ਸਾਡੇ ਪੰਜਾਬ ਦਾ ਇਤਿਹਾਸ ਬਹੁਤ ਹੀ ਪੁਰਾਣਾ, ਇਲਮ ਯਾਫ਼ਤਾ ਅਤੇ ਭਰਪੂਰ ਜਾਣਕਾਰੀ ਨਾਲ ਭਰਿਆ ਹੋਇਆ ਹੈ। ਸਿੱਧੇ ਲਫ਼ਜ਼ਾਂ ਵਿਚ ਕਹੀਏ ਤਾਂ ਇਸ ਦੀ ਹੋਂਦ ਸਾਡੀ ਪੁਰਾਤਨ ਸੱਭਿਅਤਾ ਨਾਲ ਜੁੜੀ ਹੋਈ ਹੈ। ਅੱਗੇ ਵਧਣ ਤੋਂ ਪਹਿਲਾਂ ਸਾਨੂੰ ਇਤਿਹਾਸ ਦੇ ਸਫ਼ਿਆਂ ਨੂੰ ਝੰਜੋੜਨਾ ਪਵੇਗਾ। ਸਿੰਧੂ ਘਾਟੀ ਦੀ ਤਹਿਜ਼ੀਬ ਜਿਸ ਦਾ ਪੰਜਾਬ ਤੇ ਖ਼ਾਸ ਕਰਕੇ ਇਸ ਖਿੱਤੇ ਦੇ ਉੱਤਰ-ਪੱਛਮੀ ਇਲਾਕਿਆਂ ਨਾਲ ਸਿੱਧਾ ਤਾਅਲੁਕ ਹੈ, ਦਾ ਅਰਸਾ ਈਸਾ ਪੂਰਬ ਤਕਰੀਬਨ 3300-1300 ਸਾਲ ਦਾ ਹੈ। ਵਕਤ ਗੁਜ਼ਰਨ ਨਾਲ ਕਈ ਸਮਾਜਿਕ, ਮਾਲੀ ਅਤੇ ਲੋਕਾਂ ਦੇ ਰਹਿਣ-ਸਹਿਣ ਵਿਚ ਬਦਲਾਅ ਆਉਂਦੇ ਗਏ, ਜਿਨ੍ਹਾਂ ਦੀ ਬਿਨਾਅ 'ਤੇ ਅੱਗੇ ਆਉਣ ਵਾਲੇ ਵਕਤ ਦੇ ਨਾਂਅ ਵੀ ਬਦਲਦੇ ਰਹੇ। ਮਿਸਾਲ ਦੇ ਤੌਰ 'ਤੇ ਈਸਾ ਦੇ 1500-1000 ਸਾਲ ਪਹਿਲਾਂ ਦੇ ਦੌਰ ਨੂੰ ਰਿਗ ਵੇਦ ਕਾਲ ਕਿਹਾ ਜਾਂਦਾ ਹੈ। ਇਸ ਤੋਂ ਬਾਅਦ 1000-500 ਸਾਲ ਦੇ ਅਰਸੇ ਨੂੰ ਵੈਦਿਕ ਕਾਲ ਦਾ ਨਾਂਅ ਦਿੱਤਾ ਗਿਆ ਹੈ। ਹੋਰ ਥੱਲੇ ਆਈਏ ਤਾਂ ਈਸਾ ਦੇ 500-300 ਸਾਲ ਪਹਿਲਾਂ ਦੇ ਵਕਤ ਨੂੰ ਪੁਰਾਤਨ ਕਾਲ ਕਿਹਾ ਜਾਂਦਾ ਹੈ।
ਇਤਿਹਾਸਕ ਖੋਜੀਆਂ ਦੇ ਮੁਤਾਬਕ ਰਿਗ ਵੇਦ ਕਾਲ ਵਿਚ ਅੱਜ ਦੇ ਪੰਜ ਦਰਿਆਵਾਂ ਦੀ ਧਰਤੀ ਨੂੰ ਸਪਤ ਸਿੰਧੂ (ਸੱਤ ਦਰਿਆਵਾਂ ਦਾ ਇਲਾਕਾ) ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਹ ਦਰਿਆ ਸਨ ਸਿੰਧ, ਵਿਤਾਸਤਾ (ਜੇਹਲਮ), ਅਸਕੀਨੀ (ਚਨਾਬ), ਪੁਰੂਸ਼ਨੀ (ਰਾਵੀ), ਵਿਪਾਸਾ (ਬਿਆਸ) ਸਾ/ਦਰੀ (ਸਤਲੁਜ) ਅਤੇ ਸਰਸਵਤੀ। ਅੱਗੇ ਚੱਲ ਕੇ ਸਿੰਧ ਦਰਿਆ ਨੂੰ ਸ਼ਾਮਿਲ ਕਰਨਾ ਬੰਦ ਦਿੱਤਾ ਗਿਆ ਤੇ ਨਾਲ ਹੀ ਸਰਸਵਤੀ ਨਦੀ ਜੋ ਸਤਲੁਜ ਤੇ ਜਮੁਨਾ ਦੇ ਵਿਚਕਾਰ ਵਗਦੀ ਸੀ, ਵਕਤ ਗੁਜ਼ਰਨ ਨਾਲ ਅਲੋਪ ਹੋ ਗਈ ਤੇ ਸਿਰਫ਼ ਪੰਜ ਦਰਿਆ ਹੀ ਬਚ ਗਏ। ਇਸ ਕਰਕੇ ਪੁਰਾਤਨ ਕਾਲ ਵਿਚ ਸਪਤ ਸਿੰਧੂ ਦਾ ਇਲਾਕਾ ਪੰਚਨਦ (ਪੰਜ ਨਦੀਆਂ) ਦੇ ਨਾਂਅ ਨਾਲ ਜਾਣਿਆ ਜਾਣ ਲੱਗ ਪਿਆ।
ਸਿੰਧੂ ਘਾਟੀ ਦੀ ਸੱਭਿਅਤਾ ਵਿਚ ਬੋਲੀ ਤੇ ਲਿਪੀ ਦੇ ਠੋਸ ਸਬੂਤ ਨਹੀਂ ਮਿਲਦੇ ਤੇ ਨਾ ਹੀ ਉਸ ਦੌਰ ਦੀ ਲਿਪੀ ਦਾ ਤਰਜ਼ਮਾ ਹੋ ਸਕਿਆ ਹੈ। ਬੋਲਣ ਵਾਲੀ ਜ਼ੁਬਾਨ ਦੇ ਸਭ ਤੋਂ ਪਹਿਲੇ ਸਬੂਤ ਮੱਧ-ਇੰਡੋ ਆਰਿਅਨ ਕਾਲ (ਈਸਾ ਦੇ 600 ਸਾਲ ਪਹਿਲਾਂ ਤੋਂ 1000 ਈਸਵੀ ਤੱਕ ਦਾ ਦੌਰ) ਵਿਚ ਮਿਲਦੇ ਹਨ। ਇਸ ਦੌਰਾਨ ਪ੍ਰਾਕਿਰਤ ਭਾਸ਼ਾ ਬੋਲੀ ਜਾਂਦੀ ਸੀ, ਅੱਗੇ ਚੱਲ ਕੇ ਇਸ ਵਿਚ ਸੁਧਾਰ ਆਏ ਅਤੇ ਇਹ ਅਪਭ੍ਰੰਸ਼ ਦੇ ਨਾਂਅ ਨਾਲ ਜਾਣੀ ਜਾਣ ਲੱਗੀ। ਇਤਿਹਾਸਕਾਰਾਂ ਮੁਤਾਬਿਕ ਇਸ ਬੋਲੀ ਤੋਂ ਹੀ ਹਿੰਦੀ, ਪੰਜਾਬੀ ਤੇ ਦੱਖਣੀ ਏਸ਼ੀਆ ਦੀਆਂ ਜ਼ੁਬਾਨਾਂ ਦਾ ਜਨਮ ਹੋਇਆ। 10ਵੀਂ ਸਦੀ ਵਿਚ ਇਹ ਬੋਲੀਆਂ ਸਥਿਰ ਹੋ ਗਈਆਂ। ਜਿੱਥੋਂ ਤੱਕ ਲਿਪੀ ਦਾ ਸਵਾਲ ਹੈ, 7ਵੀਂ ਸਦੀ ਵਿਚ ਕਸ਼ਮੀਰ ਤੋਂ ਸ਼ਾਰਦਾ ਲਿਪੀ ਦੀ ਇਜਾਦ ਹੋਈ। ਕੁਝ ਅਰਸੇ ਬਾਅਦ ਇਸ 'ਚੋਂ ਇਕ ਹੋਰ ਲਿਪੀ ਲੰਡੇ ਨਿਕਲੀ ਅਤੇ 10ਵੀਂ ਸਦੀ ਵਿਚ ਅੱਜ ਦੀ ਪੰਜਾਬੀ ਬੋਲੀ ਨੇ ਲੰਡੇ ਲਿਪੀ ਨੂੰ ਅਖ਼ਤਿਆਰ ਕਰ ਲਿਆ। 