ਮੈਂ ਅੱਜ ਆਪਣੇ ਘਰੋਂ ਦਫ਼ਤਰ ਜਾਣ ਲਈ ਥੋੜ੍ਹਾ ਲੇਟ ਹੋ ਗਿਆ ਸੀ। ਮੈਂ ਜਲਦੀ ਜਲਦੀ ਘਰੋਂ ਬਾਹਰ ਨਿਕਲਿਆ ਤਾਂ ਲੋਕਲ ਮਿੰਨੀ ਬੱਸ ਵੀ ਮੇਰੇ ਸਾਹਮਣੇ ਹੀ ਨਿਕਲ ਗਈ। ਲੇਟ ਤਾਂ ਮੈਂ ਪਹਿਲਾਂ ਹੀ ਸੀ ਫਿਰ ਜਲਦੀ-ਜਲਦੀ ਆ ਰਹੇ ਆਟੋ ਵਾਲੇ ਨੂੰ ਹੱਥ ਦਿੱਤਾ। ਸੋਚਿਆ ਕਿ ਹੁਣ 10 ਰੁਪਏ ਦੀ ਥਾਂ 'ਤੇ 20 ਰੁਪਏ ਦੇਣੇ ਪੈਣੇ ਆ। ਜਦੋਂ ਮੈਂ ਆਟੋ ਲੈ ਕੇ ਮੇਨ ਰੋਡ 'ਤੇ ਪਹੁੰਚਿਆ ਤਾਂ ਮੇਰੀ ਲੇਟ ਲਤੀਫੀ ਕਾਰਨ ਚੰਡੀਗੜ੍ਹ ਦੀ ਸੀਟੀਯੂ ਦੀ ਬੱਸ ਵੀ ਲੰਘ ਗਈ। ਫਿਰ ਥੱਕ ਹਾਰ ਕੇ ਮੈਨੂੰ ਆਟੋ ਲੈਣਾ ਪਿਆ ਤੇ ਸੋਹਾਣਾ ਸਾਹਿਬ ਜਾਣ ਦੇ 20 ਰੁਪਏ ਦੀ ਥਾਂ 30 ਰੁਪਏ ਦੇਣੇ ਪਏ। ਮੇਰੇ ਨਾਲ ਹੀ ਦੋ ਕੁੜੀਆਂ ਹੋਰ ਆਟੋ ਵਿਚ ਬੈਠ ਗਈਆਂ ਜਿਨ੍ਹਾਂ ਨੇ ਲਾਂਡਰਾਂ ਜਾਣਾ ਸੀ। ਆਟੋ ਲਾਂਡਰਾਂ ਪਹੁੰਚਣ 'ਤੇ ਕੁੜੀਆਂ ਉੱਤਰ ਗਈਆਂ ਤੇ ਆਟੋ ਵਾਲੇ ਨੂੰ ਕਿਹਾ 'ਭਈਆ ਸਕੈਨਰ ਦੇ ਦੋ, ਪੇਮੈਂਟ ਕਰਦੂੰ।'
ਆਟੋ ਵਾਲਾ, 'ਮੈਡਮ ਕੈਸ਼ ਦੇ ਦਿਓ, ਸਕੈਨਰ ਤਾਂ ਹੈ ਨਹੀਂ, ਨਾ ਮੈਨੂੰ ਇਹਦਾ ਪਤਾ ਕੁਝ।'
ਦੂਜੀ ਕੁੜੀ ਝੱਟ ਬੋਲੀ 'ਭਈਆ ਆਜ ਕੱਲ ਤੋ ਸਭੀ ਆਟੋ ਵਾਲੋਂ ਕੇ ਪਾਸ ਆਨਲਾਈਨ ਹੋਤਾ ਹੈ, ਅਬ ਰੋਜ਼ਾਨਾ ਕੈਸ਼ ਕੌਨ ਰੱਖੇ।'
ਇਸ ਵਾਰ ਆਟੋ ਵਾਲਾ ਥੋੜ੍ਹਾ ਖਿਝ ਕੇ ਬੋਲਿਆ, 'ਭਾਈ ਤੁਸੀਂ ਸੌ-ਪੰਜਾਹ ਰੁਪਏ ਦਾ ਕੈਸ਼ ਨਹੀਂ ਰੱਖ ਸਕਦੇ, ਇਨ੍ਹਾਂ ਦਾ ਕਿਹੜਾ ਭਾਰ ਲੱਗਦਾ, ਜਾਂ ਤੁਸੀਂ ਪਹਿਲਾਂ ਕਹਿਣਾ ਸੀ ਬਈ ਅਸੀਂ ਆਨਲਾਈਨ ਪੇਮੈਂਟ ਕਰਨੀ ਹੈ। ਇਨ੍ਹਾਂ ਦੀ ਬਹਿਸਬਾਜ਼ੀ ਵਿਚ ਬਾਕੀ ਸਾਰੀਆਂ ਸਵਾਰੀਆਂ ਪ੍ਰੇਸ਼ਾਨ ਹੋ ਰਹੀਆਂ ਸਨ। ਫਿਰ ਆਟੋ ਵਿਚ ਬੈਠੀ ਕਰੀਬ 35-40 ਸਾਲਾਂ ਦੀ ਦਿਸਣ ਵਾਲੀ ਮਹਿਲਾ ਜੋ ਇਹ ਸਭ ਕੁਝ ਦੇਖ ਰਹੀ ਸੀ, ਥੋੜ੍ਹਾ ਪ੍ਰੇਸ਼ਾਨ ਹੋ ਕੇ ਬੋਲੀ, 'ਕੁੜੀਓ ਤੁਹਾਨੂੰ ਥੋੜ੍ਹਾ ਬਹੁਤ ਕੈਸ਼ ਰੱਖਣਾ ਚਾਹੀਦਾ ਆ, ਥੋਡੇ ਕਾਰਨ ਅਸੀਂ ਸਾਰੇ ਕੰਮਾਂ ਕਾਰਾਂ ਤੋਂ ਲੇਟ ਹੋ ਰਹੇ ਆਂ, ਜਾਂ ਪਹਿਲਾਂ ਪੁੱਛ ਕੇ ਬੈਠੋ, ਤੁਸੀਂ ਐਵੇਂ ਸਾਨੂੰ ਦੋ ਤਿੰਨ ਮਿੰਟ ਲੇਟ ਕਰਵਾ ਦਿੱਤਾ।'
ਕੁੜੀਆਂ ਆਪਣੀ ਗ਼ਲਤੀ ਮੰਨਣ ਦੀ ਜਗ੍ਹਾ ਕਹਿੰਦੀਆਂ, 'ਸਾਡੀ ਕੋਈ ਗ਼ਲਤੀ ਨਹੀਂ।'
ਮੈਂ ਕੁਝ ਬੋਲਦਾ, ਇਸ ਤੋਂ ਪਹਿਲਾਂ ਹੀ ਉਹ ਮਹਿਲਾ ਬੋਲ ਪਈ, 'ਵੀਰ ਜੀ, ਤੁਸੀਂ ਚੱਲੋ, ਮੈਂ ਲੇਟ ਹੋ ਰਹੀ ਆਂ। ਮੈਂ ਜਿੰਨਾ ਸਮਾਂ ਲੇਟ ਪਹੁੰਚਾਂਗੀ ਮੇਰੇ ਉਨੇ ਹੀ ਪੈਸੇ ਕੱਟੇ ਜਾਣਗੇ, ਇਨ੍ਹਾਂ ਦੇ ਪੈਸੇ ਮੈਂ ਦੇ ਦੇਵਾਂਗੀ।'
ਇਹ ਗੱਲ ਸੁਣ ਕੇ ਆਟੋ ਵਾਲੇ ਨੇ ਹੌਸਲੇ ਵਿਚ ਆਟੋ ਸੋਹਾਣੇ ਵੱਲ ਟੋਰ ਲਿਆ। ਆਟੋ ਵਾਲਾ ਵੀ ਪਰੇਸ਼ਾਨੀ 'ਚ ਬੁੜ- ਬੁੜ ਕਰਦਾ ਰਿਹਾ। ਮੈਂ ਸੋਹਾਣਾ ਸਾਹਿਬ ਪਹੁੰਚ ਕੇ ਪੈਸੇ ਦਿੱਤੇ ਤੇ ਉੱਤਰ ਕੇ ਸਿੰਘ ਸ਼ਹੀਦਾਂ ਗੁਰਦੁਅਰਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਦਫ਼ਤਰ ਜਾਣ ਲਈ ਆਟੋ ਲੈ ਲਿਆ।
