ਤਿੰਨ ਦਿਨ ਚੱਲਣ ਵਾਲਾ ਸੰਮੇਲਨ 26 ਦਸੰਬਰ ਤੋਂ ਹੋਵੇਗਾ ਸ਼ੁਰੂ
ਪੰਜਾਬ ਦੇ ਜਲੰਧਰ ਸ਼ਹਿਰ 'ਚ ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਰ ਦੇ ਵਿਹੜੇ 'ਚ ਹਰ ਸਾਲ ਦਸੰਬਰ ਮਹੀਨੇ ਵਿਚ ਹੋਣ ਵਾਲਾ 'ਹਰਿਵੱਲਭ ਸੰਗੀਤ ਸੰਮੇਲਨ' ਸ਼ਾਸਤਰੀ ਸੰਗੀਤ ਦੇ ਮਹਾਂਕੁੰਭ ਵਜੋਂ ਜਾਣਿਆ ਜਾਂਦਾ ਹੈ। ਜਲੰਧਰ 'ਚ ਇਸ ਸੰਗੀਤ ਸੰਮੇਲਨ ਦਾ 150 ਵਰ੍ਹਿਆਂ ਦਾ ਸ਼ਾਨਦਾਰ ਇਤਿਹਾਸ ਮਾਣ ਵਾਲੀ ਗੱਲ ਹੈ। ਖੋਜਕਾਰਾਂ ਅਨੁਸਾਰ ਸੰਸਕ੍ਰਿਤੀ ਦਾ ਸੂਰਜ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ 'ਤੇ ਹੀ ਉਦੈ ਹੋਇਆ, ਜਿਸ ਨੂੰ ਸੱਭਿਆਚਾਰਕ ਤੌਰ 'ਤੇ ਸ੍ਰੇਸ਼ਠ ਮੰਨਿਆ ਗਿਆ ਹੈ। ਇਸੇ ਧਰਤੀ 'ਤੇ ਸ੍ਰੀ ਬਾਬਾ ਹਰਿਵੱਲਭ ਜੀ ਦਾ ਜਨਮ ਹੋਇਆ, ਜਿਨ੍ਹਾਂ ਨੇ 'ਹਰਿਵੱਲਭ ਸੰਗੀਤ ਸੰਮੇਲਨ' ਦੀ ਮਾਣਮੱਤੀ ਪ੍ਰੰਪਰਾ ਦੀ ਨੀਂਹ ਰੱਖੀ, ਜਿਸ ਨੂੰ ਅੱਜ ਦੁਨੀਆਂ ਦਾ ਸਭ ਤੋਂ ਪ੍ਰਾਚੀਨ ਸ਼ਾਸਤਰੀ ਸੰਗੀਤ ਸੰਮੇਲਨ ਹੋਣ ਦਾ ਮਾਣ ਹਾਸਲ ਹੈ ਅਤੇ ਇਸ ਦਾ ਨਾਂਅ 'ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਵੀ ਦਰਜ ਹੈ।
ਇਸ ਸਾਲ 26 ਦਸੰਬਰ ਤੋਂ 28 ਦਸੰਬਰ 2025 ਤੱਕ ਹੋਣ ਵਾਲਾ 150ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਬਾਬਾ ਹਰਿਵੱਲਭ ਦਾ ਜਨਮ ਲਗਭਗ 18ਵੀਂ ਸਦੀ ਦੇ ਅਖੀਰ 'ਚ ਹੁਸ਼ਿਆਰਪੁਰ ਨੇੜੇ ਬਜਵਾੜਾ ਵਿਖੇ ਹੋਇਆ। ਛੋਟੀ ਉਮਰ 'ਚ ਹੀ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ 