ਅਮਰ ਸੂਫ਼ੀ ਬੇਬਾਕ ਕਲਮਕਾਰ ਹੈ ਤੇ ਗ਼ਜ਼ਲ ਵਿਧਾਨ ਦਾ ਕੱਟੜ ਹਮਾਇਤੀ ਹੈ। ਗ਼ਜ਼ਲ ਲੇਖਣ ਵਿਚ ਜਨਾਬ ਦੀਪਕ ਜੈਤੋਈ ਦੇ ਵਿਦਿਆਰਥੀ ਰਹੇ ਸੂਫ਼ੀ ਦਾ ਅਜਿਹਾ ਹੋਣਾ ਸੁਭਾਵਿਕ ਵੀ ਹੈ। ਗ਼ਜ਼ਲ ਦੇ ਨਾਲ ਨਾਲ ਉਸ ਨੇ ਦੋਹੇ, ਦੋਹੜੇ, ਗੀਤ, ਚੁਮਿਸਰੇ, ਛੇਮਿਸਰੇ ਤੇ ਰੁਬਾਈ ਨੂੰ ਵੀ ਸੰਜੀਦਗੀ ਨਾਲ ਲਿਆ ਹੈ। ਉਸ ਨੂੰ ਆਪਣੀ ਸਿਰਜਣਾ ਵਿਚ ਅਵਾਮੀ ਦਰਦ ਨੂੰ ਪਹਿਲ ਦੇ ਕੇ ਵਧੇਰੇ ਤ੍ਰਿਪਤੀ ਮਿਲਦੀ ਹੈ, ਸ਼ਾਇਦ ਇਸੇ ਲਈ ਉਹ ਆਪਣੀ ਗ਼ਜ਼ਲ ਨੂੰ ਵੀ ਸਰਲ ਰੱਖਦਾ ਹੈ। ਕਵਿਤਾ ਦੇ ਨਾਲ ਨਾਲ ਉਸ ਨੇ ਵਾਰਤਕ ਦੀਆਂ ਵੀ ਕੁਝ ਪੁਸਤਕਾਂ ਦਾ ਪ੍ਰਕਾਸ਼ਨ ਵੀ ਕੀਤਾ ਹੈ। ਉਸ ਦੀਆਂ ਪੁਸਤਕਾਂ ਦੀ ਗਿਣਤੀ ਦਰਜਨ ਤੋਂ ਉੱਤੇ ਹੈ ਤੇ ਕੁਝ ਛਪਣ ਵਾਲੀਆਂ ਹਨ। ਉਹ ਬਾਲ ਸਾਹਿਤ ਉੱਤੇ ਵੀ ਕਾਰਜਸ਼ੀਲ ਹੈ ਤੇ ਬਾਲਾਂ ਲਈ ਉਸ ਦੀਆਂ ਕਈ ਕਿਤਾਬਾਂ ਬਾਲ-ਸਾਹਿਤ ਦਾ ਹਿੱਸਾ ਬਣੀਆਂ ਹਨ। ਮੋਗਾ ਵਿਖੇ ਰਹਿ ਰਹੇ ਇਸ ਗ਼ਜ਼ਲਕਾਰ ਨੇ ਦੁਨੀਆਂ ਦੇ ਦਰਜਨ ਦੇ ਕਰੀਬ ਦੇਸ਼ ਗਾਹੇ ਹਨ ਤੇ ਇਸ ਸਫ਼ਰ ਨੇ ਉਸ ਦੀਆਂ ਲਿਖਤਾਂ ਨੂੰ ਵੀ ਪ੍ਰਭਾਵਤ ਕੀਤਾ ਹੈ। ਪੇਸ਼ ਹਨ ਅਮਰ ਸੂਫ਼ੀ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002
ਅਮਾਨਤ 'ਚ ਕਿਧਰੇ, ਖ਼ਿਆਨਤ ਨਾ ਕੀਤੀ।
ਕਦੇ ਪਿਆਰ ਵਿਚ ਮੈਂ, ਤਿਜਾਰਤ ਨਾ ਕੀਤੀ।
ਮਿਲੇਗਾ ਮੁਹੱਬਤ 'ਚ ਧੋਖਾ, ਪਤਾ ਸੀ,
ਇਸੇ ਡਰ ਦੇ ਮਾਰੇ, ਮੁਹੱਬਤ ਨਾ ਕੀਤੀ।
ਖ਼ਤਾ ਨੈਣ ਕਰਦੇ, ਸਜ਼ਾ ਦਿਲ ਨੂੰ ਹੋਵੇ,
ਤਦੇ ਯਾਰ ਆਪਾਂ, ਸ਼ਰਾਰਤ ਨਾ ਕੀਤੀ।
ਸੀ ਮਾਲੂਮ ਮੁਨਸਿਫ਼, ਵਿਕਾਊ ਨੇ ਏਥੇ,
ਤਦੇ ਚੁੱਪ ਰਹੇ ਤੇ ਸ਼ਿਕਾਇਤ ਨਾ ਕੀਤੀ।
ਬਜ਼ੁਰਗੀ ਨਿਥਾਵੀਂ ਹੋ ਰੁਲਦੀ ਹੈ ਵੇਖੋ,
ਜਿਨ੍ਹਾਂ ਨੇ ਸੀ ਕਰਨੀ ਹਿਫ਼ਾਜ਼ਤ ਨਾ ਕੀਤੀ।
ਗ਼ੁਲਾਮੀ ਦਾ ਹੁਣ ਜ਼ਿਕਰ ਕਰਦੇ ਨੇ ਓਹੀ,
ਜਿਨ੍ਹਾਂ 'ਸੂਫ਼ੀ' ਭੋਰਾ ਬਗ਼ਾਵਤ ਨਾ ਕੀਤੀ।
*
*
ਹੁਸਨ-ਜਵਾਨੀ, ਪਿਆਰ-ਮੁਹੱਬਤ, ਕੀ ਦੱਸਾਂ?
ਪਰਦੇ ਪਿਛਲੀ ਯਾਰ, ਹਕੀਕਤ, ਕੀ ਦੱਸਾਂ?
ਕੀ ਲੈਣਾ ਹੈ, ਚੁੱਪ ਰਹਿਣਾ ਹੀ ਬਿਹਤਰ ਹੈ,
ਉਸ ਦੀ ਉਲਫ਼ਤ, ਮੇਰੀ ਕਿਸਮਤ, ਕੀ ਦੱਸਾਂ?
ਇਸ਼ਕ ਮਜ਼ਾਜੀ ਵਿਚ ਵੀ ਧੋਖਾ ਹੁੰਦਾ ਹੈ,
ਇਸ਼ਕ ਹਕੀਕੀ ਦੀ ਮੈਂ ਇੱਜ਼ਤ, ਕੀ ਦੱਸਾਂ?
ਬੁੱਲ੍ਹਾਂ ਉੱਤੇ ਉਸ ਨੇ ਚੁੱਪ ਟਿਕਾਈ ਹੈ,
ਐਪਰ ਕਰਦੇ ਨੈਣ ਸ਼ਰਾਰਤ, ਕੀ ਦੱਸਾਂ?
ਜਦ ਘਰ ਆਵਾਂ, ਕੀਕਣ ਇਸਤਕਬਾਲ ਕਰੇ,
ਕੰਧ 'ਤੇ ਲੱਗੀ ਤੇਰੀ ਮੂਰਤ, ਕੀ ਦੱਸਾਂ?
ਉਸ ਨੇ ਮਿਲਦੇ ਵੇਲੇ ਨੈਣ ਝੁਕਾਏ ਜਦ,
ਫਿਰ ਕੀ ਹੋਈ ਦਿਲ ਦੀ ਹਾਲਤ, ਕੀ ਦੱਸਾਂ?
ਨਫ਼ਰਤ ਵਾਲੇ ਨੂੰ ਵੀ 'ਸੂਫ਼ੀ' ਪਿਆਰ ਕਰੇ,
ਕਿੱਦਾਂ ਦੀ ਹੈ, ਉਸ ਦੀ ਫ਼ਿਤਰਤ, ਕੀ ਦੱਸਾਂ?
*