14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦੋ ਗ਼ਜ਼ਲਾਂ

Ad Position 21
No active advertisement
ਅਜੀਤ ਡੈਸਕ 21-12-2025

* ਦਲਜੀਤ ਰਾਏ ਕਾਲੀਆ *
ਦਰਦ ਕਹਾਣੀ ਬਾਪੂ ਦੱਸੇ, ਬੀਤੇ ਵਕਤ ਲੰਘਾਏ ਕਿੱਦਾਂ।
ਹੱਲਿਆਂ ਵੇਲੇ ਆਪਣਿਆਂ ਤੋਂ, ਦੂਰ ਹੋਏ ਹਮਸਾਏ ਕਿੱਦਾਂ।

ਮਿਲ-ਜੁਲ ਕੇ ਸਭ ਲੋਕ ਸੀ ਰਹਿੰਦੇ, ਫੁੱਟ ਪਈ ਤਾਂ ਅੱਡੋ-ਫਾਟੀ,
ਸੋਚੋ ਸਮਝੋ ਘਰ 'ਚ ਤੁਹਾਡੇ, ਭੈੜੇ ਲੀਡਰ ਆਏ ਕਿੱਦਾਂ।

ਹਸਦੇ-ਵਸਦੇ ਛੱਡ ਘਰਾਂ ਨੂੰ, ਸਰਹੱਦਾਂ ਵੱਲ ਧਾਏ ਲੋਕੀਂ,
ਬਾਰਾਂ ਵਾਲੇ ਰੁਲਦੇ-ਫਿਰਦੇ, ਸੋਚਣ ਟੁੱਕ ਥਿਆਏ ਕਿੱਦਾਂ।

ਵੱਢਾ-ਟੁੱਕੀ ਭਾਰੀ ਹੋਈ, ਲਾਸ਼ਾਂ ਦੇ ਅੰਬਾਰ ਬੜੇ ਸੀ,
ਆਦਮ ਜਾਤ ਨੇ ਕੋਹ ਕੋਹ ਮਾਰੇ, ਆਪਣੇ ਹੋਸ਼ ਗਵਾਏ ਕਿੱਦਾਂ।

ਰੱਬਾ ਕਿੱਥੇ ਛੁਪ ਬੈਠਾਂ ਤੂੰ, ਬਾਪੂ ਧਾਹਾਂ ਮਾਰੀ ਜਾਂਦੈ,
ਖ਼ੂਨ ਬਣੇ ਨੇ ਕਿੱਦਾਂ ਚਿੱਟੇ, ਆਪਣੇ ਹੋਏ ਪਰਾਏ ਕਿੱਦਾਂ।

ਸਾਂਝ ਪੁਰਾਣੀ ਵੱਢੀ ਟੁੱਕੀ, ਵੰਡੇ ਫ਼ਜ਼ਲਾ ਤੇ ਬਖਤੌਰਾ,
ਰੇਸ਼ਮ ਦੇਵੀ ਸੋਚੀ ਜਾਵੇ, ਨੂਰਾਂ ਦੇ ਘਰ ਜਾਏ ਕਿੱਦਾਂ।

ਲੰਮਾ ਅਰਸਾ ਬੀਤਣ 'ਤੇ ਵੀ, ਭੁੱਲਦੇ ਨਹੀਉਂ ਯਾਰ ਪੁਰਾਣੇ,
ਪੋਠੋਹਾਰ ਦੀ ਪਿੱਠ ਬੋਲੀ, ਕੋਈ ਦੱਸ ਭੁਲਾਏ ਕਿੱਦਾਂ।

ਉਠੇ ਮਾਂ ਦਾ ਪੁੱਤ ਕੋਈ, ਹੱਦਾਂ ਤੇ ਸਰਹੱਦਾਂ ਮੇਟੇ,
ਹਰ ਵੇਲੇ ਹੀ ਸੋਚੀਂ ਜਾਵਾਂ, ਰਲ ਬੈਠੇ ਲੋਕਾਈ ਕਿੱਦਾਂ।

-ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ।
ਮੋਬਾਈਲ : 97812-00168

 

* ਮੁਖਤਿਆਰ ਸਿੰਘ ਕਾਹਲੋਂ *
ਮੇਰਾ ਹਿੱਸਾ, ਮੇਰੀ ਧਰਤੀ, ਮੇਰਾ ਅਸਮਾਨ ਦੇ ਦੋ।
ਮੇਰੀ ਮਾਤ-ਭੂਮੀ, ਮਾਂ ਦੀ ਬੋਲੀ, ਮੇਰੀ ਜ਼ੁਬਾਨ ਦੇ ਦੋ।

ਮੇਰਾ ਬਚਪਨ, ਮੇਰੀ ਜਵਾਨੀ, ਮੇਰਾ ਜਹਾਨ ਦੇ ਦੋ,
ਕੋਈ ਝੁੱਗੀ, ਕਈ ਵਿਹੜਾ, ਕੋਈ ਮਕਾਨ ਦੇ ਦੋ।

ਮੇਰੀ ਗ਼ੈਰਤ, ਮੇਰਾ ਫਲਸਫ਼ਾ, ਮੇਰੀ ਆਨ ਦੇ ਦੋ,
ਮੇਰਾ ਹਾਸਾ, ਮੇਰੀ ਆਜ਼ਾਦੀ, ਮੇਰੀ ਸ਼ਾਨ ਦੇ ਦੋ।

ਤੇਰੀ ਜ਼ਿੰਦਗੀ, ਮੈਂ ਸੰਵਾਰੀ ਸੀ, ਤੈਨੂੰ ਮੁਹੱਬਤ ਕਰਕੇ,
ਅਪਨੀ ਮਹਿਕ, ਜ਼ੁਲਫਾਂ ਦੀ ਛਾਂ, ਮੇਰੇ ਮਿਹਰਬਾਨ ਦੇ ਦੋ।

ਤੁਸੀਂ ਕਹਿੰਦੇ ਸੀ ਮਰਾਂਗੇ, ਨਾ ਵਿਛੜਾਂਗੇ, ਤੁਸੀਂ ਵਿਛੜੇ?
ਮੇਰਾ ਗ਼ਮ, ਮੇਰਾ ਦਰਦ, ਮੇਰੀ ਈਮਾਨ ਦੇ ਦੋ।

ਮੇਰੀ ਹਸਤੀ, ਖ਼ੁਦਾ ਪ੍ਰਸਤੀ, ਖ਼ਤਮ ਪਿਆਰ ਬਦਲੇ,
ਮੇਰੀ ਇੱਜ਼ਤ, ਮੇਰੇ ਰਿਸ਼ਤੇ, ਮੇਰੇ ਭਗਵਾਨ ਦੇ ਦੋ।

ਕੋਈ ਇਨਾਮ, ਕੋਈ ਤੋਹਫ਼ਾ, ਮੈਨੂੰ ਆਜ਼ਾਦ ਕਰ ਦੋ,
ਮੇਰੀ ਗ਼ਜ਼ਲ, ਗੀਤ, ਕਵਿਤਾ, ਮੇਰਾ ਗਿਆਨ ਦੇ ਦੋ।

'ਕਾਹਲੋਂ' ਸੀ ਗੀਤ ਗਾਉਂਦਾ, ਚੁੱਪ ਹੋ ਗਿਆ ਹੈ ਕਿਉਂ?
ਮੇਰੇ ਮਰਨ ਤੋਂ ਪਹਿਲਾਂ ਹੀ, ਮੇਰਾ ਸਨਮਾਨ ਦੇ ਦੋ।

ਪਟੇਲ ਨਗਰੀ, ਗਲੀ ਨੰ: 4, ਮਲੋਟ।
ਮੋਬਾਈਲ : 94781-19781

Ad Position 22
No active advertisement
ਪਿਛਲੀ ਖ਼ਬਰ ਪੱਗ ਵੱਟ ਭਰਾ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-54 * ਗੁਰਦਿਆਲ ਰੌਸ਼ਨ *
Ad Position 24