'ਤੇ ਉਨ੍ਹਾਂ ਦੇ ਨਾਨਾ ਜੀ ਉਨ੍ਹਾਂ ਨੂੰ ਆਪਣੇ ਕੋਲ ਜਲੰਧਰ ਲੈ ਆਏ। ਉਹ ਆਪਣੇ ਮਾਮਾ ਪੰਡਤ ਜਵੰਦ ਲਾਲ ਜਯੋਤੀ ਨਾਲ ਰੋਜ਼ਾਨਾ ਸ੍ਰੀ ਦੇਵੀ ਤਾਲਾਬ ਮੰਦਰ ਜਾਇਆ ਕਰਦੇ ਸਨ, ਜਿੱਥੇ ਸਵਾਮੀ ਤੁਲਜਾ ਗਿਰੀ ਨਾਲ ਉਨ੍ਹਾਂ ਦਾ ਮੇਲ ਹੋਇਆ। ਸਵਾਮੀ ਤੁਲਜਾ ਗਿਰੀ ਉੱਚ ਆਤਮਿਕ ਅਵਸਥਾ ਵਾਲੇ ਸੰਤ ਤੇ ਸੰਸਕ੍ਰਿਤ ਦੇ ਵਿਦਵਾਨ ਤੇ ਉੱਚ ਕੋਟੀ ਦੇ ਸੰਗੀਤਕਾਰ ਵੀ ਸਨ। ਸਵਾਮੀ ਜੀ ਤੋਂ ਦੀਖਿਆ ਲੈ ਕੇ ਉਹ ਉਨ੍ਹਾਂ ਜੀ ਦੀ ਸੇਵਾ 'ਚ ਲੱਗ ਗਏ। ਸਵਾਮੀ ਜੀ ਨੇ ਹਰਿਵੱਲਭ ਨੂੰ ਅਧਿਆਤਮਕ ਮਾਰਗਦਰਸ਼ਨ ਦੇ ਨਾਲ ਸੰਗੀਤਕ ਸਿੱਖਿਆ ਦੇਣੀ ਵੀ ਆਰੰਭ ਕੀਤੀ ਤੇ ਹੋਰ ਸੰਗੀਤ ਵਿਦਵਾਨਾਂ ਤੋਂ ਵੀ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ।
ਪ੍ਰਸਿੱਧ ਸੰਗੀਤ ਵਿਦਵਾਨ ਡਾ. ਗੁਰਨਾਮ ਸਿੰਘ ਅਨੁਸਾਰ ਬਾਬਾ ਹਰਿਵੱਲਭ ਨੇ ਸਿਆਲਕੋਟ ਦੇ ਪੰਡਤ ਦੁਨੀ ਚੰਦ ਉਜਾਲਾ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। 'ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ' ਦੇ ਲੇਖਕ ਬਲਬੀਰ ਸਿੰਘ ਕੰਵਲ ਅਨੁਸਾਰ ਬਾਬਾ ਹਰਿਵੱਲਭ ਦੇ ਉਸਤਾਦ ਮੀਰ ਨਾਸਿਰ ਅਹਿਮਦ ਸਾਹਿਬ ਸਨ, ਜੋ ਅੰਤਿਮ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੇ ਨੌਂ ਰਤਨਾਂ 'ਚੋਂ ਇਕ ਸਨ, ਜਿਨ੍ਹਾਂ ਨੂੰ ਮਹਾਰਾਜਾ ਕਪੂਰਥਲਾ ਦੇ ਛੋਟੇ ਬੇਟੇ ਕੁੰਵਰ ਬਿਕਰਮਾ ਸਿੰਘ ਆਪਣੇ ਕੋਲ ਲੈ ਆਏ ਸਨ (ਜੋ ਖ਼ੁਦ ਇਕ ਉੱਚ ਕੋਟੀ ਦੇ ਰੁਦਰ ਵੀਣਾ ਵਾਦਕ ਤੇ ਕਮਾਲ ਦੇ ਗਵੱਈਏ ਸਨ।)
ਬਾਬਾ ਹਰਿਵੱਲਭ ਨੂੰ ਧਰੁਪਦ ਗਾਇਨ ਸ਼ੈਲੀ 'ਚ ਵਿਸ਼ੇਸ਼ ਮੁਹਾਰਤ ਹਾਸਲ ਸੀ। ਉਨ੍ਹਾਂ ਨੇ ਬਹੁਤ ਸਾਰੇ ਧਰੁਪਦਾਂ ਦੀ ਰਚਨਾ ਕੀਤੀ। ਧਰੁਪਦ ਗਾਇਨ ਸ਼ੈਲੀ ਦੇ ਪ੍ਰਚਾਰ ਲਈ ਹਰ ਸਾਲ ਹਰਿਵੱਲਭ ਸੰਗੀਤ ਸੰਮੇਲਨ ਦੇ ਪਹਿਲੇ ਦਿਨ ਕਿਸੇ ਪ੍ਰਸਿੱਧ ਧਰੁਪਦ ਗਾਇਕ ਨੂੰ ਹੀ ਗਾਇਣ ਪੇਸ਼ ਕਰਨ ਲਈ ਬੁਲਾਇਆ ਜਾਂਦਾ ਹੈ। 1874 ਵਿਚ ਸਵਾਮੀ ਤੁਲਜਾ ਗਿਰੀ ਬ੍ਰਹਮਲੀਨ ਹੋ ਗਏ ਤੇ ਬਾਬਾ ਹਰਿਵੱਲਭ ਉਨ੍ਹਾਂ ਦੇ ਉਤਰਾਧਿਕਾਰੀ ਬਣੇ। 1875 'ਚ ਪਹਿਲੀ ਵਾਰ ਬਾਬਾ ਹਰਿਵੱਲਭ ਨੇ ਸਵਾਮੀ ਜੀ ਦੀ ਬਰਸੀ ਮੌਕੇ ਸਮਾਗਮ ਕਰਵਾਇਆ। 1885 'ਚ ਬਾਬਾ ਹਰਿਵੱਲਭ ਬ੍ਰਹਮਲੀਨ ਹੋ ਗਏ ਤੇ ਉਨ੍ਹਾਂ ਦੇ ਸ਼ਿਸ਼ ਪੰਡਤ ਤੋਲੋ ਰਾਮ ਨੇ ਸ਼ਾਸਤਰੀ ਸੰਗੀਤ ਦੀ ਇਸ ਮਹਾਨ ਪਰੰਪਰਾ ਨੂੰ ਜਾਰੀ ਰੱਖਿਆ। ਹੌਲੀ-ਹੌਲੀ ਇਹ ਸੰਮੇਲਨ 'ਹਰਿਵੱਲਭ ਸੰਗੀਤ ਸੰਮੇਲਨ' ਦੇ ਨਾਂਅ ਨਾਲ ਪ੍ਰਸਿੱਧ ਹੋ ਗਿਆ। ਪੰਡਤ ਤੋਲੋ ਰਾਮ ਦੇ 1922 'ਚ ਬ੍ਰਹਮਲੀਨ ਹੋਣ ਪਿੱਛੋਂ ਮਹੰਤ ਦੁਆਰਕਾ ਦਾਸ ਨੇ ਵੀ ਇਸ ਪਰੰਪਰਾ ਨੂੰ ਅੱਗੇ ਵਧਾਇਆ। ਡਾ. ਜੋਗਿੰਦਰ ਬਾਵਰਾ ਅਨੁਸਾਰ 'ਪੰਡਤ ਵਿਸ਼ਨੂੰ ਦਿਗੰਬਰ ਪਲੁਸਕਰ ਦਾ ਇਕ ਸਮੇਂ ਇਸ ਸਮਾਗਮ 'ਚ ਆਉਣਾ ਇਕ ਯਾਦਗਾਰੀ ਘਟਨਾ ਹੈ, ਜਿਸ ਨਾਲ ਇਸ ਸਮਾਗਮ ਨੇ ਪ੍ਰਸਿੱਧੀ ਦੀ ਸਿਖ਼ਰ ਨੂੰ ਛੂਹਿਆ। ਉਨ੍ਹਾਂ ਨਾਲ ਉਨ੍ਹਾਂ ਦੇ ਸ਼ਾਗਿਰਦ ਪੰਡਤ ਉਂਕਾਰ ਨਾਥ ਠਾਕੁਰ ਤੇ ਪੰਡਤ ਵਿਨਾਇਕ ਰਾਓ ਪਟਵਰਧਨ ਵੀ ਸਨ। ਉਸ ਤੋਂ ਬਾਅਦ ਦੁਨੀਆ ਭਰ ਦੇ ਸ਼ਾਸਤਰੀ ਗਾਇਕ-ਵਾਦਕ ਬਾਬਾ ਹਰਿਵੱਲਭ ਦੇ ਦਰ 'ਤੇ ਹਾਜ਼ਰੀ ਭਰਨ ਲੱਗੇ। ਪੰਡਤ ਭਾਸਕਰ ਰਾਓ, ਉਸਤਾਦ ਫ਼ੈਆਜ਼ ਖ਼ਾਂ, ਉਸਤਾਦ ਬਿੱਸਮਿੱਲਾ ਖ਼ਾਂ, ਸ੍ਰੀਮਤੀ ਹੀਰਾ ਬਾਈ ਬੜੋਦਕਰ, ਪੰਡਤ ਰਵੀ ਸ਼ੰਕਰ, ਪੰਡਤ ਭੀਮ ਸੈਨ ਜੋਸ਼ੀ, ਉਸਤਾਦ ਅਮੀਰ ਖਾਂ, ਉਸਤਾਦ ਕਾਲੇ ਖ਼ਾਂ, ਉਸਤਾਦ ਬੜੇ ਗ਼ੁਲਾਮ ਅਲੀ ਖਾਂ, ਸਲਾਮਤ ਅਲੀ ਖਾਂ ਤੇ ਨਜਾਕਤ ਅਲੀ ਖਾਂ (ਸ਼ਾਮ ਚੁਰਾਸੀ) ਘਰਾਣਾ ਤੇ ਹੋਰ ਅਨੇਕਾਂ ਹੀ ਨਾਮਵਰ ਫ਼ਨਕਾਰਾਂ ਨੇ ਇਸ ਸਥਾਨ 'ਤੇ ਹਾਜ਼ਰੀ ਭਰੀ।
ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਜਲੰਧਰ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੰਮੇਲਨ ਦੀ ਵਾਗਡੋਰ ਕਰੀਬ ਤਿੰਨ ਦਹਾਕਿਆਂ ਤੋਂ ਪ੍ਰਧਾਨ ਸ੍ਰੀਮਤੀ ਪੂਰਨਿਮਾ ਬੇਰੀ ਦੇ ਹੱਥਾਂ 'ਚ ਹੈ। ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿੱਜ ਮਹਾਂਸਭਾ ਦੇ ਚੇਅਰਮੈਨ ਹਨ। ਸ੍ਰੀ ਦੀਪਕ ਬਾਲੀ (ਜਨਰਲ ਸਕੱਤਰ) ਤੇ ਇੰਜੀ. ਸੁਰਜੀਤ ਸਿੰਘ ਅਜੀਮਲ ਇਸ ਦੇ ਡਾਇਰੈਕਟਰ ਹਨ, ਜਿਨ੍ਹਾਂ ਦੀ ਅਗਵਾਈ ਹੇਠ ਇਕ ਟੀਮ ਸਮਾਗਮ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਹੈ।
ਸ਼ਾਸਤਰੀ ਸੰਗੀਤ ਦੀ ਇਸ ਮਹਾਨ ਵਿਰਾਸਤ ਨੂੰ ਸੰਭਾਲਣ ਤੇ ਨੌਜਵਾਨ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੰਮੇਲਨ ਤੋਂ ਪਹਿਲਾਂ ਸ਼ਾਸਤਰੀ ਗਾਇਨ, ਸਵਰ-ਸਾਜ਼ ਵਾਦਨ, ਤਬਲਾ/ਪਖਾਵਜ ਵਾਦਨ ਅਤੇ ਠੁਮਰੀ/ਦਾਦਰਾ ਗਾਇਨ ਦੀ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ। ਵਿਦੇਸ਼ਾਂ ਤੋਂ ਵੀ ਨੌਜਵਾਨ ਕਲਾਕਾਰ ਅਕਸਰ ਇਸ ਪ੍ਰਤੀਯੋਗਤਾ 'ਚ ਹਿੱਸਾ ਲੈਂਦੇ ਹਨ। ਸੰਗੀਤ ਪ੍ਰਤੀਯੋਗਤਾ ਲਈ ਦੋ ਗਰੁੱਪ ਹਨ। ਜੂਨੀਅਰ ਗਰੁੱਪ 10 ਤੋਂ 16 ਸਾਲ ਤੇ ਸੀਨੀਅਰ 16 ਸਾਲ ਤੋਂ 25 ਸਾਲ ਦੀ ਉਮਰ ਦੇ ਕਲਾਕਾਰਾਂ ਲਈ। ਸੀਨੀਅਰ ਗਰੁੱਪ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਕਲਾਕਾਰਾਂ ਨੂੰ ਆਉਣ ਵਾਲੇ ਸਾਲ ਦੇ ਮੁੱਖ ਸਮਾਗਮ 'ਚ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਸਾਲ 22 ਦਸੰਬਰ (ਸੋਮਵਾਰ) ਨੂੰ ਸਵੇਰੇ 10 ਵਜੇ ਸ੍ਰੀ ਬਾਬਾ ਹਰਿਵੱਲਭ ਦੀ ਸਮਾਧੀ 'ਤੇ ਹਵਨ ਤੋਂ ਬਾਅਦ ਸੰਗੀਤ ਪ੍ਰਤੀਯੋਗਿਤਾ ਆਰੰਭ ਹੋਵੇਗੀ, ਜੋ 25 ਦਸੰਬਰ 2025 ਤੱਕ ਚੱਲੇਗੀ।
ਇਹ ਸੰਮੇਲਨ 26, 27 ਤੇ 28 ਦਸੰਬਰ 2025 ਨੂੰ ਰੋਜ਼ਾਨਾ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਪ੍ਰਸਿੱਧ ਲੋਕ ਤੇ ਸ਼ਾਸਤਰੀ ਗਾਇਕਾ ਪਦਮਸ੍ਰੀ ਵਿਦੂਸ਼ੀ ਮਾਲਿਨੀ ਅਵਸਥੀ ਨੂੰ ਇਸ ਸਾਲ ਦਾ ਬ੍ਰਾਂਡ ਅੰਬੈਸਡਰ ਐਲਾਨਿਆ ਗਿਆ ਹੈ। ਇਸ ਵਾਰ ਪੰਡਤ ਸੈਲੇਸ਼ ਭਾਗਵਤ, ਉਸਤਾਦ ਫ਼ੈਯਾਜ਼ ਵਾਸਿਫ਼ੂਦੀਨ ਡਾਗਰ, ਪੰਡਤ ਸ਼ੁਭੇਂਦਰਾ ਰਾਓ, ਵਿਦੂਸ਼ੀ ਸਾਸਕੀਆ ਰਾਓ, ਵਿਦੂਸ਼ੀ ਡਾ. ਸੁਪ੍ਰਿਆ ਸ਼ਾਹ, ਸ੍ਰੀ ਅਭੈ ਰੁਸਤਮ ਸੋਪੋਰੀ, ਵਿਦੂਸ਼ੀ ਅਸ਼ਵਨੀ ਭਿੜੇ, ਪੰਡਤ ਰੋਨੂ ਮਜ਼ੂਮਦਾਰ, ਵਿਦਵਾਨ ਸ਼ਸ਼ਾਂਕ ਸੁਬਰਾਮਣੀਅਮ, ਪੰਡਤ ਸਾਜਨ ਮਿਸ਼ਰਾ, ਸ੍ਰੀ ਸਵਰਾਂਸ਼ ਮਿਸ਼ਰਾ, ਸ੍ਰੀਮਤੀ ਦਿਵਯਾ ਸ਼ਰਮਾ, ਸ. ਮੈਹਰ ਸਿੰਘ, ਵਿਦੂਸ਼ੀ ਸੁਸ਼ਮਾ ਬਾਜਪੇਈ, ਸ੍ਰੀ ਫਿਲ ਸਕਾਰਫ਼, ਪੰਡਤ ਕੈਵਲਿਆ ਕੁਮਾਰ ਗੁਰਵ ਤੇ ਪੰਡਤ ਵਿਜੇ ਘਾਟੇ ਆਪਣੀ ਕਲਾ ਰਾਹੀਂ ਸ੍ਰੋਤਿਆਂ ਨੂੰ ਨਿਹਾਲ ਕਰਨਗੇ। ਪੰਡਤ ਸੰਜੀਵ ਅਭਿਅੰਕਰ ਦੇ ਗਾਇਨ ਨਾਲ 150 ਸਾਲਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਸੰਪੂਰਨ ਹੋਵੇਗਾ। ਪਿਛਲੇ ਸਾਲ ਦੇ ਵਿਜੇਤਾ ਸ. ਸੁਖਵਿੰਦਰ ਸਿੰਘ, ਸ੍ਰੀ ਯਸ਼ ਪ੍ਰਕਾਸ਼ ਮੇਸਤ੍ਰੀ, ਮਿਸ ਜਯੰਤਿਕਾ ਡੇਅ ਤੇ ਸ. ਸਹਿਜਦੀਪ ਸਿੰਘ ਵੀ ਕਲਾ ਪ੍ਰਦਰਸ਼ਨ ਕਰਨਗੇ। ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਸੇਂਟ ਸੋਲਜ਼ਰ ਕਾਲਜ ਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਕ੍ਰਮਵਾਰ ਤਿੰਨ ਦਿਨ ਸਰਸਵਤੀ ਵੰਦਨਾ ਤੇ ਹਰਿਵੱਲਭ ਵੰਦਨਾ ਦੇ ਗਾਇਨ ਨਾਲ ਸਮਾਗਮ ਦੀ ਆਰੰਭਤਾ ਹੋਵੇਗੀ। ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਇਸ ਮਾਣਮੱਤੀ ਪ੍ਰੰਪਰਾ ਨੂੰ ਕਾਇਮ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਹੈ। ਜਲੰਧਰ ਵਾਸੀਆਂ ਨੂੰ ਅਪੀਲ ਹੈ ਕਿ ਆਓ ਸਾਰੇ ਵਧ-ਚੜ੍ਹ ਕੇ ਇਸ ਸਮਾਗਮ 'ਚ ਹਾਜ਼ਰੀ ਭਰੀਏ ਤੇ ਦੁਆ ਕਰੀਏ ਕਿ ਜਲੰਧਰ ਦੀ ਧਰਤੀ 'ਤੇ ਸ੍ਰੀ ਬਾਬਾ ਹਰਿਵੱਲਭ ਜੀ ਵਲੋਂ ਜਗਾਈ ਗਈ ਸ਼ਾਸਤਰੀ ਸੰਗੀਤ ਦੀ ਇਹ ਜੋਤ ਹਮੇਸ਼ਾ ਜਗਦੀ ਰਹੇ।
-ਮੀਤ ਪ੍ਰਧਾਨ (ਸੰਗੀਤ ਪ੍ਰਤੀਯੋਗਤਾ),
ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ।
ਮੋਬਾਈਲ : 94170-93925