ਅੱਜ ਦੀ ਗੱਲ ਪਟਿਆਲਾ ਸ਼ਹਿਰ ਤੋਂ ਸ਼ੁਰੂ ਕਰਦੇ ਹਾਂ। ਕੋਈ ਸਮਾਂ ਸੀ ਇਹ ਸ਼ਹਿਰ ਦੀਵਾਨ ਖਾਨਾ, ਮੋਤੀ ਬਾਗ, ਬਾਰਾਦਰੀ ਪਹਿਲ, ਰਾਜਿੰਦਰਾ ਹਸਪਤਾਲ, ਮਹਿੰਦਰਾ ਕਾਲਜ ਤੇ ਭਾਸ਼ਾ ਵਿਭਾਗ ਕਾਰਨ ਵੱਡੀ ਖਿੱਚ ਦਾ ਕੇਂਦਰ ਹੁੰਦਾ ਸੀ। 1965 'ਚ ਪੰਜਾਬੀ ਯੂਨੀਵਰਸਟੀ ਦੀ ਸਥਾਪਨਾ ਨੇ ਏਥੋਂ ਦੇ ਸੱਭਿਆਚਾਰਕ ਗੜ੍ਹ ਨੂੰ ਕਿਸੇ ਹੱਦ ਤੱਕ ਸੱਟ ਜ਼ਰੂਰ ਮਾਰੀ ਪਰ ਪਿਛਲੇ ਸਾਲਾਂ 'ਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੇ ਕਲਾ ਕ੍ਰਿਤੀ ਪਟਿਆਲਾ ਦੀਆਂ ਸਰਗਰਮੀਆਂ ਨੂੰ ਮੁੜ ਜਾਗ ਲਾਈ ਹੈ ਤੇ ਏਥੋਂ ਦਾ ਮਾਹੌਲ ਇਕ ਵਾਰ ਫੇਰ ਭਖਦਾ ਜਾਪਦਾ ਹੈ।
ਨਵੰਬਰ ਮਹੀਨੇ ਦੇ ਅੰਤਲੇ ਦਿਨਾਂ 'ਚ ਸਰਬੱਤ ਦਾ ਭਲਾ ਤੇ ਕਲਾ ਕ੍ਰਿਤੀ ਦੇ ਪ੍ਰਬੰਧਕਾਂ ਨੇ ਭਾਰਤ ਸਰਕਾਰ ਵਾਲੇ ਨੌਰਥ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਜਿਹੜਾ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਕਰਵਾਇਆ, ਉਹ ਉਪਰੋਕਤ ਧਾਰਨਾ 'ਤੇ ਮੋਹਰ ਲਾਉਂਦਾ ਹੈ। ਏਥੇ ਹੀ ਬਸ ਨਹੀਂ, ਪਟਿਆਲਾ ਦੇ ਸਾਰਥਕ ਰੰਗਮੰਚ ਨੇ ਵੀ ਚੰਡੀਗੜ੍ਹ ਵਾਲੇ ਗੁਰਸ਼ਰਨ ਸਿੰਘ ਨਾਟ ਉਤਸਵ ਵਿਚ ਹਾਜ਼ਰੀ ਭਰ ਕੇ ਪਟਿਆਲਾ ਦੇ ਸੱਭਿਆਚਾਰਕ ਕੱਦ ਨੂੰ ਵਡੇਰਾ ਕੀਤਾ ਹੈ। ਇਹ ਨਾਟ ਉਤਸਵ ਪੰਜਾਬ ਆਰਟਸ ਕੌਂਸਲ ਦੇ ਰੰਧਾਵਾ ਆਡੀਟੋਰੀਅਮ 'ਚ ਕਰਵਾਇਆ ਗਿਆ ਸੀ, ਜਿਸ ਨੇ ਪੰਜਾਬੀ ਸੱਭਿਆਚਾਰ ਦੇ ਸ਼ਾਹਜਹਾਨ ਵਜੋਂ ਜਾਣੇ ਜਾਂਦੇ ਐਮ.