ਕ੍ਰਿਸ਼ਨ ਚੰਦਰ ਸਰਕਾਰੀ ਸਕੂਲ ਵਿਚ ਹਿੰਦੀ ਮਾਸਟਰ ਲੱਗਾ ਸੀ। ਯੂਨੀਵਰਸਿਟੀ ਪੜ੍ਹਦਿਆਂ ਉਹ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਸੀ। ਮੁੱਢ ਤੋਂ ਹੀ ਉਹ ਸਮਾਜਿਕ ਅਲਾਮਤਾਂ ਵਿਰੁੱਧ ਅਖ਼ਬਾਰਾਂ ਅਤੇ ਰਿਸਾਲਿਆਂ ਵਿਚ ਅਕਸਰ ਲੇਖ ਲਿਖਦਾ ਰਹਿੰਦਾ ਸੀ। ਉਹ ਵੱਖ-ਵੱਖ ਸੈਮੀਨਾਰਾਂ, ਸਾਹਿਤਕ ਸਮਾਗਮਾਂ ਅਤੇ ਹੋਰ ਸਮਾਜਿਕ, ਧਾਰਮਿਕ, ਵਿੱਦਿਅਕ ਅਦਾਰਿਆਂ ਵਿਚ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਵਿਚਾਰ ਪਰਗਟ ਕਰਦਾ ਰਹਿੰਦਾ ਸੀ। ਉਸ ਦਾ ਗੱਲਬਾਤ ਕਰਨ ਦਾ ਢੰਗ ਬੜਾ ਹੀ ਪ੍ਰਭਾਵਸ਼ਾਲੀ, ਆਕਰਸ਼ਕ ਅਤੇ ਖਿੱਚ-ਭਰਪੂਰ ਸੀ। ਉਸ ਦੇ ਅਗਾਂਹਵਧੂ ਵਿਚਾਰਾਂ ਕਾਰਨ ਆਮ ਲੋਕਾਂ ਵਿਚ ਉਸ ਦੀ ਵਾਹਵਾ ਭੱਲ ਬਣੀ ਹੋਈ ਸੀ। ਭਾਵੇਂ ਉਹ ਉੱਚਕੋਟੀ ਦਾ ਪੜ੍ਹਿਆ ਗੁੜ੍ਹਿਆ ਉੱਚਕੋਟੀ ਦਾ ਵਿਦਵਾਨ ਸੀ। ਪਰੰਤੂ ਉਸ ਦਾ ਖਾਣ-ਪੀਣ, ਪਹਿਨਣ-ਪਚਰਨ, ਰਹਿਣ-ਸਹਿਣ ਬਹੁਤ ਸਧਾਰਨ ਸੀ। ਉਹ ਸਾਂਵਲੇ ਜਿਹੇ ਰੰਗ ਦਾ, ਇਕਹਿਰੇ ਸਰੀਰ ਦਾ, ਲੰਮਾ ਪਤਲਾ ਛੀਂਟਕਾ ਜਿਹਾ ਗੱਭਰੂ ਬਹੁਤ ਹੀ ਸਧਾਰਨ ਸ਼ਖ਼ਸੀਅਤ ਦਾ ਮਾਲਕ ਸੀ।
ਪਿਛਲੇ ਸਾਲ ਹੀ ਉਸ ਦਾ ਵਿਆਹ ਰਾਧਾ ਰਾਣੀ ਨਾਲ ਹੋਇਆ ਸੀ। ਰਾਧਾ ਸੋਹਣੀ ਸੁਨੱਖੀ ਹਰਨੋਟੀ ਅੱਖਾਂ ਵਾਲੀ, ਪਤਲੀ ਪਤੰਗ ਵਰਗੀ, ਮਲੂਕ ਜਿਹੀ ਪਿਆਰੀ ਮੁਟਿਆਰ ਹੈ। ਉਸ ਦੀ ਬੋਤਲ ਵਰਗੀ ਫਿੱਗਰ, ਸੁਰਾਹੀਦਾਰ ਗਰਦਨ, ਕਮਰ ਇੰਨੀ ਪਤਲੀ ਕਿ ਦੋਵਾਂ ਹੱਥਾਂ ਵਿਚ ਆ ਜਾਏ। ਉਹ ਚੰਗੇ ਸੰਸਕਾਰਾਂ ਵਿਚ ਪਲੀ ਰੱਜੇ ਪੁੱਜੇ ਖ਼ਾਨਦਾਨ ਦੀ ਇਕਲੌਤੀ ਧੀ ਸੀ। ਉਹਦਾ ਡੈਡੀ ਬਾਬੂ ਹੇਮ ਰਾਜ ਸ਼ਹਿਰ ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਸੀ। ਭਾਵੇਂ ਉਹਦੇ ਮਾਪੇ ਆਪਣੇ ਸਮਾਜਿਕ ਰੁਤਬੇ ਅਨੁਸਾਰ ਧੀ ਦੇ ਵਿਆਹ ਉੱਤੇ ਬਹੁਤ ਸਾਰਾ ਦਾਜ ਦਹੇਜ ਦੇ ਰਹੇ ਸਨ। ਪਰੰਤੂ ਆਪਣੀ ਕਾਮਰੇਡੀ ਸੋਚ ਅਨੁਸਾਰ ਉਸ ਨੇ ਬਿਲਕੁਲ ਸਾਦੇ ਢੰਗ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਸਨ। ਉਸ ਨੇ ਕਿਸੇ ਵੀ ਦਾਜ ਦਹੇਜ ਤੋਂ ਬਗ਼ੈਰ ਹੀ ਵਹੁਟੀ ਨੂੰ ਵਿਆਹ ਕੇ ਘਰ ਲੈ ਆਂਦਾ ਸੀ। ਉਸ ਦੇ ਆਪਣੇ ਘਰ ਵਿਚ ਭਾਵੇਂ ਸੁੱਖ ਸਹੂਲਤ ਲਈ ਕਾਫ਼ੀ ਕੁਝ ਸੀ। ਪਰੰਤੂ ਫ਼ੇਰ ਵੀ ਵਹੁਟੀ ਦੇ ਪੇਕੇ ਘਰ ਵਾਲੀ ਠਾਠ ਇੱਥੇ ਬਿਲਕੁੱਲ ਨਹੀਂ ਸੀ। ਚੰਗੇ ਸੰਸਕਾਰਾਂ ਵਿਚ ਪਲੀ ਉਸ ਦੀ ਵਹੁਟੀ ਘਰ ਵਿਚ ਹਰ ਵੇਲੇ ਹਸੂੰ-ਹਸੂੰ ਕਰਦੀ ਰਹਿੰਦੀ ਸੀ। ਜਿਸ ਕਰਕੇ ਉਹਦੇ ਸੱਸ ਸਹੁਰਾ, ਕੁਆਰੀ ਨਣਦ ਮੀਰਾ ਅਤੇ ਮਾਸਟਰ ਜੀ ਬਹੁਤ ਖ਼ੁਸ਼ ਸਨ।
ਮਾਸਟਰ ਜੀ ਦੀ ਵਿਚਾਰਧਾਰਾ ਭਾਵੇਂ ਬਹੁਤ ਉੱਚੀ ਅਤੇ ਸੱਚੀ-ਸੁੱਚੀ ਸੀ। ਪਰੰਤੂ ਉਸ ਦੇ ਸੁਭਾਅ ਵਿਚ ਬੜਾ ਵੱਡਾ ਇਕ ਔਗੁਣ ਵੀ ਸੀ। ਉਹ ਜਦੋਂ ਵੀ ਬਾਹਰੋਂ ਕਿਸੇ ਗੱਲੋਂ ਅੱਕਿਆ ਥੱਕਿਆ ਘਰ ਵੜਦਾ ਤਾਂ ਬਾਹਰ ਦਾ ਗੁੱਸਾ ਉਹ ਵਹੁਟੀ ਉੱਤੇ ਕੱਢਦਾ ਸੀ। ਅਕਸਰ ਉਹ ਉਸ ਨੂੰ ਬੁਰਾ ਭਲਾ ਬੋਲ ਦਿੰਦਾ ਸੀ। ਪਰੰਤੂ ਸ਼ਾਂਤ ਅਤੇ ਨਿੱਘੇ ਸੁਭਾਅ ਦੀ ਰਾਧਾ ਉਸ ਦੀਆਂ ਕਹੀਆਂ ਕੌੜੀਆਂ ਗੱਲਾਂ ਨੂੰ ਹਮੇਸ਼ਾ ਆਈਆਂ ਗਈਆਂ ਕਰ ਦਿੰਦੀ ਸੀ। ਤੇ ਬਿਲਕੁਲ ਸ਼ਾਂਤ ਰਹਿੰਦੀ ਸੀ। ਜਿਸ ਨਾਲ ਮਾਸਟਰ ਜੀ ਦੇ ਕੁਰੱਖਤ ਸੁਭਾਅ ਕਾਰਨ ਵੀ ਘਰ ਵਿਚ ਸੁੱਖ ਸ਼ਾਂਤੀ ਬਣੀ ਹੋਈ ਸੀ। ਪਰੰਤੂ ਉਹ ਪਤੀ ਦੀਆਂ ਗੁੱਸੇ ਅਤੇ ਬੇਰੁਖ਼ੀ ਨਾਲ ਕਹੀਆਂ ਗੱਲਾਂ ਨੂੰ ਆਪਣੇ ਹਿਰਦੇ ਦੇ ਕਿਸੇ ਖੂੰਜੇ ਵਿਚ ਟਿਕਾਅ ਲੈਂਦੀ ਸੀ। ਉਨ੍ਹਾਂ ਗੱਲਾਂ ਨੂੰ ਵਾਰ-ਵਾਰ ਸੋਚਦੀ ਰਹਿਣ ਕਾਰਨ ਹੌਲੀ-ਹੌਲੀ ਉਸ ਦੀ ਸਿਹਤ, ਰੰਗ-ਰੂਪ ਅਤੇ ਸੁਹੱਪਣ ਘਟਣ ਲੱਗ ਪਿਆ ਸੀ। ਪਰੰਤੂ ਸੰਸਕਾਰਾਂ ਵਿਚ ਪਲੀ ਪਤਨੀ ਨੇ ਪਤੀ ਦੀ ਇਸ ਆਦਤ ਦੀ ਭਾਫ਼ ਵੀ ਆਪਣੇ ਪੇਕਿਆਂ ਤੱਕ ਨਹੀਂ ਸੀ ਜਾਣ ਦਿੱਤੀ।
ਅੱਜ ਫ਼ੇਰ ਉਹ ਬਾਹਰੋਂ ਕਿਸੇ ਗੱਲੋਂ ਤਪਿਆ ਹੋਇਆ ਘਰ ਵੜਿਆ ਸੀ। ਘਰ ਵੜਦੇ ਨੂੰ ਹੀ ਵਹੁਟੀ ਨੇ ਉਹਦੇ ਵੱਲ ਮੁਸਕੁਰਾ ਕੇ ਵੇਖਿਆ। ਪਾਣੀ ਦਾ ਗਿਲਾਸ ਭਰਿਆ ਅਤੇ ਬੋਲੀ -
'ਆ ਗਈ ਮੇਰੀ ਮੋਤੀਆਂ ਵਾਲੀ ਸਰਕਾਰ! ਲਉ ਜੀ! ਠੰਢਾ ਪਾਣੀ ਪੀਉ ਜੀ।' ਪਤਨੀ ਦੇ ਹੱਥ ਵਿਚ ਪਾਣੀ ਦਾ ਭਰਿਆ ਗਿਲਾਸ ਵੇਖ ਕੇ ਉਹ ਇਕ ਦਮ ਭੜਕ ਪਿਆ- 'ਕੀ ਕਰਾਂ ਮੈਂ ਇਹਨੂੰ? ਮੇਰੇ ਸਿਰ 'ਚ ਪਾ ਦੇ।'
