18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਹਾੜੀ ਰਾਜਾਂ ਵਿਚ ਵਿਕਾਸ ਦੇ ਨਾਂਅ 'ਤੇ ਹੋ ਰਹੀ ਹੈ ਤਬਾਹੀ

Ad Position 21
No active advertisement
ਅਜੀਤ ਡੈਸਕ 28-09-2025

ਦੇਸ਼ ਵਿਚ ਇਸ ਸਮੇਂ ਵਿਕਾਸ ਤੇ ਤਬਾਹੀ ਵਿਚਕਾਰ ਇਕ ਜੰਗ ਚੱਲ ਰਹੀ ਜਾਪਦੀ ਹੈ। ਪਹਾੜੀ ਸੂਬਿਆਂ ਵਿਚ ਸਰਕਾਰਾਂ ਵਿਕਾਸ ਦੇ ਲਈ ਯਤਨਸ਼ੀਲ ਹਨ, ਜਦੋਂ ਕਿ ਕੁਦਰਤ ਇਸ ਵਿਕਾਸ ਨੂੰ ਤਬਾਹੀ ਵਿਚ ਬਦਲਣ ਲਈ ਤਤਪਰ ਲੱਗ ਰਹੀ ਹੈ। ਹਾਲਾਤ ਅਜਿਹੇ ਹਨ ਕਿ ਜਿੱਥੇ ਵੀ ਜਿੰਨੀਆਂ ਜ਼ਿਆਦਾ ਸੈਲਾਨੀ ਸਹੂਲਤਾਂ ਵਿਕਸਿਤ ਹੋ ਰਹੀਆਂ ਹਨ, ਉੱਥੇ ਓਨੀ ਜ਼ਿਆਦਾ ਤਬਾਹੀ ਹੋ ਰਹੀ ਹੈ। ਇਸ ਦੇ ਬਾਵਜੂਦ ਸਰਕਾਰਾਂ ਤੇ ਕੁਦਰਤ ਦੋਵੇਂ ਧਿਰਾਂ ਇਕ-ਦੂਜੇ ਨੂੰ ਪਛਾੜਨ 'ਤੇ ਲੱਗੀਆਂ ਹੋਈਆਂ ਹਨ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ ਤੇ ਦਿੱਲੀ ਵਿਚ ਸੈਰ-ਸਪਾਟਾ ਸੈਕਟਰ ਜਿੰਨੀ ਤੇਜ਼ੀ ਨਾਲ ਵਿਕਸਿਤ ਹੋਇਆ ਸੀ, ਹੁਣ ਉਸ ਤੋਂ ਦੁੱਗਣੀ ਗਤੀ ਨਾਲ ਟੁੱਟਣ ਲੱਗਾ ਹੈ। ਕੇਦਾਰਨਾਥ ਆਫ਼ਤ ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰਾਂ ਆਪਣੇ ਬਜਟ ਦਾ ਵੱਡਾ ਹਿੱਸਾ ਸੈਲਾਨੀ ਸਹੂਲਤਾਂ 'ਤੇ ਖਰਚ ਕਰ ਰਹੀਆਂ ਹਨ ਤਾਂ ਕਿ ਮਨੋਰੰਜਨ ਜਾਂ ਭਗਤੀ ਭਾਵ ਨਾਲ ਆਉਣ ਵਾਲੇ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਦਰਅਸਲ ਤਬਾਹੀ ਦੀ ਇਸ ਕਹਾਣੀ ਤੋਂ ਪਹਿਲਾਂ, ਇਸ ਗੱਲ ਨੂੰ ਸਮਝ ਲਿਆ ਜਾਵੇ ਕਿ ਹਵਾ ਵਿਚ ਤੈਰਦੇ ਹੋਏ 'ਰੋਪਵੇਅ' ਜ਼ਰੀਏ ਕਿਸ ਤਰ੍ਹਾਂ ਸੈਰਸਪਾਟਾ ਪ੍ਰੇਮੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਾਉਣ ਲਈ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉੱਤਰਾਖੰਡ ਨੂੰ ਉੱਤਰ ਪ੍ਰਦੇਸ਼ ਤੋਂ ਵੱਖ ਹੋ ਕੇ ਨਵਾਂ ਸੂਬਾ ਬਣਿਆਂ 9 ਨਵੰਬਰ 2025 ਨੂੰ 25 ਸਾਲ ਹੋ ਜਾਣਗੇ, ਮਤਲਬ ਉੱਤਰਾਖੰਡ ਆਪਣੀ ਪਹਿਲੀ ਸਿਲਵਰ ਜੁਬਲੀ ਮਨਾਉਣ ਜਾ ਰਿਹਾ ਹੈ। ਇਸ ਲਈ ਸੂਬਾ ਸਰਕਾਰ ਨੇ 'ਦੇਵਭੂਮੀ ਰਜਤੋਤਸਵ' ਮਨਾਉਣ ਲਈ ਸੂਬੇ ਵਿਚ ਪੂਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਯੋਜਨਾ ਬਣਾਈ ਹੈ, ਐਲਾਨੀਆਂ ਗਈਆਂ ਲੰਬੇ ਸਮੇਂ ਦੀਆਂ ਵਿਕਾਸ ਯੋਜਨਾਵਾਂ ਇਸੇ ਪਹਿਲਕਦਮੀ ਦਾ ਹਿੱਸਾ ਹਨ। ਉੱਤਰਾਖੰਡ ਵਿਚ ਰੇਲ, ਬੱਸ ਤੇ ਹਵਾਈ ਆਵਾਜਾਈ ਦੇ ਨਾਲ-ਨਾਲ ਹਵਾ ਵਿਚ ਤੈਰਦੇ ਹੋਏ ਆਉਣ-ਜਾਣ ਲਈ 'ਰੋਪਵੇਅ' ਦੇ ਅਨੇਕਾਂ ਪ੍ਰਾਜੈਕਟ ਚੱਲ ਰਹੇ ਹਨ। ਕੇਦਾਰਨਾਥ ਯਾਤਰਾ ਨੂੰ ਸੁਖਾਲੀ ਬਣਾਉਣ ਲਈ ਲਗਭਗ 13 ਕਿਲੋਮੀਟਰ ਲੰਬਾ ਰੋਪਵੇਅ ਪ੍ਰਾਜੈਕਟ 4,000 ਕਰੋੜ ਰੁਪਏ ਦਾ ਹੈ। ਹੇਮਕੁੰਟ ਸਾਹਿਬ ਵਿਚ ਵੀ ਲਗਭਗ ਇੰਨਾ ਲੰਬਾ ਇਕ ਰੋਪਵੇਅ ਬਣੇਗਾ, ਜਿਸ ਦੀ ਲਾਗਤ 3,000 ਕਰੋੜ ਰੁਪਏ ਹੋਵੇਗੀ। ਕਾਠਗੋਦਾਮ ਤੋਂ ਨੈਨੀਤਾਲ-ਕੈਂਚੀਧਾਮ ਤੱਕ, ਦੇਹਰਾਦੂਨ ਤੋਂ ਮਸੂਰੀ ਤੱਕ ਅਤੇ ਬਰਨਾਲਾ ਦਯਾਰਾ ਬੁਗਿਆਲ ਅਤੇ ਕਾਰਤਿਕ ਸਵਾਮੀ ਮੰਦਰ ਤੱਕ ਵੀ ਰੋਪਵੇਅ ਬਣਾਏ ਜਾਣਗੇ। ਇਸ ਤੋਂ ਇਲਾਵਾ, ਨੈਨੀਤਾਲ-ਮਸੂਰੀ ਅਤੇ ਔਲੀ ਵਿਚ ਰੋਪਵੇਅ ਪਹਿਲਾਂ ਹੀ ਚੱਲ ਰਹੇ ਹਨ। ਸਰਕਾਰੀ ਐਲਾਨਾਂ ਮੁਤਾਬਿਕ ਸੂਬੇ ਵਿਚ 50 ਤੋਂ ਵੱਧ ਰੋਪਵੇਅ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਦੇ ਮੁਕੰਮਲ ਹੋਣ ਦੀਆਂ ਤਰੀਕਾਂ ਜੋ ਵੀ ਹੋਣ, ਪਰ ਇਨ੍ਹਾਂ ਦੀ ਗਤੀ ਦਾ ਅੰਦਾਜ਼ਾ ਮਾਤਾ ਪੂਰਨਾਗਿਰਿ ਵੱਲ ਬਣਾਏ ਜਾ ਰਹੇ ਰੋਪਵੇਅ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ। ਜਿਸ ਦਾ ਨਿਰਮਾਣ ਕਾਰਜ 2012 ਵਿਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਬਣਾਉਣ ਵਾਲੀ ਕੰਪਨੀ ਹਰ ਸਾਲ 2 ਸਾਲਾਂ ਦੀ ਹੋਰ ਮਿਆਦ ਵਧਾਉਣ ਦੀ ਬੇਨਤੀ ਕਰ ਦਿੰਦੀ ਹੈ।
ਉੱਤਰਾਖੰਡ ਵਿਚ ਸੜਕਾਂ ਦੀ ਸਥਿਤੀ ਕਿਸੇ ਤੋਂ ਵੀ ਛੁਪੀ ਹੋਈ ਨਹੀਂ ਹੈ। ਚਾਰਧਾਮ ਯਾਤਰਾ ਰੂਟ ਸਾਲਾਂ ਤੋਂ ਨਿਰਮਾਣ ਅਧੀਨ ਹੈ, ਪਰ ਪਹਾੜੀ ਮਾਰਗ ਹੋਣ ਕਾਰਨ ਵਾਰ-ਵਾਰ ਰੁਕਾਵਟ ਪੈਂਦੀ ਰਹਿੰਦੀ ਹੈ। ਰੇਲਵੇ ਦਾ ਕੰਮ ਵੀ ਆਪਣੀ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਹਿਮਾਚਲ ਦੀ ਸਥਿਤੀ ਕੁਝ ਵੱਖਰੀ ਹੈ। ਭਾਵੇਂ ਇੱਥੇ ਰੋਪਵੇਅ ਤੇ ਰੇਲਵੇ ਯੋਜਨਾਵਾਂ ਵਧੇਰੇ ਨਹੀਂ, ਪਰ ਸੜਕਾਂ ਦਾ ਕੁਝ ਵਿਕਾਸ ਜ਼ਰੂਰ ਹੋਇਆ ਹੈ। ਹਾਲਾਂਕਿ ਜੰਮੂ-ਕਸ਼ਮੀਰ ਵਿਚ ਰੇਲ ਮਾਰਗ ਦੀ 'ਧਰਤੀ ਦੇ ਇਸ ਸਵਰਗ' ਤੱਕ ਪਹੁੰਚ ਬਣ ਚੁੱਕੀ ਹੈ ਅਤੇ ਇਸ ਨੂੰ ਹੋਰ ਪਹਾੜੀ ਖੇਤਰਾਂ ਤੱਕ ਵਧਾਉਣ ਦੀਆਂ ਯੋਜਨਾਵਾਂ ਹਨ। ਪਹਾੜੀ ਸੂਬਿਆਂ ਵਿਚ ਹੋ ਰਹੇ ਇਸ ਵਿਕਾਸ ਨੇ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਲੂਆਂ ਲਈ ਰੋਪਵੇਅ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਤੱਕ, ਹੈਲੀਕਾਪਟਰਾਂ ਤੋਂ ਲੈ ਕੇ ਘੋੜਿਆਂ ਤੱਕ ਦੀਆਂ ਸਹੂਲਤਾਂ ਹਨ। ਬੇਸ ਕੈਂਪ ਕਟੜਾ ਵਿਖੇ ਹੋਟਲਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਆਸਾਨੀ ਨਾਲ ਇਕ ਛੋਟਾ ਸ਼ਹਿਰ ਰਹਿ ਸਕਦਾ ਹੈ। ਇਨ੍ਹਾਂ ਸਹੂਲਤਾਂ ਦੇ ਵਿਆਪਕ ਨਿਰਮਾਣ ਨੇ ਪਹਾੜਾਂ 'ਤੇ ਬੋਝ ਵਧਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਹਾਲ ਹੀ ਵਿਚ ਪਹਾੜ ਟੁੱਟਣ ਦੀ ਘਟਨਾ ਦੌਰਾਨ ਕਈ ਲੋਕ ਮਾਰੇ ਗਏ ਤੇ ਘਰ ਮਿੱਟੀ ਦਾ ਢੇਰ ਬਣ ਗਏ।