ਉਸੇ ਆਟੋ ਵਿਚ ਚਾਰ ਕੁੜੀਆਂ ਹੋਰ ਚੜ੍ਹ ਗਈਆਂ ਜਿਨ੍ਹਾਂ ਨੇ ਆਇਸ਼ਰ ਚੌਂਕ ਜਾਣਾ ਸੀ। ਉਨ੍ਹਾਂ ਵਿਚੋਂ ਇਕ ਕੁੜੀ ਬੋਲੀ, 'ਭਈਆ ਆਨਲਾਈਨ ਹੋ ਜਾਏਂਗੇ'। ਆਟੋ ਖਾਲੀ ਸੀ ਸਿਰਫ ਮੈਂ ਹੀ ਸੀ, ਚਾਰ ਸਵਾਰੀਆਂ ਦੇਖ ਕੇ ਆਟੋ ਵਾਲੇ ਨੇ ਮੈਨੂੰ ਕਿਹਾ, 'ਵੀਰ ਜੀ ਤੁਸੀਂ ਕਰਵਾ ਲਿਓ ਆਪਣੇ ਸਕੈਨਰ 'ਤੇ ਆਨਲਾਈਨ ਪੇਮੈਂਟ, ਮੈਨੂੰ ਕੈਸ਼ ਦੇ ਦੇਣਾ, ਨਹੀਂ ਤਾਂ ਮੇਰੀਆਂ ਸਾਰੀਆਂ ਪੇਮੈਂਟਾਂ ਮਰ ਜਾਣਗੀਆਂ।'
ਮੈਨੂੰ ਆਟੋ ਵਾਲੇ ਦੀ ਆਵਾਜ਼ ਵਿਚ ਨਿਮਰਤਾ ਦੇ ਨਾਲ-ਨਾਲ ਮਜਬੂਰੀ ਵੀ ਦੇਖਣ ਨੂੰ ਮਿਲੀ।
ਮੈਂ ਕਿਹਾ 'ਵੀਰ ਮੈਂ ਪੈਸੇ ਤਾਂ ਦੇ ਦੂੰ, ਪਰ 40 ਰੁਪਏ ਮੇਰੇ ਖਾਤੇ ਵਿਚ ਆਉਣੇ ਚਾਹੀਦੇ ਹਨ।'
'ਠੀਕ ਹੈ ਜੀ' ਆਟੋ ਵਾਲੇ ਨੇ ਹਾਂ ਵਿਚ ਸਿਰ ਹਿਲਾ ਦਿੱਤਾ। ਆਇਸ਼ਰ ਚੌਕ ਕੋਲ ਚਾਰੇ ਕੁੜੀਆਂ ਉੱਤਰ ਗਈਆਂ, ਉਨ੍ਹਾਂ ਵਿਚੋਂ ਇਕ ਨੇ ਮੈਨੂੰ 40 ਰੁਪਏ ਆਨਲਾਈਨ ਕਰ ਕੇ ਸਕਰੀਨ 'ਤੇ ਦਿਖਾਇਆ, ਜਦੋਂ ਮੈਂ ਆਪਣਾ ਮੋਬਾਇਲ ਚੈੱਕ ਕੀਤਾ ਤਾਂ ਕੋਈ ਮੈਸੇਜ ਨਹੀਂ ਸੀ ਆਇਆ।
ਮੈਂ ਕਿਹਾ 'ਮੈਡਮ ਹਾਲੇ ਪੈਸੇ ਆਏ ਨਹੀਂ'
ਅੱਗੋਂ ਕੁੜੀ ਨੇ ਝੱਟ ਦੇਣੀ ਕਿਹਾ 'ਜੀ ਮੈਂ ਤਾਂ ਕਰ ਦਿੱਤੇ ਸੀ, ਆਹ ਦੇਖੋ।' ਕੁੜੀ ਮੈਨੂੰ ਸਕਰੀਨਸ਼ਾਟ ਦਿਖਾਉਣ ਲੱਗੀ।
ਮੈਂ ਕਿਹਾ 'ਨਹੀਂ ਮੈਡਮ, ਮੇਰੇ ਕੋਲ ਤਾਂ ਹਾਲੇ ਨਹੀਂ ਆਏ, ਤੁਸੀਂ ਚੈੱਕ ਕਰ ਸਕਦੇ ਹੋ', ਮੈਂ ਆਪਣੇ ਫੋਨ ਤੇ ਜਾਂਚ ਪੜਤਾਲ ਕਰਕੇ ਕਿਹਾ।
ਆਟੋ ਵਾਲਾ ਵੀ ਚੁੱਪ ਰਿਹਾ, ਅਖੀਰ ਮੈਂ ਉੱਤਰ ਗਿਆ।
