18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਬਹੁਵਿਧ ਲੇਖਕ ਡਾ. ਸਰਬਜੀਤ ਸਿੰਘ ਛੀਨਾ

Ad Position 21
No active advertisement
ਅਜੀਤ ਡੈਸਕ 28-09-2025

ਮੈਂ ਸਰਬਜੀਤ ਸਿੰਘ ਛੀਨਾ ਨੂੰ ਆਪਣੇ ਖੱਬੇ ਪਖੀ ਵਿਚਾਰਧਾਰਾ ਵਾਲੇ ਮਿੱਤਰਾਂ ਰਾਹੀਂ ਮਿਲਦਾ ਸਾਂ। ਜਲੰਧਰ ਨੇੜਲੇ ਗੜ੍ਹਾ ਨਿਵਾਸੀ ਭਰਾਵਾਂ ਹਰਦਿਆਲ ਤੇ ਨੌਨਿਹਾਲ ਚੱਠਾ ਰਾਹੀਂ। ਉਨ੍ਹਾਂ ਨੇ ਦੱਸਿਆ ਸੀ ਕਿ ਸਰਬਜੀਤ ਦੇ ਬਚਪਨ ਵਿਚ ਕਾਮਰੇਡ ਦਲੀਪ ਸਿੰਘ ਟਪਿਆਲਾ ਤੇ ਹਰਕਿਸ਼ਨ ਸਿੰਘ ਸੁਰਜੀਤ, ਸਰਬਜੀਤ ਦੇ ਪਿਤਾ ਕੋਲ ਅਕਸਰ ਜਾਂਦੇ ਹੁੰਦੇ ਸਨ। ਇਹੀ ਕਾਰਨ ਹੈ ਕਿ ਉਸ ਦੀਆਂ ਅੰਗਰੇਜ਼ੀ ਤੇ ਪੰਜਾਬੀ ਰਚਨਾਵਾਂ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲਵਾ, ਕੰਵਰ ਦਲੀਪ ਸਿੰਘ ਤੇ ਰਾਮ ਮਨੋਹਰ ਲੋਹੀਆ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਹੁੰਦੀ ਹੈ।
ਇਸ ਤੋਂ ਬਿਨਾਂ ਸਾਕਾ ਜਲ੍ਹਿਆਂਵਾਲਾ ਬਾਗ਼, ਵਾਹਗਾ ਸਰਹੱਦ 'ਤੇ ਉਸ ਦੇ ਬਚਪਨ ਦਾ ਪਿੰਡ ਹੀ ਨਹੀਂ, ਗਾਇਕਾ ਸੁਰਿੰਦਰ ਕੌਰ ਤੇ ਦੂਰ-ਦੁਰਾਡੇ ਦੇਸ਼ਾਂ ਵਿਚ ਨਾਮਣਾ ਖੱਟਣ ਵਾਲੇ ਪੰਜਾਬੀ ਪਿਆਰੇ ਵੀ ਉਸ ਦੀਆਂ ਰਚਨਾਵਾਂ ਦੇ ਘੇਰੇ ਵਿਚ ਆਉਂਦੇ ਹਨ। ਚੇਤੇ ਰਹੇ ਕਿ ਇਹ ਸਾਰੀਆਂ ਪੁਸਤਕਾਂ ਅੰਗਰੇਜ਼ੀ ਭਾਸ਼ਾ ਵਿਚ ਹਨ ਤੇ ਹਨ ਵੀ ਇਤਿਹਾਸ ਦੇ ਰਾਜਨੀਤਿਕ ਪਿਛੋਕੜ ਵਾਲੀਆਂ। ਉਂਝ ਉਸ ਦੇ ਪਾਠਕ ਤੇ ਵਿਦਿਆਰਥੀ ਭਲੀਭਾਂਤ ਜਾਣਦੇ ਹਨ ਕਿ ਉਸ ਦੀ ਸਮੁੱਚੀ ਵਿੱਦਿਆ ਤੇ ਸਿਖਲਾਈ ਇਨ੍ਹਾਂ ਵਿਸ਼ਿਆਂ ਤੋਂ ਵੱਖਰੀ ਹੈ, ਖੇਤੀਬਾੜੀ ਦੇ ਅਰਥ ਸ਼ਾਸਤਰ ਵਾਲੀ। ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਕਾਂ ਦੀ ਸੂਚੀ ਵੀ ਪ੍ਰਭਾਵੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਮਨਪ੍ਰੀਤ ਪਬਲਿਸ਼ਰਜ਼, ਯੂਨੀਸਟਾਰ ਬੁੱਕਸ ਤੇ ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ, ਨਵਯੁਗ ਪਬਲਿਸ਼ਰਜ਼ ਦਿੱਲੀ, ਚੀਫ਼ ਖ਼ਾਲਸਾ ਦੀਵਾਨ ਤੇ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਨਵੀਂ ਦਿੱਲੀ ਆਦਿ। 13 ਪੁਸਤਕਾਂ ਅਮਰੀਕਾ ਦੇ ਅੰਤਰਰਾਸ਼ਟਰੀ ਪਬਲਿਸ਼ਰਜ਼ ਕਿੰਡਲ ਪ੍ਰਕਾਸ਼ਕ ਨੇ ਸਜਿਲਦ, ਪੇਪਰ ਬੈਕ ਤੇ ਈ-ਬੁੱਕ ਰਾਹੀਂ ਜਾਰੀ ਕਰ ਕੇ ਐਮਾਜ਼ੋਨ ਦੁਆਰਾ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈਆਂ ਹਨ। ਖ਼ੂਬੀ ਇਹ ਕਿ ਇਨ੍ਹਾਂ ਰਚਨਾਵਾਂ ਦਾ ਆਧਾਰ ਸੁਤੰਤਰਤਾ ਸੰਗਰਾਮ ਤੇ ਦੇਸ਼ ਭਗਤੀ ਹੀ ਨਹੀਂ, ਸੁਰਿੰਦਰ ਕੌਰ ਵਰਗੀਆਂ ਗਾਇਕਾਵਾਂ ਤੇ ਲੇਖਕ ਦੇ ਆਪਣੇ ਸਫ਼ਰ ਵੀ ਹਨ, ਜਿਨ੍ਹਾਂ 'ਚੋਂ ਪਾਕਿਸਤਾਨ ਦਾ ਸਫ਼ਰਨਾਮਾ ਤੇ ਅੰਡੇਮਾਨ ਦਾ ਬਿਰਤਾਂਤ ਬੜੇ ਮਕਬੂਲ ਹੋਏ ਹਨ। ਰੂਹਾਨੀਅਤ ਦਾ ਗੁਣਗਾਇਨ ਕਰਨ ਵਾਲੀ ਪੁਸਤਕ 'ਵਿੰਟੇਜ ਆਫ ਸਪਿਰਚੂਐਲਿਟੀ' ਏਨੀ ਪ੍ਰਵਾਨ ਹੋਈ ਕਿ ਮੇਰੇ ਪ੍ਰਦੇਸਾਂ ਵਿਚ ਬੈਠੇ ਰਿਸ਼ਤੇਦਾਰ ਤੇ ਮਿੱਤਰ ਮੇਰੇ ਕੋਲੋਂ ਮੰਗਵਾਉਂਦੇ ਰਹਿੰਦੇ ਹਨ। ਇਹੀਓ ਰਚਨਾ ਹੈ ਜਿਸ ਨੇ ਮੈਨੂੰ ਹਥਲੀ ਟਿੱਪਣੀ ਲਈ ਪ੍ਰੇਰਿਆ ਹੈ। ਓਧਰਲੇ ਪੰਜਾਬ ਦੇ ਸਰਗੋਧਾ ਖੇਤਰ ਤੋਂ ਉੱਜੜ ਕੇ ਆਏ ਪਰਿਵਾਰ ਦਾ ਜੰਮਪਲ ਹੋ ਕੇ ਸਾਡਾ ਇਹ ਲੇਖਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਿਆ ਤੇ ਉੱਥੇ ਹੀ ਐਗਰੀਕਲਚਰਲ ਇਕਨਾਮਿਕਸ ਪੜ੍ਹਾਉਂਦਾ ਡੀਨ ਦੀ ਪਦਵੀ ਤੱਕ ਪਹੁੰਚਿਆ।