ਪਤੀ ਦੀਆਂ ਗੁੱਸੇ ਵਿਚ ਕਹੀਆਂ ਗੱਲਾਂ ਸੁਣ ਕੇ ਉਹ ਇਕਦਮ ਠਠੰਬਰ ਗਈ ਸੀ। ਕੌੜੇ ਕੁਸੈਲੇ ਬੋਲ ਸੁਣ ਕੇ ਉਹਨੂੰ ਬਹੁਤ ਬੁਰਾ ਲੱਗਿਆ ਸੀ। ਇਕ ਵਾਰ ਤਾਂ ਉਹ ਧੁਰ ਅੰਦਰ ਤੱਕ ਕੰਬ ਗਈ ਸੀ। ਪਰੰਤੂ ਉਸੇ ਪਲ ਉਸ ਦੇ ਮਨ ਨੇ ਪਲਟਾ ਖਾਧਾ। ਚਿਹਰੇ ਉੱਤੇ ਮੁਸਕੁਰਾਹਟ ਲਿਆ ਕੇ ਪੂਰੇ ਹੌਂਸਲੇ ਨਾਲ ਬੋਲੀ-
'ਮਾਸਟਰ ਜੀ! ਸੋਹਣੇ ਤਾਂ ਤੁਸੀਂ ਪਹਿਲਾਂ ਈਂ ਬਹੁਤ ਓਂ। ਪਰੰਤੂ ਗੁੱਸੇ ਵਿਚ ਬੋਲਦੇ ਹੋਏ ਤਾਂ ਤੁਸੀਂ ਹੋਰ ਵੀ ਜ਼ਿਆਦਾ ਸੋਹਣੇ ਲਗਦੇ ਓਂ। ਤੁਸੀਂ ਏਸ ਤਰ੍ਹਾਂ ਹੀ ਬੋਲਿਆ ਕਰੋ। ਕਿਉਂਕਿ ਏਸ ਤਰ੍ਹਾਂ ਬੋਲਦੇ ਹੋਏ ਤੁਸੀਂ ਮੈਨੂੰ ਬਹੁਤੇ ਈ ਪਿਆਰੇ ਲਗਦੇ ਓਂ। ਤੇ ਏਸ ਤਰ੍ਹਾਂ ਗੁੱਸੇ ਵਿਚ ਵੇਖ ਕੇ ਮੈਨੂੰ ਤੁਹਾਡੇ ਉੱਤੇ ਬਹੁਤਾ ਈ ਪਿਆਰ ਆਉਂਦੈ।' ਪਤਾ ਤਾਂ ਮਾਸਟਰ ਜੀ ਨੂੰ ਵੀ ਸੀ ਕਿ ਉਹ ਕਿੰਨਾ ਕੁ ਸੋਹਣਾ ਸੁਨੱਖਾ ਹੈ? ਸੰਸਕਾਰੀ ਪਤਨੀ ਦੀਆਂ ਸਹਿਜਤਾ ਅਤੇ ਪਿਆਰ ਨਾਲ ਕਹੀਆਂ ਗੱਲਾਂ ਉਸ ਦੇ ਦਿਲ ਉੱਤੇ ਆ ਲੱਗੀਆਂ। ਇਕ ਵਾਰੀ ਤਾਂ ਉਸ ਨੂੰ ਬਹੁਤ ਸ਼ਰਮ ਆਈ। ਉਸ ਨੇ ਉਸੇ ਵੇਲੇ ਆਪਣੀ ਗ਼ਲਤੀ ਨੂੰ ਮੰਨਿਆਂ। ਤੇ ਉਸ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਰਾਧਾ ਦੀਆਂ ਅੱਖਾਂ ਵਿਚ ਤੱਕਿਆ। ਅੱਗੇ ਵਧ ਕੇ ਉਸ ਨੇ ਵਹੁਟੀ ਨੂੰ ਆਪਣੀਆਂ ਬਾਹਵਾਂ ਵਿਚ ਘੁੱਟ ਲਿਆ। ਪਤੀ ਦੀਆਂ ਅੱਖਾਂ ਵਿਚ ਪਛਤਾਵੇ ਦੇ ਹੰਝੂ ਦੇਖ ਕੇ ਉਸ ਦੀਆਂ ਅੱਖਾਂ ਵੀ ਛਲਕ ਪਈਆਂ।
-06, ਥਲੇਸ ਬਾਗ਼ ਕਲੋਨੀ, ਨਾਭਾ ਗੇਟ ਬਾਹਰ ਸੰਗਰੂਰ।
ਮੋਬਾਈਲ : 08427685020.