ਯਾਤਰਾ ਨੇ ਦੇਸ਼ ਦੀ ਰਾਜਨੀਤੀ ਵਿਚ 'ਗੇਮਚੇਂਜਰ' ਦਾ ਕੰਮ ਕੀਤਾ ਹੈ ਜਿਸ ਨੂੰ ਮੈਂ ਅੰਕੜਿਆਂ ਨਾਲ ਸਾਬਤ ਕਰ ਸਕਦਾ ਹਾਂ। ਰਾਹੁਲ ਗਾਂਧੀ, ਮੋਦੀ ਦੇ ਅੱਗੇ ਇਕ 'ਚੈਲੇਂਜਰ' ਵਜੋਂ ਉਭਰਿਆ ਹੈ, ਜਿਸ ਦੀ ਹਰਮਨ-ਪਿਆਰਤਾ ਦਾ ਗ੍ਰਾਫ਼ ਤੇਜ਼ੀ ਨਾਲ ਵਧਿਆ ਹੈ, ਜਦਕਿ ਮੋਦੀ ਦੀ ਹਰਮਨ-ਪਿਆਰਤਾ ਘਟੀ ਹੈ ਜਾਂ ਆਪਣੀ ਜਗ੍ਹਾ ਖੜੋ ਗਈ ਹੈ। ਅੰਕੜੇ ਇਹ ਕਹਾਣੀ ਬੜੀ ਸਪੱਸ਼ਟਤਾ ਤੇ ਬਿਨਾਂ ਕਿਸੇ ਭੁਲੇਖੇ ਦੇ ਬਿਆਨ ਕਰਦੇ ਹਨ, ਰਾਜਨੀਤੀ ਦੀ ਥੋੜ੍ਹੀ ਸਮਝ ਰੱਖਣ ਵਾਲਾ ਵੀ ਇਸ ਨੂੰ ਸਮਝ ਸਕਦਾ ਹੈ। ਇਸ ਯਾਤਰਾ ਦੇ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਮਿਲ ਕੇ ਜਨਤਾ ਨੂੰ ਆਪਣਾ ਸੰਦੇਸ਼ ਦਿੱਤਾ ਸੀ। ਉਸ ਸਮੇਂ ਅਖਿਲੇਸ਼ ਯਾਦਵ ਨੇ ਆਪਣੇ ਅੰਦਾਜ਼ ਵਿਚ ਕਿਹਾ ਕਿ ਅਸੀਂ ਭਾਜਪਾ ਨੂੰ ਅਵਧ (ਯੂਪੀ) ਵਿਚ ਹਰਾਇਆ ਹੈ, ਹੁਣ ਤੁਸੀਂ ਉਸ ਨੂੰ ਮਗਧ (ਬਿਹਾਰ) ਵਿਚ ਹਰਾਓ। ਇਹ ਗੱਲ ਠੀਕ ਹੈ ਕਿ ਵਿਰੋਧੀ ਧਿਰ ਦਾ ਬਿਹਾਰ ਵਿਚ ਚੋਣ ਜਿੱਤਣਾ ਜ਼ਰੂਰੀ ਹੈ, ਕਿਉਂਕਿ ਬਿਹਾਰ ਤੇ ਦੇਸ਼ ਦੀ ਰਾਜਨੀਤੀ ਮਿਲੀਜੁਲੀ ਹੈ, ਦੋਵੇਂ ਇਕ-ਦੂਜੇ ਦਾ ਵਿਸਥਾਰ ਹਨ। ਇੰਜ ਵਿਰੋਧੀ ਧਿਰ ਬਿਹਾਰ 'ਚ ਉਦੋਂ ਜਿੱਤੇਗੀ, ਜਦੋਂ ਸਾਰੇ ਦੇਸ਼ ਵਿਚ ਵਿਰੋਧੀ ਧਿਰ ਦਾ ਗ੍ਰਾਫ ਉੱਪਰ ਜਾ ਰਿਹਾ ਹੋਵੇਗਾ ਅਤੇ ਵਿਰੋਧੀ ਧਿਰ ਦਿੱਲੀ ਤਾਂ ਜਿੱਤੇਗੀ, ਜਦੋਂ ਪੂਰੇ ਬਿਹਾਰ ਵਿਚ ਵਿਰੋਧੀ ਧਿਰ ਦਾ ਝੰਡਾ ਬੁਲੰਦ ਹੋ ਰਿਹਾ ਹੋਵੇਗਾ।
