ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ ਦਾ ਐਲਾਨ ਵੱਡੀਆਂ ਸੰਭਾਵਨਾਵਾਂ ਰੱਖਦਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਸਟ੍ਰੇਲੀਆ ਨਾਲ ਵੀ ਬੜੇ ਹੀ ਸੁਖਾਵੇਂ ਅਤੇ ਵਧੀਆ ਵਪਾਰਕ ਸੰਬੰਧ ਬਣਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ-ਨਾਲ ਹੀ ਉਸ ਨੇ ਬਰਤਾਨੀਆ ਨਾਲ ਵੀ ਦੁਵੱਲੇ ਵਪਾਰਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਹ ਖ਼ਬਰਾਂ ਭਾਰਤ ਲਈ ਵਿਸ਼ੇਸ਼ ਤੌਰ 'ਤੇ ਉਤਸ਼ਾਹ ਦੇਣ ਵਾਲੀਆਂ ਅਤੇ ਇਸ ਦੇ ਚੰਗੇ ਭਵਿੱਖ ਵੱਲ ਸੰਕੇਤ ਕਰਨ ਵਾਲੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਨੂੰ ਦੂਜੇ ਦੇਸ਼ਾਂ ਵਲੋਂ ਭੇਜੀਆਂ ਜਾਣ ਵਾਲੀਆਂ ਚੀਜ਼ਾਂ-ਵਸਤਾਂ 'ਤੇ ਜੋ ਵੱਡੇ ਟੈਕਸਾਂ ਦਾ ਐਲਾਨ ਕੀਤਾ ਸੀ, ਉਸ ਨਾਲ ਇਕ ਵਾਰ ਤਾਂ ਕੌਮਾਂਤਰੀ ਭਾਈਚਾਰਾ ਡੋਲਦਾ ਨਜ਼ਰ ਆਇਆ ਸੀ। ਪਰ ਭਾਰਤ, ਚੀਨ ਅਤੇ ਜਪਾਨ ਵਰਗੇ ਦੇਸ਼ਾਂ ਨੇ ਆਪਣੀਆਂ ਕੌਮਾਂਤਰੀ ਵਪਾਰਕ ਨੀਤੀਆਂ ਨੂੰ ਨਵਾਂ ਮੋੜ ਦੇਣ ਦਾ ਜੋ ਯਤਨ ਕੀਤਾ ਹੈ, ਭਾਰਤ ਦੇ ਸਮਝੌਤੇ ਵੀ ਉਸੇ ਕੜੀ ਅਧੀਨ ਆਉਂਦੇ ਹਨ।
ਅੱਜ ਵੀ ਭਾਰਤ ਵਲੋਂ ਅਮਰੀਕਾ ਨਾਲ ਵਪਾਰਕ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਡੂੰਘੀ ਅਤੇ ਵਿਸਥਾਰਤ ਗੱਲਬਾਤ ਹੋ ਰਹੀ ਹੈ ਪਰ ਉਹ ਅਜੇ ਤੱਕ ਕਿਸੇ ਤਣਪੱਤਣ ਨਹੀਂ ਲੱਗੀ। ਟਰੰਪ ਦੇ ਵਿਹਾਰ ਨੂੰ ਵੇਖਦੇ ਹੋਏ ਉੱਥੋਂ ਦੇ ਪ੍ਰਸ਼ਾਸਨ ਦੀਆਂ ਠੋਸ ਤੇ ਸਪੱਸ਼ਟ ਨੀਤੀਆਂ ਬਾਰੇ ਸ਼ੰਕੇ ਜ਼ਰੂਰ ਪੈਦਾ ਹੋ ਗਏ ਹਨ। ਨਿਊਜ਼ੀਲੈਂਡ ਵਿਚ ਵੱਡੀ ਗਿਣਤੀ 'ਚ ਭਾਰਤੀ ਲੋਕ ਵਸੇ ਹੋਏ ਹਨ। ਕਿਸੇ ਸਮੇਂ ਇਹ ਦੋਵੇਂ ਦੇਸ਼ ਬਰਤਾਨਵੀ ਸਾਮਰਾਜ ਦਾ ਹਿੱਸਾ ਸਨ ਪਰ ਹਾਲਾਤ ਦੇ ਬਦਲਣ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧ ਲਗਭਗ ਪਿਛਲੇ 7 ਦਹਾਕਿਆਂ ਤੋਂ ਚੰਗੇ ਬਣੇ ਹੋਏ ਹਨ, ਜਿਨ੍ਹਾਂ ਦਾ ਲਗਾਤਾਰ ਵਿਸਥਾਰ ਵੀ ਕੀਤਾ ਜਾਂਦਾ ਰਿਹਾ ਹੈ। ਦੋਹਾਂ ਦੇਸ਼ਾਂ ਨੇ ਸਾਲ 1983 ਵਿਚ ਆਪਸੀ ਵਪਾਰਕ ਖੁੱਲ੍ਹਾਂ ਵਧਾਉਣ ਲਈ ਕਈ ਸਮਝੌਤੇ ਕੀਤੇ ਸਨ ਪਰ ਭਾਰਤ ਉਸ ਸਮੇਂ ਵੀ ਅਤੇ ਹੁਣ ਤੱਕ ਵੀ ਇਸ ਗੱਲ 'ਤੇ ਜ਼ਰੂਰ ਬਜ਼ਿੱਦ ਰਿਹਾ ਹੈ ਕਿ ਅਜਿਹੇ ਸਮਝੌਤਿਆਂ ਵਿਚ ਉਸ ਦੀਆਂ ਖੇਤੀ ਦੀਆਂ ਉਪਜਾਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ। ਨਵੇਂ ਸਮਝੌਤੇ ਵਿਚ ਵੀ ਭਾਰਤ ਨੇ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ, ਜਿਸ ਕਰਕੇ ਇਹ ਸਮਝੌਤਾ ਲਟਕਦਾ ਵੀ ਰਿਹਾ ਹੈ ਅਤੇ ਨਿਊਜ਼ੀਲੈਂਡ ਵਲੋਂ ਭਾਰਤ ਦੀ ਇਸ ਨੀਤੀ ਦੀ ਆਲੋਚਨਾ ਵੀ ਹੁੰਦੀ ਰਹੀ ਹੈ ਪਰ ਦੇਸ਼ ਦੀ ਜ਼ਮੀਨੀ ਹਕੀਕਤ ਨੂੰ ਸਮਝਦਿਆਂ ਭਾਰਤ ਇਸ ਮਸਲੇ 'ਤੇ ਹਮੇਸ਼ਾ ਸੁਚੇਤ ਹੋ ਕੇ ਹੀ ਚੱਲਣ ਦਾ ਯਤਨ ਕਰਦਾ ਰਿਹਾ ਹੈ। ਨਿਊਜ਼ੀਲੈਂਡ ਭਾਰਤ ਦਾ ਹਿੰਦ-ਪ੍ਰਸ਼ਾਂਤ ਖੇਤਰ ਵਿਚ ਵੀ ਭਾਈਵਾਲ ਬਣਿਆ ਰਿਹਾ ਹੈ। ਦੋਹਾਂ ਦੇਸ਼ਾਂ ਦੇ ਮੁਖੀਆਂ ਦੀਆਂ ਇਸ ਸੰਬੰਧੀ ਮੁਲਾਕਾਤਾਂ ਵੀ ਹੁੰਦੀਆਂ ਰਹੀਆਂ ਹਨ।
ਹੁਣ ਹੋਏ ਸਮਝੌਤੇ ਵਿਚ ਆਉਂਦੇ 15 ਸਾਲਾਂ ਦੌਰਾਨ 20 ਅਰਬ ਅਮਰੀਕੀ ਡਾਲਰ ਦਾ ਸਿੱਧਾ ਨਿਵੇਸ਼ ਕਰਨਾ ਵੀ ਸ਼ਾਮਿਲ ਹੈ। ਨਵੀਂ ਦਿੱਲੀ ਵਿਚ ਦੋਹਾਂ ਦੇਸ਼ਾਂ ਦੇ ਵਣਜ ਮੰਤਰੀਆਂ ਨੇ 5 ਸਾਲਾਂ ਵਿਚ ਦੁਵੱਲੇ ਆਦਾਨ-ਪ੍ਰਦਾਨ ਨੂੰ ਦੁੱਗਣਾ ਕਰਕੇ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਹੁਨਰਮੰਦਾਂ ਲਈ ਵੀ ਅਸਥਾਈ ਤੌਰ 'ਤੇ ਵੀਜ਼ਾ ਸ਼ਰਤਾਂ ਨਰਮ ਕਰ ਰਿਹਾ ਹੈ। ਬਿਨਾਂ ਸ਼ੱਕ ਇਹ ਦੋਹਾਂ ਦੇਸ਼ਾਂ ਵਿਚਕਾਰ ਜਿੱਥੇ ਰਣਨੀਤਕ ਸਾਂਝ ਨੂੰ ਵਧਾਏਗਾ, ਉੱਥੇ ਭਾਰਤ ਦੇ ਹਰ ਖੇਤਰ ਦੇ ਉੱਦਮੀਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵੀ ਮੌਕੇ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ। ਨਿਊਜ਼ੀਲੈਂਡ ਵਲੋਂ ਭਾਰਤ ਵਿਚ ਵੱਡਾ ਨਿਵੇਸ਼ ਦੋਹਾਂ ਦੇਸ਼ਾਂ ਵਿਚ ਹਰ ਤਰ੍ਹਾਂ ਦੇ ਆਪਸੀ ਤਾਲਮੇਲ ਨੂੰ ਵਧਾਉਣ ਵਿਚ ਸਹਾਈ ਹੋਵੇਗਾ। ਇਸ ਦੇ ਨਾਲ ਹੀ ਸਿਆਸੀ ਤੌਰ 'ਤੇ ਵੀ ਦੋਹਾਂ ਦੇਸ਼ਾਂ ਨੂੰ ਆਪਸੀ ਸਮਝ ਵਧਾਉਣ ਲਈ ਇਕ ਸਾਂਝਾ ਮੰਚ ਜ਼ਰੂਰ ਤਿਆਰ ਕਰਨਾ ਹੋਵੇਗਾ।
ਪਿਛਲੇ ਸਾਲ ਨਵੰਬਰ, 2024 ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਨਿਊਜ਼ੀਲੈਂਡ ਦੇ ਆਪਣੇ ਹਮਰੁਤਬਾ ਕੋਲ ਇਹ ਸ਼ਿਕਾਇਤ ਕੀਤੀ ਸੀ ਕਿ ਅਮਰੀਕਾ ਵਿਚ ਰਹਿ ਰਹੇ ਗੁਰਪਤੰਵਤ ਸਿੰਘ ਪੰਨੂੰ ਵਲੋਂ ਬਣਾਈ ਗਈ ਜਥੇਬੰਦੀ 'ਸਿੱਖਸ ਫਾਰ ਜਸਟਿਸ' ਨਿਊਜ਼ੀਲੈਂਡ ਵਿਚ ਵੀ ਸਰਗਰਮ ਹੈ, ਜਿਸ ਨੇ ਇਸ ਦੇ ਵੱਡੇ ਸ਼ਹਿਰ ਆਕਲੈਂਡ ਵਿਚ ਖ਼ਾਲਿਸਤਾਨ ਬਾਰੇ ਰਿਫਰੈਂਡਮ ਵੀ ਕਰਵਾਇਆ ਸੀ। ਪਿਛਲੇ ਦਿਨੀਂ ਨਿਊਜ਼ੀਲੈਂਡ ਦੇ ਸ਼ਹਿਰ ਮੁਨਰੇਵਾ ਵਿਚ ਸਜਾਏ ਗਏ ਨਗਰ ਕੀਰਤਨ ਵਿਚ ਉੱਥੋਂ ਦੇ ਇਕ ਗੋਰੇ ਕੱਟੜਪੰਥੀ ਗਰੁੱਪ ਨੇ ਵੀ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਤੇ ਸਿੱਖ ਜਗਤ ਵਲੋਂ ਵੱਡੀ ਪ੍ਰਤੀਕਿਰਿਆ ਦਿੱਤੀ ਗਈ ਸੀ। ਦੋਹਾਂ ਸਰਕਾਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਅਜਿਹੇ ਮਸਲਿਆਂ 'ਤੇ ਇਕ-ਦੂਸਰੇ ਨਾਲ ਵਿਚਾਰ-ਵਟਾਂਦਰਾ ਕਰਕੇ ਪੈਦਾ ਹੋਏ ਅਜਿਹੇ ਘਟਨਾਕ੍ਰਮ ਪ੍ਰਤੀ ਆਪਣੀ ਠੋਸ ਨੀਤੀ ਧਾਰਨ ਕਰਨ, ਤਾਂ ਜੋ ਹਰ ਤਰ੍ਹਾਂ ਦੇ ਪਾਏ ਜਾ ਰਹੇ ਭਰਮ-ਭੁਲੇਖੇ ਦੂਰ ਕੀਤੇ ਜਾ ਸਕਣ ਅਤੇ ਆਪਸੀ ਸੰਬੰਧਾਂ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਸਕੇ।
-ਬਰਜਿੰਦਰ ਸਿੰਘ ਹਮਦਰਦ