14ਵੀਂ ਸਦੀ ਵਿਚ ਦੋ ਅਹਿਮ ਵਾਕਿਆ ਹੋਏ। ਸੂਫ਼ੀ ਫ਼ਕੀਰ ਅਮੀਰ ਖ਼ੁਸਰੋ ਨੇ ਉਰਦੂ ਜ਼ੁਬਾਨ ਨੂੰ ਹੋਂਦ ਵਿਚ ਲਿਆਂਦਾ। ਇਹ ਅਰਬੀ-ਫ਼ਾਰਸੀ (ਸ਼ਾਹਮੁਖੀ) ਲਿੱਪੀ ਵਿਚ ਲਿਖੀ ਜਾਂਦੀ ਸੀ। ਇਹ ਇਸ ਖਿੱਤੇ ਵਿਚ ਕਾਫ਼ੀ ਮਕਬੂਲ ਹੋ ਗਈ ਅਤੇ ਪੰਚਨਦ ਬੋਲੀ ਵੀ ਸ਼ਾਹਮੁਖੀ ਵਿਚ ਲਿਖਣੀ ਸ਼ੁਰੂ ਹੋ ਗਈ। ਇਸ ਦੌਰਾਨ, ਮੋਰੱਕੋ ਦੇਸ਼ ਦੇ ਇਕ ਨਾਮਵਰ ਕਾਜ਼ੀ, ਵਿਦਵਾਨ ਤੇ ਖੋਜੀ ਮੁਸਾਫ਼ਰ ਇਬਨ ਬਤੂਤਾ ਨੇ 1325-1354 ਈ: ਦੇ ਸਾਲਾਂ ਵਿਚ 73 ਹਜ਼ਾਰ ਮੀਲ ਦਾ ਦੁਨੀਆ ਦਾ ਸਫ਼ਰ ਕੀਤਾ, ਜਿਸ ਵਿਚ ਉਹ ਏਸ਼ੀਆ, ਅਫਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਤੋਂ ਇਲਾਵਾ ਹਿੰਦੁਸਤਾਨ ਵੀ ਆਇਆ। ਇੱਥੇ ਠਹਿਰਨ ਦੌਰਾਨ ਉਸ ਨੇ ਪੰਜ ਦਰਿਆਵਾਂ ਦੇ ਖਿੱਤੇ ਪੰਚਨਾਦ ਨੂੰ ਪੰਜਾਬ ਦਾ ਨਾਂਅ ਦੇ ਦਿੱਤਾ। ਇਸ ਦੇ ਨਾਲ ਹੀ ਇੱਥੋਂ ਦੀ ਜ਼ੁਬਾਨ ਪੰਜਾਬੀ ਦੇ ਨਾਂਅ ਨਾਲ ਜਾਣੀ ਜਾਣ ਲੱਗ ਪਈ। 16ਵੀਂ ਸਦੀ ਵਿਚ ਪੰਜਾਬ ਤੇ ਪੰਜਾਬੀ ਵਿਚ ਕੁਝ ਹੋਰ ਬਦਲਾਅ ਆਏ। ਮੁਗ਼ਲ ਕਾਲ ਵਿਚ ਅਕਬਰ ਦੇ ਵਜ਼ੀਰੇ ਖਜ਼ਾਨਾ ਰਾਜਾ ਟੋਡਰ ਮੱਲ ਨੇ ਸਰਕਾਰੀ ਨਿਜ਼ਾਮ ਨੂੰ ਚੁਸਤ ਤੇ ਚੰਗਾ ਬਣਾਉਣ ਲਈ ਦਰਿਆਵਾਂ ਦੇ ਵਹਾਅ ਦੀ ਬਿਨਾਅ 'ਤੇ ਪੰਜਾਬ ਨੂੰ ਪੰਜ ਦੁਆਬਾਂ (ਦੋ ਦਰਿਆਵਾਂ ਦੇ ਵਿਚਕਾਰਲਾ ਦਾ ਇਲਾਕਾ) ਵੰਡ ਦਿੱਤਾ। ਇਨ੍ਹਾਂ ਦੇ ਨਾਂਅ ਦਰਿਆਵਾਂ ਦੇ ਨਾਂਅ ਨਾਲ ਜੋੜ ਕੇ ਬਣਾਏ ਗਏ। ਚੜ੍ਹਦੇ ਪਾਸਿਓਂ ਸਤਲੁਜ ਤੇ ਬਿਆਸ ਦਰਮਿਆਨ ਬਿਸਤ ਦੁਆਬ, ਬਿਆਸ ਤੇ ਰਾਵੀ ਦੇ ਵਿਚਕਾਰਲੇ ਖੇਤਰ ਨੂੰ ਬਾਰੀ ਦੁਆਬ (ਮਾਝਾ) ਰਾਵੀ ਤੇ ਝਨਾਬ ਦੇ ਇਲਾਕੇ ਨੂੰ ਰਚਨਾ ਦੁਆਬ, ਝਨਾਬ ਅਤੇ ਜੇਹਲਮ ਦੇ ਰਕਬੇ ਨੂੰ ਝੱਜ ਦੁਆਬ ਅਤੇ ਜੇਹਲਮ ਤੇ ਸਿੰਧ ਵਿਚਲੇ ਇਲਾਕੇ ਨੂੰ ਸਿੰਧ ਸਾਗਰ ਦੁਆਬ ਦੇ ਨਾਂਅ ਦਿੱਤੇ ਗਏ। ਅਜੇ ਤੱਕ ਪੰਜਾਬੀ ਬੋਲੀ ਦੀ ਆਪਣੀ ਕੋਈ ਲਿੱਪੀ ਨਹੀਂ ਸੀ, ਇਹ ਜ਼ਿਆਦਾਤਰ ਸ਼ਾਹਮੁਖੀ ਵਿਚ ਹੀ ਲਿਖੀ ਜਾਂਦੀ ਸੀ। ਪਰ 16ਵੀਂ ਸਦੀ ਵਿਚ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਡੇ ਤੇ ਦੇਵਨਾਗਰੀ ਲਿਪੀਆਂ ਦੀ ਮਦਦ ਨਾਲ ਗੁਰਮੁਖੀ ਲਿਪੀ ਇਜਾਦ ਕੀਤੀ, ਜੋ ਅੱਗੇ ਚੱਲ ਕੇ ਪੰਜਾਬੀ ਬੋਲੀ ਦੀ ਮੁੱਖ ਲਿਪੀ ਬਣ ਗਈ ਅਤੇ ਗੁਰਬਾਣੀ ਵੀ ਗੁਰਮੁਖੀ ਵਿਚ ਲਿਖੀ ਗਈ। ਇਲਾਕਾਈ ਨਜ਼ਦੀਕੀਆਂ ਅਤੇ ਆਪਸੀ ਸਾਂਝ ਕਰਕੇ ਪੰਜਾਬੀ 'ਤੇ ਫ਼ਾਰਸੀ ਅਤੇ ਉਰਦੂ ਦਾ ਬਹੁਤ ਅਸਰ ਪਿਆ ਹੈ। ਨਤੀਜਨ ਇਨ੍ਹਾਂ ਬੋਲੀਆਂ ਦੇ ਕਾਫ਼ੀ ਲਫ਼ਜ਼ ਜਿਵੇਂ ਕਿ ਕੌਰ (ਸ਼ੇਰਨੀ), ਦਾਰਾ (ਰਾਜਾ), ਨਿਸ਼ਾਨ (ਝੰਡਾ), ਨਿਹੰਗ, ਮਸੰਦ ਅਤੇ ਹੋਰ ਵੀ ਬਹੁਤ ਸਾਰੇ ਸ਼ਬਦ ਪੰਜਾਬੀ ਵਿਚ ਸ਼ਾਮਿਲ ਹੋ ਗਏ। ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦੌਰਾਨ ਫ਼ਾਰਸੀ ਨੂੰ ਸਰਕਾਰੀ ਜ਼ੁਬਾਨ ਦਾ ਦਰਜਾ ਦਿੱਤਾ ਗਿਆ ਸੀ। ਅੰਗਰੇਜ਼ ਹਕੂਮਤ ਨੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਈ ਕਦਮ ਉਠਾਏ। ਪੰਜਾਬ ਦੇ ਬਾਰ ਦੇ ਇਲਾਕੇ, ਗੰਜੀ ਬਾਰ, ਨੀਲੀ ਬਾਰ, ਸਾਂਦਲ ਬਾਰ ਅਤੇ ਕਿਰਾਨਾ ਬਾਰ ਦੇ ਜ਼ਿਆਦਾਤਰ ਇਲਾਕੇ ਜੰਗਲ ਹੀ ਸਨ ਅਤੇ ਘੱਟ ਆਬਾਦੀ ਦੇ ਨਾਲ-ਨਾਲ, ਖੇਤੀਬਾੜੀ ਅਤੇ ਆਬ-ਪਾਸ਼ੀ (ਸਿੰਚਾਈ) ਦੇ ਸਾਧਨ ਵੀ ਨਾਂਹ ਦੇ ਬਰਾਬਰ ਸਨ। ਸਭ ਤੋਂ ਪਹਿਲਾਂ ਨਹਿਰੀ ਨਿਜ਼ਾਮ ਲਿਆਉਣ ਲਈ 9 ਨਹਿਰਾਂ ਬਣਾਉਣ ਦਾ ਬੀੜਾ ਉਠਾਇਆ ਗਿਆ ਅਤੇ ਨਹਿਰੀ ਬਸਤੀਆਂ ਆਬਾਦ ਕਰਨ ਲਈ ਪੰਜਾਬ ਦੇ ਦੂਜੇ ਇਲਾਕਿਆਂ ਤੋਂ 10 ਲੱਖ ਲੋਕਾਂ ਨੂੰ ਇਨ੍ਹਾਂ ਬਾਰਾਂ ਵਿਚ ਵਸਾਇਆ ਗਿਆ ਅਤੇ ਮੁਫ਼ਤ ਜ਼ਮੀਨਾਂ ਅਲਾਟ ਕੀਤੀਆਂ ਗਈਆਂ। ਇਹ ਮੁਹਿੰਮ 1940 ਵਿਚ ਮੁਕੰਮਲ ਹੋਈ।
ਪੰਜਾਬੀ ਇਤਿਹਾਸ ਦੀਆਂ ਤਿੰਨ ਤਹਿਰੀਕਾਂ ਅਤੇ ਉਨ੍ਹਾਂ ਦੇ ਯੋਗਦਾਨ ਤੋਂ ਬਗੈਰ ਇਹ ਲੇਖ ਨਾ-ਮੁਕੰਮਲ ਰਹੇਗਾ। ਸਭ ਤੋਂ ਪਹਿਲਾਂ 9ਵੀਂ ਤੋਂ 12ਵੀਂ ਸਦੀ ਵਿਚ ਮਤਸਇੰਦਰਾ (ਮਛੰਦਰ) ਨਾਥ ਵਲੋਂ ਚਲਾਈ ਗਈ ਨਾਥ-ਯੋਗੀ ਲਹਿਰ ਅਤੇ ਇਨ੍ਹਾਂ ਦੇ ਸ਼ਗਿਰਦ ਗੋਰਖ ਨਾਥ ਨੇ ਆਪਣੀਆਂ ਸਿੱਖਿਆਵਾਂ ਦਾ ਪੰਜਾਬੀ ਵਿਚ ਪ੍ਰਚਾਰ ਕੀਤਾ। 12ਵੀਂ ਸਦੀ ਤੋਂ ਸ਼ੇਖ ਫ਼ਰੀਦ ਵਲੋਂ ਚਲਾਈ ਗਈ ਸੂਫ਼ੀ ਲਹਿਰ, ਜਿਸ ਵਿਚ ਅੱਗੇ ਚੱਲ ਕੇ ਬਾਬਾ ਬੁੱਲ੍ਹੇ ਸ਼ਾਹ, ਵਾਰਿਸ਼ ਸ਼ਾਹ, ਸ਼ਾਹ ਮੁਹੰਮਦ ਨੇ ਪੰਜਾਬੀ ਦੀ ਬਹੁਤ ਖ਼ਿਦਮਤ ਕੀਤੀ। ਕਿੱਸਾ ਹੀਰ-ਰਾਂਝਾ ਦੇ ਮੁਢਲੇ ਲੇਖਕ ਝੰਗ ਦੇ ਦਮੋਦਰ ਦਾਸ ਗੁਲਾਟੀ ਦਾ ਜ਼ਿਕਰ ਵੀ ਬਹੁਤ ਜ਼ਰੂਰੀ ਹੈ। 15ਵੀਂ ਤੋਂ 18ਵੀਂ ਸਦੀ ਨੂੰ ਅਸੀਂ ਮਜ਼੍ਹਬੀ, ਰੂਹਾਨੀ ਅਤੇ ਸਮਾਜਿਕ ਜਾਗਰੂਕਤਾ ਦਾ ਕਾਲ ਕਹਿ ਸਕਦੇ ਹਾਂ। ਸਿੱਖ ਗੁਰੂਆਂ ਦੀ ਗੁਰਬਾਣੀ ਅਤੇ ਪ੍ਰਚਾਰ ਨੇ ਵੀ ਪੰਜਾਬੀ ਭਾਈਚਾਰੇ ਨੂੰ ਬਹੁਤ ਮਜ਼ਬੂਤ ਕੀਤਾ।
-ਮੋਬਾਈਲ : 99234-83103