ਆਪਣੇ ਦਫ਼ਤਰ ਪਹੁੰਚ ਗਿਆ, ਪਰ ਹਾਲੇ ਤੱਕ ਵੀ ਪੈਸੇ ਮੇਰੇ ਖਾਤੇ ਵਿਚ ਨਹੀਂ ਆਏ ਸੀ। ਦਫ਼ਤਰ ਵਿਚ ਮੈਂ ਇਕ ਆਪਣੇ ਸਾਥੀ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ 'ਭਾਈ ਸਾਹਿਬ ਇਹ ਪੈਸੇ ਆਉਣੇ ਵੀ ਨਹੀਂ, ਤੁਸੀਂ ਦੇਖ ਲੈਣਾ, ਅੱਜਕਲ੍ਹ ਇਸ ਤਰ੍ਹਾਂ ਦੇ ਮਾਮਲੇ ਬਹੁਤ ਹੋ ਰਹੇ ਆ।'
ਮੈਨੂੰ ਵੀ ਲੱਗਾ ਕਿ ਯਾਰ ਗੱਲ ਤਾਂ ਸਹੀ ਆ। ਏਦਾਂ ਕਰਦੇ-ਕਰਦੇ ਸ਼ਾਮ, ਫਿਰ ਰਾਤ, ਫਿਰ ਸਵੇਰ ਹੋ ਗਈ ਪਰ ਉਹ 40 ਰੁਪਏ ਅਜੇ ਤੱਕ ਵੀ ਮੇਰੇ ਖਾਤੇ ਵਿਚ ਨਹੀਂ ਸਨ ਆਏ। ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਯਾਰ ਕੀ ਕੁੜੀਆਂ ਵੀ ਏਦਾਂ ਕਰ ਸਕਦੀਆਂ ਨੇ। ਇੰਜ ਸੋਚਦੇ ਸੋਚਦੇ ਕਦ ਨੀਂਦ ਆ ਗਈ ਪਤਾ ਨਹੀਂ ਲੱਗਿਆ। ਅਗਲੀ ਸਵੇਰ ਮੈਂ ਜਲਦੀ ਉੱਠਿਆ ਤੇ ਨਹਾ-ਧੋ ਕੇ ਮੇਨ ਰੋਡ 'ਤੇ ਪਹੁੰਚ ਗਿਆ ਤੇ ਮੈਨੂੰ ਸੀ.ਟੀ.ਯੂ. ਦੀ ਬਸ ਮਿਲ ਗਈ। ਅੱਜ ਬੱਸ ਵਿਚ ਵੀ ਟਿਕਟ ਲੈਣ ਲਈ ਇਕ ਨੌਜਵਾਨ ਲੜਕੇ ਨੇ ਆਨਲਾਈਨ ਪੇਮੈਂਟ ਲਈ ਕਿਹਾ ਤਾਂ ਇਸ 'ਤੇ ਬਸ ਦੀ ਮਹਿਲਾ ਕੰਡਕਟਰ ਭੜਕ ਗਈ ਤੇ ਬੋਲੀ 'ਇਹ ਕੋਈ ਪ੍ਰਚੂਨ ਦੀ ਦੁਕਾਨ ਨਹੀਂ, ਬਈ ਗੂਗਲ ਪੇ ਹੋਜੂ। ਕੀ ਤੁਸੀਂ 10-20 ਰੁਪਏ ਵੀ ਨਹੀਂ ਰੱਖ ਸਕਦੇ ਆਪਣੇ ਕੋਲ। ਲੜਕੇ ਨੂੰ ਵੀ ਬਾਕੀ ਸਵਾਰੀਆਂ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਕੰਡਕਟਰ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਗੂਗਲ ਪੇ ਕਰਦੋ ਤੇ ਕੈਸ਼ ਲੈ ਲਿਓ। ਸੋਹਾਣਾ ਸਾਹਿਬ ਪਹੁੰਚ ਕੇ ਮੈਂ ਆਪਣੇ ਦਫ਼ਤਰ ਜਾਣ ਲਈ ਫਿਰ ਆਟੋ 'ਚ ਬੈਠ ਗਿਆ। ਏਨੇ ਨੂੰ ਤਿੰਨ ਚਾਰ ਕੁੜੀਆਂ ਹੋਰ ਆ ਗਈਆਂ ਤੇ ਆਟੋ ਵਾਲੇ ਨੂੰ ਕਿਹਾ 'ਆਨਲਾਈਨ ਪੇਮੈਂਟ ਹੋ ਜਾਏਗਾ ਜੀ? ਆਟੋ ਵਾਲੇ ਨੇ ਸਾਫ਼ ਮਨ੍ਹਾ ਕਰ ਦਿੱਤਾ, 'ਨਹੀਂ ਜੀ, ਮੈਨੂੰ ਤਾਂ ਕੈਸ਼ ਚਾਹੀਦਾ, ਕਹਿ ਕੇ ਆਟੋ ਵਾਲੇ ਨੇ ਆਪਣਾ ਆਟੋ ਅੱਗੇ ਤੋਰ ਲਿਆ। ਮੈਂ ਥੋੜ੍ਹੀ ਦੂਰ ਜਾ ਕੇ ਆਟੋ ਵਾਲੇ ਨੂੰ ਕਿਹਾ 'ਬਿਠਾ ਲੈਂਦਾ ਬਾਈ ਉਨ੍ਹਾਂ ਨੂੰ, ਆਨਲਾਈਨ ਨੀਂ ਪੈਸੇ ਲੈਂਦੇ ਤੁਸੀਂ'?
ਆਟੋ ਵਾਲਾ ਵੀ ਪੰਜਾਬੀ ਸੀ ਬੋਲਿਆ 'ਨਾ ਜੀ ਨਾ, ਉਹ ਪੈਸੇ ਕਿਸ ਕੰਮ ਦੇ ਜੋ ਦਿਸਦੇ ਹੀ ਨਹੀਂ, ਹੱਥਾਂ ਵਿਚ ਹੀ ਨਹੀਂ ਆਉਂਦੇ, ਪੈਸੇ ਦੇਖਣ ਨੂੰ ਹੀ ਨਹੀਂ ਮਿਲਦੇ, ਵੀਰ ਜੀ, ਸਵੇਰ ਤੋਂ ਸ਼ਾਮ ਤੱਕ ਆਟੋ ਚਲਾਉਂਦੇ ਆਂ, ਪੈਸੇ ਫਿਰ ਵੀ ਜੇਬ 'ਚ ਨਹੀਂ ਪੈਂਦੇ, ਆਪਾਂ ਤਾਂ ਆਨਲਾਈਨ ਵਾਲੀ ਸਵਾਰੀ ਬਿਠਾਉਂਦੇ ਹੀ ਨਹੀਂ, ਨਾਲੇ ਕੀ ਦਸ-ਦਸ ਰੁਪਏ ਆਨਲਾਈਨ ਕਰਨੇ, ਘੱਟੋ-ਘੱਟ ਕਿਰਾਏ ਜੋਗੇ ਤਾਂ ਬੰਦਾ ਕੈਸ਼ ਰੱਖ ਲਵੇ, ਪਰ ਪਤਾ ਨਹੀਂ ਇਨ੍ਹਾਂ ਨੂੰ ਪੈਸਿਆਂ ਦਾ ਕਿਉਂ ਭਾਰ ਲੱਗਦਾ ਜਾਂ ਆਨਲਾਈਨ ਦੀ ਫੁਕਰੀ ਮਾਰਦੇ ਆ, ਕੁੜੀਆਂ ਤਾਂ ਕੀ ਮੁੰਡੇ ਵੀ ਅੱਜਕਲ੍ਹ 10-10 ਰੁਪਏ ਆਨਲਾਈਨ ਪੇਮੈਂਟ ਕਰਦੇ ਆ।' ਆਟੋ ਵਾਲਾ ਇਨ੍ਹਾਂ ਆਨਲਾਈਨ ਵਾਲੀਆਂ ਸਵਾਰੀਆਂ ਤੋਂ ਕਾਫੀ ਦੁਖੀ ਲੱਗ ਰਿਹਾ ਸੀ, ਜੋ ਲਗਾਤਾਰ ਆਪਣੇ ਦਿਲ ਦੀ ਭੜਾਸ ਕੱਢ ਰਿਹਾ ਸੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਖਰੜ।
ਮੋਬਾਈਲ : 94630-42416