ਹਾਲ ਹੀ ਵਿਚ 'ਇੰਡੀਆ ਟੂਡੇ' ਤੇ 'ਆਜ ਤੱਕ' ਚੈਨਲਾਂ 'ਤੇ ਦੇਸ਼ ਦਾ ਮੂਡ ਦੱਸਣ ਵਾਲਾ ਇਕ 'ਸੀ-ਵੋਟਰ' ਦਾ ਸਰਵੇ ਆਇਆ ਹੈ। ਸੀ-ਵੋਟਰ ਨੇ ਪ੍ਰਧਾਨ ਮੰਤਰੀ ਦੇ ਰੂਪ 'ਚ ਮੋਦੀ ਦੇ ਪ੍ਰਦਰਸ਼ਨ ਬਾਰੇ ਜਦੋਂ ਆਪਣੇ ਸੈਂਪਲ ਦੇ ਮੈਂਬਰਾਂ ਤੋਂ ਸਵਾਲ ਪੁੱਛਿਆ ਤਾਂ ਪਤਾ ਲੱਗਾ ਕਿ 2023 ਦੀ ਜਨਵਰੀ ਵਿਚ 72 ਫ਼ੀਸਦੀ ਲੋਕ ਉਨ੍ਹਾਂ ਦੀ ਸਰਕਾਰ ਕਾਰਗੁਜ਼ਾਰੀ ਤੋਂ ਖੁਸ਼ ਸਨ, ਜਦਕਿ 2024 ਵਿਚ ਇਹ ਲੋਕ 9 ਫ਼ੀਸਦੀ ਘਟ ਕੇ 63 ਫ਼ੀਸਦੀ 'ਤੇ ਆ ਗਈ ਸੀ ਅਤੇ ਇਸ ਸਮੇਂ 2025 ਵਿਚ ਇਹ 58 ਫ਼ੀਸਦੀ 'ਤੇ ਹੈ। ਮਤਲਬ ਪਿਛਲੇ 2 ਸਾਲਾਂ ਦੌਰਾਨ ਮੋਦੀ ਸਵੀਕਾਰਤਾ 'ਚ ਕਰੀਬ 14 ਫ਼ੀਸਦੀ ਦੀ ਕਮੀ ਆਈ ਹੈ। ਫਰਵਰੀ 2024 ਵਿਚ 49 ਫ਼ੀਸਦੀ ਲੋਕ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਵੇਖਣਾ ਚਾਹੁੰਦੇ ਸਨ। ਫਿਰ ਉਨ੍ਹਾਂ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਜਿੱਤੀਆਂ, ਜਦਕਿ ਦੋਵੇਂ ਸੂਬਿਆਂ 'ਚ ਚੋਣਾਂ ਹਾਰਨ ਵਾਲੀ ਕਾਂਗਰਸ ਨੂੰ ਇਹ ਚੋਣਾਂ ਜਿੱਤਣੀਆਂ ਚਾਹੀਦੀਆਂ ਸਨ। ਮੋਦੀ ਦੀ ਰੇਟਿੰਗ ਫਰਵਰੀ ਵਿਚ 52 ਫ਼ੀਸਦੀ ਤੱਕ ਪਹੁੰਚ ਗਈ, ਜੋ ਅਗਸਤ 2025 ਤੱਕ ਉੱਥੇ ਹੀ ਖੜ੍ਹੀ ਹੈ। ਅੰਕੜਿਆਂ ਅਨੁਸਾਰ ਫਰਵਰੀ 2025 ਵਿਚ ਮੋਦੀ ਸਰਕਾਰ ਦਾ ਪ੍ਰਦਰਸ਼ਨ 62.1 ਫ਼ੀਸਦੀ ਸੀ, ਜੋ ਅਗਸਤ ਵਿਚ ਘਟ ਕੇ 52. 4 ਫ਼ੀਸਦੀ 'ਤੇ ਆ ਗਿਆ ਹੈ। ਮਤਲਬ 5-6 ਮਹੀਨਿਆਂ ਦੌਰਾਨ 10 ਫ਼ੀਸਦੀ ਦੀ ਵੱਡੀ ਗਿਰਾਵਟ ਮੋਦੀ ਦੀ ਹਰਮਨ-ਪਿਆਰਤਾ ਵਿਚ ਹੈ।
ਇਸ ਦੇ ਮੁਕਾਬਲੇ ਰਾਹੁਲ ਗਾਂਧੀ ਦੀ ਰੇਟਿੰਗ 'ਚ ਵਾਧਾ ਹੋਣ ਦੇ ਨਾਲ ਹੀ ਅੰਕੜਿਆਂ ਅਨੁਸਾਰ ਵਿਰੋਧੀ ਧਿਰ ਦੇ 'ਇੰਡੀਆ' ਗੱਠਜੋੜ ਵਿਚ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਵੱਡਾ ਚਿਹਰਾ ਦਿਖਾਈ ਨਹੀਂ ਦੇ ਰਿਹਾ। ਭਾਵੇਂ ਪਹਿਲਾਂ ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਅਰਵਿੰਦ ਕੇਜਰੀਵਾਲ ਤੇ ਪ੍ਰਿਅੰਕਾ ਗਾਂਧੀ ਦੀ ਚਰਚਾ ਹੁੰਦੀ ਸੀ, ਕਿਉਂਕਿ ਉਹ ਵੀ ਵਿਰੋਧੀ ਧਿਰ ਦੇ ਪ੍ਰਮੁੱਖ ਨੇਤਾ ਬਣਨ ਦੇ ਦੌੜ ਵਿਚ ਹਨ, ਪਰ ਹੁਣ ਇਹ ਬਹਿਸ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਈ ਹੈ। ਰਾਹੁਲ ਹੀ ਵਿਰੋਧੀ ਧਿਰ ਦੀ ਇਕਮਾਤਰ ਉਮੀਦ ਹੈ, ਉਸ ਦੇ ਪੱਖ ਵਿਚ 38 ਫ਼ੀਸਦੀ ਅੰਕੜੇ ਹਨ ਜਦਕਿ ਮਮਤਾ ਬੈਨਰਜੀ ਦੀ ਰੇਟਿੰਗ 8 ਫ਼ੀਸਦੀ, ਅਖਿਲੇਸ਼ ਦੀ 7 ਫ਼ੀਸਦੀ, ਕੇਜਰੀਵਾਲ ਦੀ 6 ਫ਼ੀਸਦੀ ਤੇ ਪ੍ਰਿਅੰਕਾ ਗਾਂਧੀ ਦੀ ਸਿਰਫ਼ 4 ਫ਼ੀਸਦੀ ਹੈ। ਇਸ ਦੇ ਵੀ ਦੋ ਮਤਲਬ ਹਨ- ਪਹਿਲਾ ਖੇਤਰੀ ਪਾਰਟੀਆਂ ਰਾਹੁਲ ਨੂੰ ਚੁਣੌਤੀ ਦੇਣ ਦੀ ਸਥਿਤੀ ਵਿਚ ਨਹੀਂ ਹਨ, ਦੂਜਾ ਕਾਂਗਰਸ ਅੰਦਰ ਰਾਹੁਲ ਬਨਾਮ ਪ੍ਰਿਅੰਕਾ ਦਾ ਬਿਰਤਾਂਤ ਚਲਾਉਣ ਵਾਲਿਆਂ ਨੂੰ ਅਸਲੀਅਤ ਪਤਾ ਲੱਗ ਗਈ ਹੈ। ਵਿਰੋਧੀ ਧਿਰ ਦੇ ਨੇਤਾ ਵਜੋਂ ਰਾਹੁਲ ਦੇ ਕੰਮ ਨੂੰ 'ਅੱਛਾ ਤੇ ਬਹੁਤ ਅੱਛਾ' ਦੱਸਣ ਵਾਲਿਆਂ ਦੇ ਅੰਕੜੇ 50 ਫ਼ੀਸਦੀ ਤੱਕ ਪਹੰਚ ਗਏ ਹਨ ਅਤੇ ਉਸ ਦੇ ਕੰਮ ਦੀ ਸ਼ਲਾਘਾ ਕਰਨ ਵਾਲੇ ਲੋਕ ਭਾਜਪਾ ਨੂੰ ਮਿਲੀਆਂ 37 ਫ਼ੀਸਦੀ ਵੋਟਾਂ ਨਾਲੋਂ 13 ਫ਼ੀਸਦੀ ਜ਼ਿਆਦਾ ਹਨ। ਰਾਸ਼ਟਰੀ ਨੇਤਾ ਦੇ ਤੌਰ 'ਤੇ ਰਾਹੁਲ ਗਾਂਧੀ ਦੀ ਸਵੀਕਾਰਤਾ ਦੀ ਰੇਟਿੰਗ ਫਰਵਰੀ 2024 ਵਿਚ ਸਿਰਫ਼ 13.8 ਫ਼ੀਸਦੀ ਸੀ, ਉਹ ਹੁਣ 25 ਫ਼ੀਸਦੀ ਹੋ ਗਈ ਹੈ। ਮਤਲਬ ਮੋਦੀ 52 ਫ਼ੀਸਦੀ 'ਤੇ ਸੀ ਅਤੇ 52 'ਤੇ ਹੀ ਹਨ, ਜਦਕਿ ਰਾਹੁਲ ਦੀ ਸਵੀਕਾਰਤਾ 11 ਫ਼ੀਸਦੀ ਤੋਂ ਜ਼ਿਆਦਾ ਵਧ ਗਈ ਹੈ।
ਹੁਣ ਦੇਖਦੇ ਹਾਂ ਕਿ ਇਹ ਯਾਤਰਾ ਸ਼ੁਰੂ ਹੋਣ ਦੇ ਬਾਅਦ 14 ਦਿਨਾਂ ਦੌਰਾਨ ਕਾਂਗਰਸ, ਭਾਜਪਾ ਅਤੇ ਰਾਹੁਲ ਤੇ ਮੋਦੀ ਦੀ ਹਰਮਨਪਿਆਰਤਾ ਵਿਚ ਕੀ ਬਦਲਾਅ ਆਇਆ ਹੈ? ਇਹ ਅੰਕੜੇ ਸੋਸ਼ਲ ਮੀਡੀਆ 'ਤੇ ਹਾਲਚਾਲ ਦੱਸਣ ਵਾਲੀ ਪ੍ਰਮੁੱਖ ਵੈੱਬਸਾਈਟ 'ਬਲੇਡ' ਤੋਂ ਲਏ ਗਏ ਹਨ, ਜੋ ਇਕ ਪ੍ਰਮਾਣਿਕ ਸਰੋਤ ਹੈ। ਯੂ-ਟਿਊਬ, ਇੰਸਟਾਗ੍ਰਾਮ, ਫੇਸਬੁੱਕ ਪਲੇਟਫਾਰਮਾਂ 'ਤੇ ਉਹੀ ਜਿੱਤਦਾ ਹੈ, ਜੋ ਅੱਗੇ ਰਹੇ ਅਤੇ ਜਿਸ ਕੋਲ ਵੱਡਾ ਸਬਸਕ੍ਰਾਈਬ ਬੇਸ ਹੋਵੇ। ਇਸ ਮਾਮਲੇ ਵਿਚ ਭਾਜਪਾ ਤੇ ਮੋਦੀ ਦੋਵੇਂ ਕਾਂਗਰਸ ਤੇ ਰਾਹੁਲ ਦੇ ਮੁਕਾਬਲੇ ਪਹਿਲਾਂ ਤੋਂ ਹੀ ਬਹੁਤ ਅੱਗੇ ਸਨ। ਇਸ ਯਾਤਰਾ ਨੇ ਖੇਡ ਬਦਲ ਕੇ ਐਨ.