ਲੋਚਦਾ ਏਂ ਤੂੰ ਦਿਲਾਂ ਵਿਚ ਫਾਸਲੇ।
ਵਧ ਰਹੇ ਨੇ ਰੋਜ਼ ਤੇਰੇ ਹੌਸਲੇ।
ਹੁਣ ਹਨੇਰੀ ਨੇਰਿਆਂ ਦੀ ਕੀ ਕਰੂ,
ਬਣ ਗਏ ਨੇ ਦੀਵਿਆਂ ਦੇ ਕਾਫ਼ਲੇ।
ਜਿਉ ਥਲਾਂ ਨੂੰ ਤੜਫ ਹੈ ਬਰਸਾਤ ਦੀ,
ਆਤਮਾ ਵਿਚ ਸਹਿਕਦੇ ਨੇ ਵਲਵਲੇ।
ਪਾਣੀਆਂ ਵਿਚ ਘੁਲ ਗਈ ਕੀ ਚਾਨਣੀ,
ਸਾਗਰਾਂ ਵਿਚ ਆ ਗਏ ਨੇ ਜ਼ਲਜ਼ਲੇ।
ਹੋਸ਼ ਵਾਲੇ ਜੋ ਕਦਮ ਨੇ ਪੁੱਟਦੇ,
ਪੈਰ ਚੁੰਮਣ ਆਪ ਆ ਕੇ ਮਰਹਲੇ।
ਝੁੱਗੀਆਂ ਵਿਚ ਜੁਗਨੂੰਆਂ ਨੂੰ ਵੇਖ ਕੇ,
ਸੋਚ ਅੰਦਰ ਪੈ ਗਏ ਨੇ ਬੰਗਲੇ।
-ਪਿੰਡ ਪੱਖੋ ਕਲਾਂ (ਬਰਨਾਲਾ)
ਮੋਬਾਈਲ : 94651-96946