ਗ਼ਜ਼ਲਕਾਰ ਦਵਿੰਦਰ ਸਿੰਘ ਪੂਨੀਆ ਖੇਤਾਂ ਦਾ ਪੁੱਤ ਹੈ, ਉਸ ਨੇ ਬਾਗ਼ਬਾਨੀ ਵਿਚ ਐੱਮ. ਐੱਸ. ਸੀ. ਤਕ ਦੀ ਤਾਲੀਮ ਹਾਸਿਲ ਕੀਤੀ ਹੋਈ ਹੈ। ਇਸੇ ਕਾਰਨ ਉਸ ਦੇ ਸ਼ਿਅਰਾਂ ਵਿਚ ਖੇਤਾਂ ਦਾ ਦਰਦ ਬੋਲਦਾ ਹੈ ਤੇ ਮਿਹਨਤਕਸ਼ਾਂ ਦੇ ਮੁੜ੍ਹਕੇ ਨਾਲ ਬਣੀ ਚਿੱਤਰਕਥਾ ਦਿਖਾਈ ਦਿੰਦੀ ਹੈ। ਉਸ ਨੇ ਕੁਝ ਸਾਲ ਅਮਰੀਕਨ ਕੰਪਨੀ ਵਿਚ ਕੰਮ ਕੀਤਾ ਤੇ ਫਿਰ ਉਸ ਦਾ ਹੁਨਰ ਵਿਦੇਸ਼ ਜਾਣ ਦਾ ਸਬੱਬ ਬਣ ਗਿਆ। ਪੂਨੀਆ ਦੀ ਗ਼ਜ਼ਲਕਾਰੀ ਨਿੱਜਤਾ ਤੋਂ ਜ਼ਿਆਦਾ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਹੈ ਤੇ ਇਹ ਕਲਪਨਾ ਦੇ ਸਮੁੰਦਰ ਵਿਚ ਨਿੱਕੇ ਨਿੱਕੇ ਟਾਪੂ ਸਿਰਜਦੀ ਹੈ। ਪੂਨੀਆ ਆਜ਼ਾਦ ਤਬੀਅਤ ਸ਼ਖ਼ਸੀਅਤ ਹੈ ਤੇ ਆਜ਼ਾਦ ਤਬੀਅਤ ਵਾਲਿਆਂ ਦੀਆਂ ਬਹੁਤੀਆਂ ਠਾਹਰਾਂ ਤੇ ਬਹੁਤੀਆਂ ਲਿਹਾਜ਼ਾਂ ਨਹੀਂ ਹੁੰਦੀਆਂ। ਉਸ ਦੀਆਂ ਹੁਣ ਤਕ ਦਸ ਕਿਤਾਬਾਂ ਛਪੀਆਂ ਹਨ ਜਿਨ੍ਹਾਂ 'ਚੋਂ ਸੱਤ ਗ਼ਜ਼ਲ ਸੰਗ੍ਰਹਿ ਹਨ। ਪਿੰਡ ਸਿਹਾਲਾ, ਤਹਿਸੀਲ ਸਮਰਾਲਾ ਵਿਚ ਪੈਦਾ ਹੋਏ ਤੇ ਐਬਸਟਫੋਰਡ ਕੈਨੇਡਾ ਵਿਖੇ ਰਹਿ ਰਹੇ ਇਸ ਗ਼ਜ਼ਲਕਾਰ ਦੀਆਂ ਦੋ ਗ਼ਜ਼ਲਾਂ ਪੇਸ਼ ਹਨ- -ਮੋਬਾਈਲ : 99884-44002
ਉਸਦੀ ਅੱਖ 'ਚੋਂ ਨਜ਼ਮ ਪੜ੍ਹੀ ਹੈ।
ਮੇਘ ਦੁਆਰੇ ਰੇਤ ਚੜ੍ਹੀ ਹੈ।
ਸੂਰਜ ਦੀ ਵੇਖਣ ਦੀ ਇੱਛਾ,
ਅਗਲੇ ਮੋੜ 'ਤੇ ਰਾਤ ਖੜ੍ਹੀ ਹੈ।
ਘਾਹ ਦੀ ਤ੍ਰਿਣ ਜੋ ਬੂੰਦ ਨੂੰ ਤਰਸੀ,
ਸੁੱਕ ਕੇ ਤੇਜ਼ ਵਹਾਅ 'ਚ ਹੜ੍ਹੀ ਹੈ।
ਵਗਦੀ ਪੌਣ ਸਵਾਲਾਂ ਵਾਲੀ,
ਸੋਚ ਦੀ ਅੱਗ ਅਸਮਾਨ ਚੜ੍ਹੀ ਹੈ।
ਦੂਰ ਦੁਰਾਡੇ ਸੋਚ ਹੈ ਪਹੁੰਚੀ,
ਮੇਰੇ ਨੇੜੇ ਲੋੜ ਖੜ੍ਹੀ ਹੈ।
ਮੈਂ ਬ੍ਰਹਿਮੰਡ ਦਾ ਕੇਂਦਰ ਤੱਕਿਆ,
ਅੱਖ ਨੇ ਅੱਖ 'ਚੋਂ ਅੱਖ ਪੜ੍ਹੀ ਹੈ।
*
ਮਸਾਂ ਕਮਾਈ ਹੋਈ ਵਿਹਲ ਨਿਗਲਦਾ ਰਹਿੰਦਾ।
ਇਹ ਦੌਰ ਹੋਂਦ ਹੀ ਸਾਡੀ ਸਮੇਟਦਾ ਰਹਿੰਦਾ।
ਹਰਿਕ ਬੁਰਾਈ ਟਿਕੀ ਜਿਸਦੀ ਚੁੱਪ 'ਤੇ ਉਹ ਨਿਰਲੱਜ,
ਮੇਰੇ ਖ਼ਿਆਲ ਦੀ ਬਿਜਲੀ 'ਚ ਕੰਬਦਾ ਰਹਿੰਦਾ।
ਯਕੀਨ ਵਾਸਤੇ ਕੋਈ ਜ਼ਮੀਨ ਹੀ ਨਾ ਬਚੇ,
ਮੈਂ ਜਿਸਦੀ ਚੋਣ ਕਰਾਂ, ਉਹ ਇਹ ਸੋਚਦਾ ਰਹਿੰਦਾ।
ਮੇਰੇ ਵਜੂਦ 'ਤੇ ਕੋਈ ਸਿਫ਼ਤ ਨਾ ਆ ਕੇ ਸਜੇ,
ਮੇਰੇ ਹੁਨਰ ਨੂੰ ਸਮਾਂ ਇਉਂ ਝੰਜੋੜਦਾ ਰਹਿੰਦਾ।
ਨਹੀਂ, ਨਹੀਂ 'ਚੋਂ ਹੀ ਮੈਂ ਹਾਂ ਦੀ ਲੋਅ ਵੀ ਲੱਭ ਲੈਣੀ,
ਮੇਰਾ ਜਨੂੰਨ ਅਕਾਸ਼ਾਂ 'ਚ ਉੱਡਦਾ ਰਹਿੰਦਾ।
ਇਹ ਲੋਕ ਉਸਦਾ ਹੀ ਗੁਣਗਾਨ ਕਰਦੇ ਰਹਿੰਦੇ ਨੇ,
ਜੋ ਹਰ ਸਕੂਨ ਦੀ ਹੋਣੀ ਨੂੰ ਟਾਲਦਾ ਰਹਿੰਦਾ।
ਬੁਲੰਦੀਆਂ ਅਤੇ ਗਹਿਰਾਈਆਂ ਤਲਾਸ਼ ਰਿਹਾਂ,
ਹਰੇਕ ਪਲ ਹੀ ਮੇਰੇ ਰਾਹੀਂ ਚਮਕਦਾ ਰਹਿੰਦਾ।