18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਹਿੰਦੀ ਵਿਅੰਗ ਭੁੱਖ ਮਾਰਨ ਵਾਲੀ ਜੜੀ ਬੂਟੀ

Ad Position 21
No active advertisement
ਅਜੀਤ ਡੈਸਕ 28-09-2025

ਲਓ ਬਈ, ਆਖ਼ਰਕਾਰ ਭੋਜਨ ਦੀ ਸਮੱਸਿਆ ਦਾ ਹੱਲ ਲੱਭ ਹੀ ਲਿਆ। ਤੁਸੀਂ ਆਖੋਗੇ ਅਨਾਜ ਦੀਆਂ ਕੀਮਤਾਂ ਤਾਂ ਵਧੀ ਤੁਰੀ ਜਾਂਦੀਆਂ ਹਨ; ਅਨਾਜ ਦੀ ਕਈ ਥਾਵਾਂ 'ਤੇ ਉਂਝ ਹੀ ਕਮੀ ਹੈ, ਫੇਰ ਇਹ ਸਮੱਸਿਆ ਹੱਲ ਕਿਵੇਂ ਹੋ ਗਈ?
ਵਿਚਲੀ ਗੱਲ ਇਹ ਹੈ ਕਿ ਸਾਡਾ ਸਮੱਸਿਆ ਨੂੰ ਸਮਝਣ ਦਾ ਤਰੀਕਾ ਹੀ ਗਲਤ ਸੀ। ਅਸੀਂ ਸਮਝਦੇ ਸਾਂ ਕਿ ਸਾਡੇ ਕੋਲ ਅੰਨ ਦੀ ਘਾਟ ਹੈ। ਪਰ ਹਕੀਕਤ ਇਹ ਹੈ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਭੁੱਖ ਹੀ ਜ਼ਿਆਦਾ ਲੱਗਦੀ ਹੈ। ਇਸ ਲਈ ਅੰਨ ਵੱਧ ਪੈਦਾ ਕਰਨ ਜਾਂ ਕੀਮਤਾਂ ਘਟਾਉਣ ਨਾਲ਼ੋਂ ਤਾਂ ਸਾਨੂੰ ਭੁੱਖ ਨੂੰ ਮਾਰਨ ਜਾਂ ਦਬਾਉਣ ਦੀ ਦਵਾਈ ਲੱਭਣੀ ਚਾਹੀਦੀ ਹੈ।
ਸੱਜਣ ਪੁਰਖੋ! ਹੁਣ ਇਸ ਸਮੱਸਿਆ ਦਾ ਹੱਲ ਨਿਕਲ ਆਇਆ ਹੈ। ਗੁਜਰਾਤ ਵਿਚ ਇਕ ਜੜੀ ਬੂਟੀ ਲੱਭ ਪਈ ਹੈ, ਜਿਸ ਨੂੰ ਖਾਣ ਨਾਲ ਕਈ ਕਈ ਹਫ਼ਤੇ ਭੁੱਖ ਨਹੀਂ ਲੱਗਦੀ। ਜਾਣਕਾਰੀ ਮਿਲੀ ਹੈ ਕਿ ਸਾਡੇ ਪ੍ਰਾਚੀਨ ਰਿਸ਼ੀ ਮੁਨੀ ਵੀ ਇਸੇ ਬੂਟੀ ਨੂੰ ਖਾ ਕੇ ਭੁੱਖ ਨੂੰ ਤ੍ਰਿਪਤ ਕਰਦੇ ਹੁੰਦੇ ਸਨ ਅਤੇ ਤਪੱਸਿਆ ਕਰਦੇ ਸਨ।
ਸਾਡੇ ਪੁਰਾਤਨ ਰਿਸ਼ੀਆਂ-ਮੁਨੀਆਂ ਨੇ ਸਾਨੂੰ ਸਭ ਤਰ੍ਹਾਂ ਦੀਆਂ ਭੁੱਖਾਂ ਤੋਂ ਮੁਕਤੀ ਪਾਣ ਦੀ ਸਿੱਖਿਆ ਦਿੱਤੀ ਸੀ। ਭੁੱਖ ਨੂੰ ਦਬਾਉਣ ਨਾਲ , ਭੋਜਨ ਸਮੱਸਿਆ ਪੈਦਾ ਹੀ ਨਹੀਂ ਹੁੰਦੀ ਸੀ। ਰੁੱਖ ਦੀ ਛਿੱਲ ਨਾਲ ਤਨ ਢਕ ਲੈਂਦੇ ਤਾਂ ਕੱਪੜੇ ਦੀ ਸਮੱਸਿਆ ਮੁੱਕ ਜਾਂਦੀ। ਯੌਨ ਭੁੱਖ ਨੂੰ ਦਬਾਉਂਦੇ ਤਾਂ ਵਿਆਹ ਸ਼ਾਦੀ ਦੀ ਸਮੱਸਿਆ ਨਾ ਉਪਜਦੀ। ਫੇਰ ਅਸੀਂ ਨਾ ਖਾਣ ਨੂੰ ਭੋਜਨ ਨੂੰ ਮੰਗਦੇ, ਨਾਂ ਪਾਉਣ ਨੂੰ ਕੱਪੜੇ ਮੰਗਦੇ।
ਸੱਜਣ ਪੁਰਖੋ! ਹੁਣ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਕੀਮਤਾਂ 'ਤੇ ਕੰਟਰੋਲ ਰੱਖਣ ਦੀ ਜ਼ੁੰਮੇਵਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਫਿਰ ਕੋਈ ਲੋੜ ਹੀ ਨਹੀਂ ਸਰਕਾਰ ਨੂੰ ਅਨਾਜ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਦੀ। ਮੁੱਖ ਮੰਤਰੀਆਂ ਦੇ ਅਗਲੇ ਸੰਮੇਲਨ ਵਿਚ ਇਹ ਫ਼ੈਸਲਾ ਲੈਣਾ ਚਾਹੀਦਾ ਹੈ ਕਿ ਹਰ ਪ੍ਰਾਂਤ ਦੀ ਜ਼ਮੀਨ ਵਿਚ, ਇਸ ਭੁੱਖ ਹਰਨ ਬੂਟੀ ਨੂੰ ਲੱਭਿਆ ਜਾਵੇ। ਤਮਾਮ ਜੰਗਲਾਂ ਵਿਚ ਸਾਧੂ, ਫ਼ਕੀਰ ਅਤੇ ਗੁਣੀ ਲੋਕਾਂ ਨੂੰ ਭੇਜ ਕੇ ਇਸ ਬੂਟੀ ਦਾ ਪਤਾ ਲਗਾਉਣਾ ਚਾਹੀਦਾ ਹੈ। ਹਰ ਪ੍ਰਾਂਤ ਵਿਚ 'ਭੁੱਖ ਨਿਵਾਰਨ ਬੂਟੀ ਵਿਭਾਗ' ਸਥਾਪਤ ਕੀਤਾ ਜਾਵੇ। ਇਕ ਵੱਖਰਾ ਭੁੱਖ ਨਿਵਾਰਨ ਮੰਤਰੀ ਹੋਵੇ। ਇਹ ਵਿਭਾਗ ਸਟੇਟ ਦੀ ਸਾਰੀ ਭੁੱਖ ਹਰਨ ਬੂਟੀ ਇਕੋ ਥਾਂ 'ਤੇ ਇਕੱਠੀ ਕਰ ਲਵੇ। ਇਸ ਜੜ੍ਹੀ ਬੂਟੀ ਦਾ ਇਕ ਟੁਕੜਾ ਇਕ ਮਣ ਜਾਣੀ ਚਾਲੀ ਕਿੱਲੋ ਕਣਕ ਦੇ ਬਰਾਬਰ ਹੋਵੇਗਾ।
ਵਪਾਰੀਆਂ ਨੂੰ ਵੀ ਇਸ ਬੂਟੀ ਦੇ ਸੰਦਰਭ ਵਿਚ ਦੱਸ ਦਿੱਤਾ ਜਾਵੇ। ਮੈਂ ਤਾਂ ਸਲਾਹ ਦਿੰਦਾ ਹਾਂ ਕਿ ਆਪਣੇ ਪ੍ਰਾਂਤ ਵਿਚ ਵਪਾਰੀਆਂ ਨੂੰ ਇਸ ਜੜ੍ਹੀ-ਬੂਟੀ ਦਾ ਠੇਕਾ ਹੀ ਦੇ ਦਿੱਤਾ ਜਾਵੇ। ਉਹ ਇਸ ਨੂੰ ਆਪੇ ਖੁਦਵਾਣਗੇ, ਆਪਣੀ ਮਰਜ਼ੀ ਦੀ ਕੀਮਤ 'ਤੇ ਇਸ ਨੂੰ ਵੇਚਣਗੇ। ਹੋਰ ਦੁਕਾਨਾਂ ਦੀ ਥਾਂ ਇਸ ਬੂਟੀ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ। ਤੁਸੀਂ ਦੁਕਾਨ 'ਤੇ ਜਾਓਗੇ ਅਤੇ ਜੜ੍ਹੀ ਬੂਟੀ ਮੰਗੋਗੇ। ਕਹੋਗੇ ਮੈਂ ਪਿਛਲੇ ਚਾਰ ਦਿਨਾਂ ਤੋਂ ਭੁੱਖਾ ਹਾਂ, ਮੈਨੂੰ ਬੂਟੀ ਚਾਹੀਦੀ ਹੈ। ਦੁਕਾਨਦਾਰ ਪੁੱਛੇਗਾ-ਕਿੰਨੇ ਦਿਨ ਵਾਸਤੇ? ਜਾਣੀ ਕਿੰਨੇ ਦਿਨ ਭੁੱਖ ਮਾਰਨੀ ਚਾਹੁੰਦਾ ਏਂ?
ਤੁਸੀਂ ਕਹੋਗੇ-ਪੰਦਰਾਂ ਦਿਨ। ਉਹ ਤੁਹਾਨੂੰ ਇਕ 'ਮਾਸ਼ਾ' ਜੜ੍ਹੀ ਬੂਟੀ ਦੇ ਦੇਵੇਗਾ। ਜਨਾਬ ਤੁਸੀਂ ਉਸ ਨੂੰ ਖ਼ਾ ਕੇ ਪੰਦਰਾਂ ਦਿਨ ਭੋਜਨ ਦੀ ਸਮੱਸਿਆ ਤੋਂ ਸੁਰਖ਼ਰੂ ਹੋ ਜਾਓਗੇ। ਫਿਰ ਤੁਹਾਨੂੰ ਜਾਨਣ ਦੀ ਲੋੜ ਹੀ ਨਹੀਂ ਕਿ ਕਣਕ ਕਿੰਨੇ ਰੁਪਏ ਦੀ ਮਣ ਵਿਕਦੀ ਹੈ। ਗੁਜਰਾਤ ਦੇ ਗੁਣੀ ਲੋਕਾਂ ਨੇ ਹਰ ਵਾਰ ਸਾਡੀ ਕੋਈ ਨਾ ਕੋਈ ਸਮੱਸਿਆ ਹੱਲ ਕੀਤੀ ਹੈ। ਗੁਜਰਾਤ ਦੇ ਗਾਂਧੀ ਜੀ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਗੁਜਰਾਤ ਦੇ ਮੁਰਾਰ ਜੀ ਡਿਸਾਈ ਨੇ ਦੇਸ਼ ਦੀ ਆਰਥਿਕ ਸਮੱਸਿਆ ਹੱਲ ਕਰ ਦਿੱਤੀ। ਗੁਜਰਾਤ ਦੇ ਮੰਨੂ ਭਾਈ ਸ਼ਾਹ ਸਮਾਜਵਾਦ ਦੀ ਸਮੱਸਿਆ ਹੱਲ ਕਰ ਰਹੇ ਹਨ। ਉਨ੍ਹਾਂ ਦੇ ਵਿਚਾਰ ਮੁਤਾਬਿਕ ਭਾਰਤੀ ਸਮਾਜਵਾਦ ਉਹ ਹੈ, ਜਿਸ ਵਿਚ ਮਜ਼ਦੂਰਾਂ ਦੇ ਸੰਘਰਸ਼ ਤੋਂ ਮੁਕਤ ਹੋ ਕੇ ਪੂੰਜੀਵਾਦ ਵਿਕਾਸ ਕਰੇ। ਇਸ ਸਮਾਜਵਾਦ ਦੀ ਵਿਆਖਿਆ ਨਾਲ ਤਾਂ ਕਾਰਲ ਮਾਰਕਸ ਵੀ ਕਬਰ ਵਿਚ ਕਰਾਹੁਣ ਲੱਗ ਪਿਆ ਹੋਣਾ। ਇਸੇ ਗੁਜਰਾਤ ਨੇ ਸਾਡੀ ਭੁੱਖ ਦੀ ਸਮੱਸਿਆ ਵੀ ਨਿਪਟਾ ਦਿੱਤੀ ਹੈ। ਕੇਂਦਰ ਸਰਕਾਰ ਦੀ ਇਕ ਵੱਡੀ ਸਿਰਦਰਦੀ ਦੂਰ ਹੋ ਗਈ। ਸਰਕਾਰ ਵਪਾਰੀਆਂ ਦੇ ਡਰ ਦੇ ਮਾਰੇ ਕੀਮਤਾਂ ਘਟਾਉਣ ਲਈ ਕੋਈ ਸਖ਼ਤ ਕਦਮ ਨਹੀਂ ਚੁੱਕ ਰਹੀ। ਰਾਜਸਥਾਨ ਸਰਕਾਰ ਨੇ ਤਾਂ ਗੋਡੇ ਹੀ ਟੇਕ ਦਿੱਤੇ। ਅਜਿਹੇ ਮਾਹੌਲ ਵਿਚ ਗੁਜਰਾਤ ਦੇ ਗੁਣੀ ਲੋਕਾਂ ਨੇ ਭੁੱਖ ਮਾਰ ਦੀ ਜੜ੍ਹੀ ਬੂਟੀ ਸਾਡੇ ਲਈ ਖੋਜ ਲਿਆਂਦੀ। ਸੱਜਣੋਂ! ਹੁਣ ਪਾਟਿਲ ਸਾਹਿਬ ਨੂੰ 'ਭੁੱਖ ਮਾਰਨ ਮੰਤਰੀ' ਬਣਾ ਦਿੱਤਾ ਜਾਵੇ। ਉਹ ਇਸ ਜੜ੍ਹੀ ਬੂਟੀ ਰਾਹੀਂ, ਸਾਰੇ ਦੇਸ਼ ਦੀ ਭੁੱਖ ਮਾਰ ਦੇਣਗੇ। ਤੁਸੀਂ ਵੀ ਜੇਕਰ ਚਾਹੋ ਤੁਹਾਡੀ ਜ਼ਿੰਦਗੀ ਨੂੰ ਵੀ ਇਸ ਜੜ੍ਹੀ ਬੂਟੀ ਨਾਲ ਚਾਰ ਚੰਨ ਲੱਗ ਸਕਦੇ ਹਨ। ਇਸ ਬੂਟੀ ਦੇ ਮਕਬੂਲ ਹੋ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਨਕਲੀ ਜੜ੍ਹੀ ਬੂਟੀ ਦੇ ਵਪਾਰ ਕਰਨ ਦੀ ਸ਼ੁਰੂਆਤ ਕਰ ਦਿਓ। ਕੋਈ ਵੀ ਜੜ੍ਹ ਪੁੱਟ ਲਿਆਓ ਅਤੇ ਉਸ ਨੂੰ ਅਸਲੀ ਜੜ੍ਹੀ ਬੂਟੀ ਵਰਗਾ ਰੰਗ ਰੂਪ ਦੇਕੇ ਵੇਚਣਾ ਸ਼ੁਰੂ ਕਰ ਦਿਓ। ਇਸ ਤੋਂ ਪਹਿਲਾਂ ਕਿ ਸਰਕਾਰ ਇਸ ਜੜ੍ਹੀ-ਬੂਟੀ 'ਤੇ ਪਾਬੰਦੀ ਲਗਾਉਣ ਬਾਰੇ ਸੋਚੇ, ਉਦੋਂ ਤੱਕ ਤਾਂ ਤੁਸੀਂ ਕਰੋੜਪਤੀ ਬਣ ਚੁੱਕੇ ਹੋਵੋਗੇ।

-ਮੋਬਾਈਲ : 097806-67686

Ad Position 22
No active advertisement
ਪਿਛਲੀ ਖ਼ਬਰ ਤਿੰਨ ਗ਼ਜ਼ਲਾਂ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-42 * ਗੁਰਦਿਆਲ ਰੌਸ਼ਨ *
Ad Position 24