ਡੀ.ਏ. ਅਤੇ ਮੋਦੀ-ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਇੰਸਟਾਗ੍ਰਾਮ ਪਲੇਟਫਾਰਮ 'ਤੇ ਪਿਛਲੇ 14 ਦਿਨਾਂ ਦੌਰਾਨ ਭਾਜਪਾ ਨੂੰ 52 ਹਜ਼ਾਰ ਲੋਕਾਂ ਦੇ 'ਲਾਈਕ' ਮਿਲੇ, ਜਦਕਿ ਇਸੇ ਦੌਰਾਨ ਕਾਂਗਰਸ ਨੂੰ 7 ਲੱਖ 95 ਹਜ਼ਾਰ ਲਾਈਕ ਮਿਲੇ। ਭਾਜਪਾ ਜਿਸ ਦੇ ਫੇਸਬੁੱਕ ਪੇਜ 'ਤੇ ਕੋਈ ਪੌਣੇ 2 ਕਰੋੜ ਲਾਈਕ ਸਨ ਅਤੇ ਕਾਂਗਰਸ ਦੇ ਇਸ ਪੇਜ 'ਤੇ ਸਿਰਫ਼ 21 ਲੱਖ ਦੇ ਕਰੀਬ ਲਾਈਕ ਸਨ। ਇਨ੍ਹਾਂ 14 ਦਿਨਾਂ ਦੌਰਾਨ ਭਾਜਪਾ ਨੂੰ ਫੇਸਬੁੱਕ 'ਤੇ 30 ਹਜ਼ਾਰ ਲੋਕਾਂ ਲਾਈਕ ਕੀਤਾ, ਜਦਕਿ ਕਾਂਗਰਸ ਨੂੰ 3 ਲੱਖ 18 ਹਜ਼ਾਰ ਲੋਕਾਂ ਨੇ ਲਾਈਕ ਭੇਜੇ। ਇਸ ਦੌਰਾਨ ਯੂ-ਟਿਊਬ 'ਤੇ ਭਾਜਪਾ ਨੂੰ 62 ਲੱਖ ਦਰਸ਼ਕਾਂ ਨੇ ਦੇਖਿਆ, ਜਦਕਿ ਬਲੇਡ ਵੈੱਬਸਾਈਟ ਮੁਤਾਬਿਕ ਕਾਂਗਰਸ ਨੂੰ ਮਿਲੇ ਦਰਸ਼ਕਾਂ ਦੀ ਗਿਣਤੀ 30 ਕਰੋੜ 60 ਲੱਖ ਹੈ। ਇੰਨਾ ਵੱਡਾ ਅੰਤਰ ਦੇਖ ਕੇ ਸਿਰ ਕਿਉਂ ਨਹੀਂ ਘੁੰਮੇਗਾ, ਕਿੱਥੇ 62 ਲੱਖ ਅਤੇ ਕਿੱਥੇ 30 ਕਰੋੜ 60 ਲੱਖ ਤੋਂ ਜ਼ਿਆਦਾ ਦੇਸ਼ ਦੀ ਜਨਤਾ ਕਾਂਗਰਸ ਨਾਲ ਜੁੜੀ ਹੈ। ਲੋਕਾਂ ਵਿਚ ਭਾਜਪਾ ਕੀ ਕਰ ਰਹੀ ਹੈ, ਕੀ ਨਹੀਂ ਕਰ ਰਹੀ, ਕਿਸੇ ਨੇ ਜਾਣਨ ਦੀ ਕੋਈ ਇੱਛਾ ਨਹੀਂ ਦਿਖਾਈ। ਵੋਟਰ ਅਧਿਕਾਰ ਯਾਤਰਾ ਤੋਂ ਪਹਿਲਾਂ ਯੂ-ਟਿਊਬ 'ਤੇ ਭਾਜਪਾ ਤੇ ਕਾਂਗਰਸ ਦੇ ਲਗਭਗ ਬਰਾਬਰ ਸਬਸਕ੍ਰਾਈਬਰ ਸਨ, ਇਨ੍ਹਾਂ 14 ਦਿਨਾਂ 'ਚ ਭਾਜਪਾ ਨੂੰ 10 ਹਜ਼ਾਰ ਨਵੇਂ ਸਬਸਕ੍ਰਾਈਬਰ ਮਿਲੇ, ਜਦਕਿ ਕਾਂਗਰਸ ਨਾਲ 2 ਲੱਖ 70 ਹਜ਼ਾਰ ਨਵੇਂ ਸਬਸਕ੍ਰਾਈਬਰ ਜੁੜੇ ਹਨ।
ਰਾਹੁਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਚਾਲੇ ਤੁਲਨਾ ਦੇ ਅੰਕੜਿਆਂ ਅਨੁਸਾਰ ਵੋਟਰ ਅਧਿਕਾਰ ਯਾਤਰਾ ਤੋਂ ਪਹਿਲਾਂ ਮੋਦੀ ਇਸ ਮਾਮਲੇ 'ਚ ਰਾਹੁਲ ਤੋਂ ਬਹੁਤ ਅੱਗੇ ਸਨ, ਜਿਨ੍ਹਾਂ ਦੇ ਨਿੱਜੀ ਤੌਰ 'ਤੇ ਫੇਸਬੁੱਕ 'ਤੇ 5 ਕਰੋੜ ਤੋਂ ਵਧੇਰੇ 'ਲਾਈਕ' ਹਨ, ਪਰ ਰਾਹੁਲ ਕੋਲ 83 ਲੱਖ ਲਾਈਕ ਸਨ। ਇਸ ਦੌਰਾਨ ਮੋਦੀ ਨੂੰ ਲਾਈਕ ਕਰਨ ਵਾਲਿਆਂ ਦੀ ਗਿਣਤੀ ਸਿਰਫ਼ 63 ਹਜ਼ਾਰ ਵਧੀ, ਜਦਕਿ ਰਾਹੁਲ ਨੂੰ 3 ਲੱਖ 78 ਹਜ਼ਾਰ ਨਵੇਂ ਲਾਈਕ ਮਿਲੇ। ਇਸ ਦੌਰਾਨ ਇੰਸਟਾਗਰਾਮ 'ਤੇ ਮੋਦੀ ਜੀ ਨੂੰ 1 ਲੱਖ 64 ਹਜ਼ਾਰ ਫਾਲੋਅਰਜ਼ ਮਿਲੇ, ਜਦਕਿ ਰਾਹੁਲ ਨੂੰ 5 ਲੱਖ 41 ਹਜ਼ਾਰ ਨਵੇਂ ਫਾਲੋਅਰਜ਼ ਮਿਲੇ ਹਨ। ਜ਼ਿਕਰਯੋਗ ਹੈ ਕਿ ਯੂ-ਟਿਊਬ 'ਤੇ ਮੋਦੀ ਅਤੇ ਰਾਹੁਲ ਦਾ 1-1 ਚੈਨਲ ਹੈ। ਇਨ੍ਹਾਂ 14 ਦਿਨਾਂ ਦੌਰਾਨ ਮੋਦੀ ਦੇ ਖਾਤੇ ਵਿਚ ਸਾਢੇ 7 ਕੋਰੜ ਨਵੇਂ ਸਬਸਕ੍ਰਾਈਬਰ ਆਏ, ਪਰ ਰਾਹੁਲ ਗਾਂਧੀ ਨੇ ਬਾਜ਼ੀ ਮਾਰਦਿਆਂ 12 ਕਰੋੜ 20 ਲੱਖ ਨਵੇਂ ਸਬਸਕ੍ਰਾਈਬਰ ਪ੍ਰਾਪਤ ਕੀਤੇ ਹਨ। ਜੇਕਰ ਵੋਟਰ ਅਧਿਕਾਰ ਯਾਤਰਾ ਦੌਰਾਨ ਜਾਂ ਬਾਅਦ ਵਿਚ 'ਮੂਡ ਆਫ ਦਾ ਨੇਸ਼ਨ' ਸਰਵੇਖਣ ਕੀਤਾ ਗਿਆ ਹੁੰਦਾ ਤਾਂ ਰਾਹੁਲ ਦੇ ਅੰਕੜੇ ਕੁਝ ਹੋਰ ਹੀ ਸਾਹਮਣੇ ਆਉਂਦੇ। ਮੌਜੂਦਾ ਰਾਜਨੀਤਕ ਹਾਲਾਤ ਇਕ ਹੋਰ ਗੱਲ ਬਿਆਨ ਕਰਦੇ ਹਨ ਕਿ ਰਾਹੁਲ ਗਾਂਧੀ ਜਦੋਂ ਵੀ ਮੋਦੀ ਨੂੰ ਹਰਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠੇਗਾ ਤਾਂ ਕਹਿਣ ਵਾਲੇ ਇਹ ਗੱਲ ਕਹਿਣ ਤੋਂ ਨਹੀਂ ਝਿਜਕਣਗੇ ਕਿ ਇਸ ਬੰਦੇ ਨੇ ਪੈਦਲ ਤੁਰ-ਤੁਰ ਕੇ ਲੋਕਾਂ ਵਿਚ ਰਹਿੰਦਿਆਂ ਲੋਕਾਂ ਤੋਂ ਦੂਰ ਸੁਰੱਖਿਆ ਘੇਰੇ ਵਿਚ ਰੇਂਜ ਰੋਵਰ ਤੇ ਜੈੱਟ ਵਿਚ ਚੱਲਣ ਵਾਲੇ ਮੋਦੀ ਨੂੰ ਹਰਾ ਦਿੱਤਾ ਹੈ। ਜਦੋਂ ਕਾਂਗਰਸ ਨੇ ਰਾਹੁਲ ਦੇ ਪ੍ਰਧਾਨ ਹੁੰਦਿਆਂ ਉਸ ਦੀ ਅਗਵਾਈ 'ਚ 3 ਸੂਬਿਆਂ 'ਚ ਵਿਧਾਨ ਸਭਾਵਾਂ ਦੀਆਂ ਚੋਣਾਂ ਜਿੱਤ ਕੇ ਭਾਜਪਾ ਨੂੰ ਗੁਜਰਾਤ ਵਿਚ ਹਾਰ ਦੇ ਕੰਢੇ ਪਹੁੰਚਾ ਦਿੱਤਾ ਸੀ ਤਾਂ ਉਸ ਦੀ ਰੇਟਿੰਗ ਵਿਚ ਜ਼ਬਰਦਸਤ ਵਾਧਾ ਹੋਇਆ ਸੀ ਅਤੇ ਮੋਦੀ ਦੀ ਰੇਟਿੰਗ ਕਾਫ਼ੀ ਹੇਠਾਂ ਚਲੀ ਗਈ ਸੀ। ਹੁਣ ਰਾਜਨੀਤਕ ਪ੍ਰਸਥਿਤੀ ਮੁੜ ਉਸੇ ਪਲ ਦੀ ਉਡੀਕ ਕਰ ਰਹੀ ਹੈ, ਬਸ ਇਕ ਵਿਧਾਨ ਸਭਾ ਚੋਣ ਜਿੱਤਣ ਦੀ ਗੱਲ ਹੈ। ਮੋਦੀ ਤੇ ਭਾਜਪਾ ਦੇ ਭਰਮਜਾਲ ਦਾ ਸਿਲਸਿਲਾ ਟੁੱਟਣਾ ਸ਼ੁਰੂ ਹੋ ਜਾਵੇਗਾ।
(ਲੇਖਕ ਅੰਬੇਡਕਰ ਵਿਸ਼ਵ ਯੂਨੀਵਰਸਿਟੀ, ਦਿੱਲੀ 'ਚ ਪ੍ਰੋਫ਼ੈਸਰ ਅਤੇ ਭਾਰਤੀ ਭਾਸ਼ਾਵਾਂ 'ਚ ਅਭਿਲੇਖਾਗਰੀ ਖੋਜ ਪ੍ਰੋਗਰਾਮ ਦੇ ਨਿਰਦੇਸ਼ਕ ਹਨ)
abhaydubey@aud.ac.in