ਐੱਸ. ਰੰਧਾਵਾ ਦੀ ਯਾਦ ਵੀ ਪਹਿਲਾਂ ਵਾਂਗ ਹੀ ਮੁੜ ਤਾਜ਼ਾ ਕੀਤੀ ਹੈ। ਜਿੱਥੋਂ ਤੱਕ ਨੈਸ਼ਨਲ ਥੀਏਟਰ ਫੈਸਟੀਵਲ-2025 ਦਾ ਸਬੰਧ ਹੈ, ਇਸ ਸੰਸਥਾ ਨੇ ਨਵੇਂ ਕਲਾਕਾਰਾਂ ਦੀ ਮੰਚ ਸਜਾਵਟ, ਪਾਠ-ਭੂਮਿਕਾ ਤੇ ਬੋਲ ਭਾਸ਼ਾ ਨੂੰ ਇਕ ਕਲਾ ਵੇਗ ਹੀ ਨਹੀਂ ਦਿੱਤਾ, ਸਗੋਂ ਸ਼ਖ਼ਸੀਅਤ ਵੀ ਬਖ਼ਸ਼ੀ ਹੈ। ਇਸ ਦੀ ਨਿਗਰਾਨੀ ਤੇ ਪ੍ਰਯੋਜਨਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰਸਟੀ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਕੀਤੀ ਜਾ ਰਹੀ ਹੈ, ਜਿਹੜਾ ਕਲਾ ਨੂੰ ਸਮਾਜਕ ਬਦਲਾਅ ਦਾ ਵੱਡਾ ਹਥਿਆਰ ਮੰਨਦਾ ਹੈ। ਇਸ ਵਾਰ ਦੇ ਫੈਸਟੀਵਲ 'ਚ ਵੀ ਉਸ ਦੀ ਪ੍ਰਤਿਬੱਧਤਾ ਤੇ ਕਰੜੀ ਮਿਹਨਤ ਸਪੱਸ਼ਟ ਨਜ਼ਰ ਆਈ। ਇਹ ਕੋਈ ਅਤਿਕਥਨੀ ਨਹੀਂ ਕਿ ਇਹ ਫੈਸਟੀਵਲ ਰੰਗਮੰਚ ਦੀ ਰੂਹਾਨੀ ਯਾਤਰਾ ਵਰਗਾ ਸੀ। ਇਸ 'ਚ ਹਰ ਰਾਤ ਇਕ ਨਵੀਂ ਕਹਾਣੀ, ਨਵੀਂ ਆਵਾਜ਼ ਤੇ ਨਵਾਂ ਮੁੱਦਾ ਦਰਸ਼ਕਾਂ ਦੇ ਸਾਹਮਣੇ ਪਰੋਸਿਆ ਗਿਆ।
350 ਸਾਲਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 'ਹਿੰਦ ਦੀ ਚਾਦਰ' ਨਾਟਕ ਸਿੱਖ ਸ਼ਹੀਦੀ ਤੇ ਤਿਆਗ ਦੀ ਰੂਹ ਨੂੰ ਰੰਗਮੰਚ ਰਾਹੀਂ ਸਜੀਵ ਕਰਦਾ ਨਜ਼ਰ ਆਇਆ। ਇਤਿਹਾਸ ਦੇ ਮਾਣਮੱਤੇ ਝਰੋਖੇ ਖੋਲ੍ਹ ਕੇ ਅਗਲੇ ਦਿਨ ਖੇਡਿਆ ਗਿਆ 'ਅਜੀਬ ਦਾਸਤਾਂ' (26 ਨਵੰਬਰ 2025) ਨਾਮੀ ਨਾਟਕ ਸਮਾਜਿਕ ਹਕੀਕਤਾਂ 'ਤੇ ਆਧਾਰਤ ਮਨੁੱਖੀ ਮਨ ਦੇ ਗੁੰਝਲਪਣੇ ਨੂੰ ਬਹੁਤ ਨਜ਼ਾਕਤ ਨਾਲ ਉਭਾਰਦਾ ਹੈ। ਇਹ ਨਾਟਕ ਦਰਸ਼ਕਾਂ ਨੂੰ ਇਹ ਸੋਚਣ 'ਤੇ ਮਜਬੂਰ ਕਰਦਾ ਹੈ ਕਿ ਠੀਕ ਰਾਹ ਅਪਣਾਉਣ ਲਈ ਕੀ ਕਰਨਾ ਚਾਹੀਦਾ ਹੈ ਤੇ ਕਿਵੇਂ ਕੀਤਾ ਜਾ ਸਕਦਾ ਹੈ?