ਸ਼ਾਇਦ ਹੀ ਕਿਸੇ ਲੇਖਕ ਦੀਆਂ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ 90 ਪੁਸਤਕਾਂ ਛਪੀਆਂ ਹੋਣ। ਖ਼ੂਬੀ ਇਹ ਕਿ ਇਨ੍ਹਾਂ 'ਚੋਂ 13 ਪੁਸਤਕਾਂ ਅਮਰੀਕਾ ਦੇ ਪ੍ਰਕਾਸ਼ਕਾਂ ਨੇ ਛਾਪ ਕੇ ਖ਼ੁਦ ਵੀ ਜੱਸ ਖੱਟਿਆ ਤੇ ਲੇਖਕ ਦਾ ਨਾਂਅ ਵੀ ਰੌਸ਼ਨ ਕੀਤਾ। ਜਿੱਥੋਂ ਤੱਕ ਕਾਲਮਨਵੀਸੀ ਦਾ ਸੰਬੰਧ ਹੈ, ਉਸ ਦੇ ਕਾਲਮ 45 ਸਾਲਾਂ ਤੋਂ ਵੱਖ-ਵੱਖ ਪੱਤਰਾਂ 'ਚ ਛਪ ਰਹੇ ਹਨ ਤੇ ਪੜ੍ਹੇ ਜਾਂਦੇ ਹਨ। ਡਾ. ਛੀਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਲਈ ਤੇ ਇਸ ਯੂਨੀਵਰਸਟੀ ਦੀ ਸੈਨੇਟ ਤੇ ਸਿੰਡੀਕੇਟ ਦਾ ਮੈਂਬਰ ਵੀ ਰਿਹਾ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰੋਫੈਸਰ ਵੀ ਰਿਹਾ ਤੇ ਇਸ ਕਾਲਜ ਦੀ ਮੈਨੇਜਮੈਂਟ ਤੇ ਗਵਰਨਿੰਗ ਕੌਂਸਲ ਦਾ ਮੈਂਬਰ ਵੀ। ਇਹ ਮਾਣ ਵੀ ਕੇਵਲ ਛੀਨਾ ਨੂੰ ਹੀ ਪ੍ਰਾਪਤ ਹੈ, ਜਿਹੜਾ ਚੀਫ਼ ਖ਼ਾਲਸਾ ਦੀਵਾਨ ਜਿਹੀ ਸੁਪ੍ਰਸਿੱਧ ਸੰਸਥਾ ਦਾ ਆਨਰੇਰੀ ਸੈਕਟਰੀ (ਐਜੂਕੇਸ਼ਨ) ਦੀ ਪਦਵੀ ਤੱਕ ਪਹੁੰਚਿਆ। ਡਾ. ਛੀਨਾ ਦੀ ਉੱਤਮਤਾਈ ਉਸ ਦੀ ਲਿਖਣ ਸ਼ੈਲੀ ਨਾਲੋਂ ਤੱਥਾਂ ਦੀ ਪੇਸ਼ਕਾਰੀ ਵਿਚ ਜ਼ਿਆਦਾ ਹੈ। ਅੰਤ ਵਿਚ ਮੈਂ ਇਹ ਵੀ ਦੱਸ ਦਿਆਂ ਕਿ ਉਹ ਉਮਰ ਵਿਚ ਮੇਰੇ ਨਾਲੋਂ ਦੱਸ ਵਰ੍ਹੇ ਛੋਟਾ ਹੈ। ਉਸ ਦੀ ਪਹੁੰਚ ਤੇ ਪ੍ਰਾਪਤੀਆਂ ਆਪਾਂ ਸਾਰੇ ਹੀ ਜਾਣਦੇ ਹਾਂ। ਡਾ. ਸਰਬਜੀਤ ਸਿੰਘ ਛੀਨਾ ਜ਼ਿੰਦਾਬਾਦ!