ਉੱਤਰਾਖੰਡ ਵਿਚ ਗੰਗੋਤਰੀ-ਯਮੁਨੋਤਰੀ ਰਸਤਾ ਇੰਨਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਕਿ ਇਸ ਦੀ ਮੁਰੰਮਤ ਹੋਣ ਵਿਚ ਘੱਟੋ-ਘੱਟ ਇਕ ਸੀਜ਼ਨ ਲੱਗ ਜਾਵੇਗਾ। ਹਿਮਾਚਲ ਵਿਚ ਘਰਾਂ, ਦੁਕਾਨਾਂ ਤੇ ਹੋਟਲਾਂ ਨੂੰ ਵਹਾ ਕੇ ਲੈ ਜਾਣ ਵਾਲਾ ਹੜ੍ਹਾਂ ਦਾ ਪਾਣੀ ਆਪਣੇ ਪਿੱਛੇ ਬਰਬਾਦੀ ਦੇ ਖੰਡਰ ਛੱਡ ਗਿਆ ਹੈ। ਇੱਥੇ ਜਿੰਨਾ ਜ਼ਿਆਦਾ ਵਿਕਾਸ ਹੋਇਆ, ਉਸ ਤੋਂ ਜ਼ਿਆਦਾ ਵਿਨਾਸ਼ ਹੋ ਚੁੱਕਾ ਹੈ। ਹਿਮਾਚਲ ਵਿਚ ਹੁਣ ਤੱਕ 4.5 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਇਥੋਂ ਦੇ ਸੈਲਾਨੀ ਜ਼ਿਲ੍ਹੇ- ਕੁੱਲੂ, ਚੰਬਾ, ਮੰਡੀ, ਸ਼ਿਮਲਾ ਤੇ ਕਾਂਗੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉੱਤਰਾਖੰਡ ਵਿਚ ਵੀ ਘੱਟੋ-ਘੱਟ 5,000 ਕਰੋੜ ਦਾ ਨੁਕਸਾਨ ਹੋਇਆ ਹੈ ਅਤੇ ਇਕ ਦਰਜਨ ਤੋਂ ਵੱਧ ਜ਼ਿਲ੍ਹੇ ਆਫ਼ਤਾਂ ਤੋਂ ਪ੍ਰਭਾਵਿਤ ਹੋਏ ਹਨ। ਪਹਾੜੀ ਮਾਹਿਰ ਇਨ੍ਹਾਂ ਆਫ਼ਤਾਂ ਦੀ ਵਜ੍ਹਾ ਕੁਦਰਤ ਨਾਲ ਖਿਲਵਾੜ ਕਰਕੇ ਕੀਤੇ ਵਿਕਾਸ ਕਾਰਜਾਂ ਨੂੰ ਮੰਨਦੇ ਹਨ। ਸੂਬਾ ਸਰਕਾਰ ਅਜੇ ਤੱਕ ਹੋਏ ਨੁਕਸਾਨ ਦਾ ਸਹੀ ਮੁਲਾਂਕਣ ਤੱਕ ਨਹੀਂ ਕਰ ਸਕੀ, ਜਦਕਿ ਪਹਾੜਾਂ ਵਿਚ ਸਰਦੀਆਂ ਤੋਂ ਪਹਿਲਾਂ ਦਾ ਸੈਲਾਨੀ ਸੀਜ਼ਨ ਦੋ ਹਫ਼ਤੇ ਤੱਕ ਸ਼ੁਰੂ ਹੋਣ ਵਾਲਾ ਹੈ। ਇਸ ਸਾਲ ਦੀਵਾਲੀ ਜਲਦੀ ਹੋਣ ਕਰਕੇ 'ਚਾਰ ਧਾਮ' ਅਤੇ ਪੰਚ ਕੇਦਾਰਨਾਥ ਧਾਰਮਿਕ ਸਥਾਨਾਂ ਦੇ ਕਿਵਾੜ ਵੀ ਜਲਦੀ ਬੰਦ ਹੋ ਜਾਣਗੇ। ਅਜਿਹੀ ਸਥਿਤੀ 'ਚ ਸੈਲਾਨੀਆਂ ਲਈ ਪ੍ਰਬੰਧ ਕਿਵੇਂ ਕੀਤੇ ਜਾਣਗੇ ਇਹ ਸਮਝ ਤੋਂ ਪਰ੍ਹੇ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ਤੇ ਵ੍ਰਿੰਦਾਵਨ ਵਿਚ ਵਿਕਾਸ ਦਾ ਹੜ੍ਹ ਆਇਆ ਹੋਇਆ ਹੈ। ਇੱਥੇ ਸ਼ਰਧਾਲੂਆਂ ਤੇ ਸੈਲਾਨੀਆਂ ਨੇ ਪੰਜ-ਸਿਤਾਰਾ ਹੋਟਲਾਂ ਵਿਚ ਠਹਿਰਨ ਦੇ ਨਾਲ-ਨਾਲ ਕਿਸ਼ਤੀਆਂ 'ਤੇ ਤੈਰ ਕੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦਾ ਅਨੰਦ ਲੈਣ ਦੀ ਚੋਣ ਕੀਤੀ ਹੈ, ਜਦਕਿ ਉੱਤਰਾਖੰਡ ਦੇ ਹਰਿਦੁਆਰ ਵਿਚ ਆਮ ਲੋਕ ਅਸਥੀਆਂ ਜਲ ਪ੍ਰਵਾਹ ਕਰਨ ਲਈ ਤਰਸ ਰਹੇ ਹਨ।
ਹੁਣ ਸਰਕਾਰ ਫੌਰੀ ਰਾਹਤ ਪੈਕੇਜ ਦੇ ਰਹੀ ਹੈ। ਸੂਬਿਆਂ ਵਿਚ ਹੋਏ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਜਾ ਰਿਹਾ ਹੈ ਕਿ ਸੈਲਾਨੀਆਂ ਤੇ ਸ਼ਰਧਾਲੂਆਂ ਦੇ ਆਸਾਨੀ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਅਪੜਨ ਲਈ ਤੁਰੰਤ ਪ੍ਰਬੰਧ ਹੋਣੇ ਚਾਹੀਦੇ ਹਨ। ਹਾਲਾਂਕਿ ਸੜਕਾਂ ਟੁੱਟੀਆਂ ਹੋਈਆਂ ਹਨ ਤੇ ਪਹਾੜਾਂ ਤੋਂ ਪੱਥਰ ਡਿਗਣ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ। ਇਹ ਸਭ ਉਹ ਸਮੱਸਿਆਵਾਂ ਹਨ, ਜਿਨ੍ਹਾਂ ਦਾ ਕੋਈ ਢੁਕਵਾਂ ਹੱਲ ਨਹੀਂ ਹੈ। ਪਹਿਲਾਂ ਜਿਹੜੇ ਪਹਾੜਾਂ ਨੂੰ ਬਾਰੂਦ ਨਾਲ ਤੋੜਿਆ ਜਾਂਦਾ ਹੈ, ਬਾਅਦ ਵਿਚ ਉਨ੍ਹਾਂ ਨੂੰ ਲੋਹੇ ਦੇ ਜਾਲ ਤੇ ਸੀਮਿੰਟ ਨਾਲ ਪੱਕਾ ਕੀਤਾ ਜਾਂਦਾ ਹੈ। ਅਜਿਹਾ ਲੱਗਦਾ ਹੈ ਅਜਿਹੇ ਅਖੌਤੀ ਵਿਕਾਸ ਦਾ ਵਿਰੋਧ ਕਰਨ ਲਈ ਤਬਾਹੀ ਨੇ ਆਪਣੀ ਇਕ ਨਿਯਮਤ ਯੋਜਨਾ ਬਣਾ ਲਈ ਹੈ।

(ਲੇਖਕ ਰਾਜਸਥਾਨ ਤੋਂ ਪ੍ਰਕਾਸ਼ਿਤ ਨਵਜਯੋਤੀ ਦੇ ਸਾਬਕਾ ਸਾਹਿਤਕ ਸੰਪਾਦਕ ਹਨ।)
-ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-42 * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਅੱਖਾਂ ਵਿਚੋਂ ਛਲਕਿਆ ਪਾਣੀ
Ad Position 24