27 ਨਵੰਬਰ ਨੂੰ ਖੇਡਿਆ ਗਿਆ 'ਛੱਲਾ' ਨਾਟਕ ਪੰਜਾਬੀਆਂ ਦੀ ਵਿਦੇਸ਼ ਜਾਣ ਦੀ ਰੁਚੀ ਦੀ ਪੋਲ ਖੋਲ੍ਹ ਕੇ ਪਿੱਛੇ ਰਹਿ ਗਏ ਪਰਿਵਾਰਾਂ ਨਾਲ ਜੋ ਕੁਝ ਵਾਪਰਦਾ ਹੈ, ਉਸ ਨੂੰ ਨਾਟਕੀ ਅੰਦਾਜ਼ 'ਚ ਪੇਸ਼ ਕਰਦਾ ਹੈ। ਏਸੇ ਤਰ੍ਹਾਂ 'ਤੁਮਹੇਂ ਕੌਨ ਸਾ ਰੰਗ ਪਸੰਦ ਹੈ' ਨਾਟਕ ਜ਼ਿੰਦਗੀ ਦੇ ਉਨ੍ਹਾਂ ਮੋੜਾਂ 'ਤੇ ਰੌਸ਼ਨੀ ਪਾਉਂਦਾ ਹੈ, ਜਿਨ੍ਹਾਂ 'ਚ ਫਸ ਕੇ ਸੁਚੇਤ ਮਾਨਵ ਕਿਹੋ ਜਿਹੀਆਂ ਮੁਸ਼ਕਿਲਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਨ੍ਹਾਂ 'ਚੋਂ ਨਿਕਲਣ ਲਈ ਕਿਹੜੇ ਖੇਡ ਖੇਡਦਾ ਹੈ। ਏਸ ਲੜੀ ਨੂੰ ਅੱਗੇ ਤੋਰਦਾ 'ਰਿਲੇਸ਼ਨਸ਼ਿਪ ਰਿਧਮਜ਼' (29 ਨਵੰਬਰ 2025) ਵੀ ਆਧੁਨਿਕ ਦੁਨੀਆ ਦੇ ਸਬੰਧਾਂ, ਠੋਕਰਾਂ ਤੇ ਮਨੋਵਿਗਿਆਨਕ ਟਕਰਾਅ ਨੂੰ ਵਧੀਆ ਅੰਦਾਜ਼ 'ਚ ਪੇਸ਼ ਕਰਨ ਵਾਲਾ ਅਜਿਹਾ ਨਾਟਕ ਸੀ, ਜਿਸ 'ਚ ਅਜੋਕੇ ਮਾਨਵੀ ਤਾਣੇ-ਬਾਣੇ ਤੋਂ ਪਰਦਾ ਚੁੱਕਿਆ ਗਿਆ ਹੈ। ਇਸ ਨਾਟਕ ਮੇਲੇ ਦੇ ਅੰਤਲੇ ਦਿਨਾਂ 'ਚ ਸਆਦਤ ਹਸਨ ਮੰਟੋ ਦੇ ਅਫ਼ਸਾਨੇ 'ਬਾਦਸ਼ਾਹਤ ਕਾ ਖ਼ਾਤਮਾ' 'ਤੇ ਆਧਾਰਤ ਨਾਟਕ ਖੇਡਿਆ ਗਿਆ, ਜਿਸ 'ਚ ਰਾਜਨੀਤਕ ਤੰਤਰ ਦੀ ਢਹਿ ਰਹੀ ਹਕੀਕਤ ਨੂੰ ਚੋਭਾਂ ਭਰੇ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ। ਉਤਸਵ ਦਾ ਅੰਤ ਅਸ਼ੋਕ ਸਿੰਘ ਦੇ ਨਾਟਕ 'ਕੋਈ ਇਕ ਰਾਤ' ਨਾਲ ਹੋਇਆ। ਇਸ ਵਿਚ ਵੀ ਅਜੋਕੇ ਮਨੁੱਖ ਦੀ ਬਾਤ ਪਾਈ ਗਈ, ਜਿਹੜਾ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਅਜਿਹੇ ਵੇਲਣ ਵੇਲਦਾ ਹੈ, ਜੋ ਉਸ ਨੂੰ ਉੱਕਾ ਹੀ ਨਹੀਂ ਸ਼ੋਭਦੇ। ਇਨ੍ਹਾਂ ਨਾਟਕਾਂ 'ਚ ਅਜੋਕੇ ਮਾਨਵ ਦੀ ਹੋਣੀ ਨੂੰ ਉਭਾਰਿਆ ਗਿਆ ਹੈ, ਜਿਸ ਨੂੰ ਭਵਿੱਖੀ ਸੱਭਿਆਚਾਰਕ ਕੀਮਤਾਂ ਦਾ ਸ਼ੀਸ਼ਾ ਵੀ ਕਿਹਾ ਜਾ ਸਕਦਾ ਹੈ।
ਇਹ ਨਾਟਕ ਇਕ ਤਰ੍ਹਾਂ ਨਾਲ ਅਜੋਕੇ ਮਨੁੱਖ ਦੇ ਮਾਰਗਦਰਸ਼ਕ ਵੀ ਹਨ, ਜਿਸ ਦਾ ਸਿਹਰਾ ਪ੍ਰਬੰਧਕਾਂ ਦੇ ਸਿਰ ਬੱਝਦਾ ਹੈ। ਉਂਝ ਇਸ ਉਤਸਵ ਦੀ ਮਹਾਨਤਾ 'ਤੇ ਸਹੀ ਨਾਟਕ 'ਹਿੰਦ ਦੀ ਚਾਦਰ' ਹੀ ਸੀ, ਜਿਸ ਦੀ ਹਰਮਨਪਿਆਰਤਾ ਨੂੰ ਵੇਖਦਿਆਂ ਇਹ ਨਾਟਕ 18 ਦਸੰਬਰ ਨੂੰ ਟੈਗੋਰ ਥੀਏਟਰ ਚੰਡੀਗੜ੍ਹ 'ਚ ਵੀ ਖੇਡਿਆ ਗਿਆ। ਇਸ ਨੂੰ ਆਯੋਜਤ ਕਰਨ ਦਾ ਬੀੜਾ ਵੀ ਐੱਸ.ਪੀ. ਸਿੰਘ ਓਬਰਾਏ ਨੇ ਚੁੱਕਿਆ, ਜਿਸ ਨੇ ਇਸ ਨੂੰ ਆਪਣੇ ਸਮਾਜ ਸੇਵਕ ਪਿਤਾ ਸ. ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਤ ਕੀਤਾ। ਇਸ ਨਾਟਕ ਦੀ ਖੂਬੀ ਇਹ ਵੀ ਹੈ ਕਿ ਇਸ ਦੀ ਪੇਸ਼ਕਾਰੀ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ ਸ਼ਹੀਦੀ 'ਤੇ ਵੀ ਸੱਜਰੀ ਮੋਹਰ ਲਗਦੀ ਹੈ।
ਈ-ਮੇਲ : sandhugulzar@yahoo.com