ਸਾਡੇ ਰਸਮ-ਰਿਵਾਜ ਤੇ ਸੜਕ ਹਾਦਸੇ
ਪਿਛਲੇ ਕੁਝ ਸਮੇਂ ਤੋਂ ਅਖਬਾਰਾਂ ਤੇ ਮੀਡੀਆ ਵਿਚ ਹਾਦਸਿਆਂ ਦੀ ਭਰਮਾਰ ਹੈ। ਇਸ ਦਾ ਮੁੱਖ ਕਾਰਨ ਧਾਰਮਿਕ ਸਥਾਨਾਂ ਦੀ ਯਾਤਰਾ ਹੀ ਨਹੀਂ, ਜਨਮ-ਮਰਨ ਤੇ ਵਿਆਹਾਂ ਦੀਆਂ ਰਸਮਾਂ ਵੀ ਹਨ। ਧਾਰਮਿਕ ਰਹੁ-ਰੀਤਾਂ ਮੰਨਣ ਵਾਲੇ ਮ੍ਰਿਤਕ ਨੂੰ ਮੁਕਤ ਹੋਇਆ ਕਹਿ ਕੇ ਆਪਣੇ ਮਨ ਨੂੰ ਸਮਝਾ ਲੈਂਦੇ ਹਨ, ਪਰ ਹੋਰ ਵੀ ਅਨੇਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦੇ ਜੀਵਤ ਰਹਿ ਗਏ ਸੰਬੰਧੀ ਹਰ ਪਾਸੇ ਤੋਂ ਬਰਬਾਦ ਹੋ ਜਾਂਦੇ ਹਨ। ਹਾਦਸਿਆਂ ਦੇ ਜ਼ਿਆਦਾ ਕਾਰਨ ਲਾਪਰਵਾਹੀ ਨਾਲ ਜਾਂ ਲੋੜ ਤੋਂ ਵੱਧ ਰਫ਼ਤਾਰ ਨਾਲ ਵਾਹਨ ਚਲਾਉਣਾ ਆਦਿ ਹੁੰਦੇ ਹਨ। ਜੇ ਕਿਸੇ ਨੂੰ ਕਹੀਏ ਕਿ ਅਪਣੀਆਂ ਭਾਵਨਾਵਾਂ ਨੂੰ ਨੱਥ ਪਾਓ ਤਾਂ ਸੁਣਨ ਵਾਲੇ ਕਹਿਣ ਵਾਲੇ ਨੂੰ ਮੱਤ ਮਾਰੀ ਜਾਣ ਦਾ ਦੋਸ਼ੀ ਕਰਾਰ ਦੇ ਦਿੰਦੇ ਹਨ। ਫੇਰ ਵੀ ਇਹ ਸਮੱਸਿਆ ਏਨੀ ਗੰਭੀਰ ਹੈ ਕਿ ਇਸ ਬਾਰੇ ਕਹਿਣਾ, ਸੁਣਨਾ ਤੇ ਲਿਖਣਾ ਬਣਦਾ ਹੈ। ਜੇ ਅੱਜ ਨਹੀਂ ਕਰਾਂਗੇ ਤਾਂ ਹੋਰ ਕਦ ਕਰਾਂਗੇ, ਜੀ ਸਦਕੇ ਸਫ਼ਰ ਕਰੋ, ਪਰ ਹੁੜਦੰਗ ਨਾ ਮਚਾਓ। ਵਿਗਿਆਨੀਆਂ ਨੇ ਮੋਟਰ ਗੱਡੀਆਂ ਦੀ ਸਹੂਲਤ ਸਾਡੇ ਵਾਸਤੇ ਏਸ ਲਈ ਈਜਾਦ ਕੀਤੀ ਹੈ ਕਿ ਅਸੀਂ ਜੀਵਨ ਦਾ ਮਜ਼ਾ ਲੈ ਸਕੀਏ, ਏਸ ਲਈ ਨਹੀਂ ਕਿ ਅਸੀਂ ਆਪਣੇ ਜੀਵਨ ਤੋਂ ਹੀ ਹੱਥ ਧੋ ਲਈਏ।

ਈ-ਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਪੰਜਾਬ-ਸਪਤ ਸਿੰਧੂ ਤੋਂ ਪੰਚਨਾਦ ਤੱਕ ਅਗਲੀ ਖ਼ਬਰ ਹਿੰਸਾ ਦੀ ਲਪੇਟ 'ਚ ਕਿਉਂ ਆਇਆ ਲੱਦਾਖ?
Ad Position 24