08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਅਹਿਮੀਅਤ

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਅਹਿਮੀਅਤ

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਪੰਜਾਬ ਯੂਨੀਵਰਸਿਟੀ ਦੀ ਕਥਾ ਮਹਿਜ਼ ਇਕ ਵਿੱਦਿਅਕ ਸੰਸਥਾ ਦੀ ਕਥਾ ਨਹੀਂ ਹੈ, ਬਲਕਿ ਇਹ ਪੰਜਾਬ ਦੇ ਆਧੁਨਿਕ ਦੌਰ ਦੇ ਬੌਧਿਕ ਇਤਿਹਾਸ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ, 1947 ਦੀ ਵੰਡ ਤੋਂ ਬਾਅਦ ਦੇ ਪੰਜਾਬ ਦੀ ਪੁਨਰ-ਸਿਰਜਣਾ ਅਤੇ ਯੂਨੀਵਰਸਿਟੀ ਦੀਆਂ ਜਮਹੂਰੀ ਸੰਸਥਾਵਾਂ ਦੇ ਵਜੂਦ ਅਤੇ ਉਨ੍ਹਾਂ ਦੀ ਨਿਰੰਤਰਤਾ ਦੀ ਕਥਾ ਵੀ ਹੈ | ਪੰਜਾਬ ਯੂਨੀਵਰਸਿਟੀ ਦਾ ਮੁੱਢ 1882 ਵਿਚ ਲਾਹੌਰ ਵਿਚ ਬੱਝਿਆ | ਇਹ ਸੰਸਥਾ ਹੌਲੀ-ਹੌਲੀ ਉੱਚ ਸਿੱਖਿਆ ਅਤੇ ਗਿਆਨ-ਵਿਗਿਆਨ ਦਾ ਮਹੱਤਵਪੂਰਨ ਕੇਂਦਰ ਬਣੀ | ਜਦੋਂ 1947 ਵਿਚ ਦੇਸ਼ ਦੀ ਵੰਡ ਹੋਈ ਤਾਂ ਹੋਰ ਬਹੁਤ ਕੁਝ ਵੰਡੇ ਜਾਣ ਦੇ ਨਾਲ-ਨਾਲ ਪੰਜਾਬ ਦੇ ਗਿਆਨ ਕੇਂਦਰ ਵੀ ਵੰਡੇ ਗਏ | ਪੰਜਾਬ ਯੂਨੀਵਰਸਿਟੀ ਦੀ ਪੁਰਾਣੀ ਸੰਸਥਾਗਤ ਵਿਰਾਸਤ ਨੂੰ  ਭਾਰਤੀ ਪੰਜਾਬ ਵਿਚ ਨਵੇਂ ਸਿਰੇ ਤੋਂ ਜਿਊਾਦਾ ਰੱਖਣ ਦੀ ਚੁਣੌਤੀ ਸਾਹਮਣੇ ਆਈ ਅਤੇ ਕੁਝ ਅਸਥਾਈ ਟਿਕਾਣਿਆਂ ਤੋਂ ਬਾਅਦ ਚੰਡੀਗੜ੍ਹ ਇਸ ਦਾ ਸਥਾਈ ਕੇਂਦਰ ਬਣਿਆ | ਇੱਥੇ ਇੱਕ ਗੱਲ ਵਿਸ਼ੇਸ਼ ਧਿਆਨ ਦੇਣ ਵਾਲੀ ਹੈ ਕਿ ਯੂਨੀਵਰਸਿਟੀ ਸਿਰਫ਼ ਇਮਾਰਤ ਦਾ ਨਾਂਅ ਨਹੀਂ ਹੁੰਦੀ | ਇਮਾਰਤ ਤਾਂ ਬਦਲ ਸਕਦੀ ਹੈ, ਸ਼ਹਿਰ ਵੀ ਬਦਲ ਸਕਦਾ ਹੈ, ਸਰਕਾਰਾਂ ਅਤੇ ਪ੍ਰਸ਼ਾਸਨ ਵੀ ਬਦਲ ਸਕਦੇ ਹਨ ਪਰ ਯੂਨੀਵਰਸਿਟੀ ਦੀ ਅਸਲ ਪਛਾਣ ਉਸ ਦੀ ਅਕਾਦਮਿਕ ਆਜ਼ਾਦੀ, ਗਿਆਨ ਦੀ ਪਾਰਦਰਸ਼ਤਾ ਅਤੇ ਮੌਲਿਕ ਖੋਜ ਕਰਨ-ਕਰਵਾਉਣ ਤੇ ਅਸਹਿਮਤੀ ਲਈ ਥਾਂ ਅਤੇ ਸਵੈ-ਸ਼ਾਸਨ ਨਾਲ ਬਣਦੀ ਹੈ | ਪੰਜਾਬ ਯੂਨੀਵਰਸਿਟੀ ਨੇ ਆਪਣੇ ਇਸ ਕਿਰਦਾਰ ਨੂੰ  ਕਾਇਮ ਰੱਖਿਆ ਹੈ |
ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿਚ ਸੈਨੇਟ ਇਕ ਵਿਆਪਕ ਪ੍ਰਤੀਨਿਧ ਸੰਸਥਾ ਵਜੋਂ ਕੰਮ ਕਰਦੀ ਰਹੀ ਹੈ ਅਤੇ ਇਸ ਵਿਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਦੀ ਭਾਗੀਦਾਰੀ ਦੀ ਪਰੰਪਰਾ ਰਹੀ ਹੈ | ਇਸ ਸੰਸਥਾ ਦਾ ਮਹੱਤਵ ਸਿਰਫ਼ ਇਹ ਨਹੀਂ ਕਿ ਇੱਥੇ ਕੁਝ ਲੋਕ ਬੈਠ ਕੇ ਯੂਨੀਵਰਸਿਟੀ ਦੇ ਮਾਮਲਿਆਂ ਬਾਰੇ ਫ਼ੈਸਲੇ ਕਰਦੇ ਹਨ, ਬਲਕਿ ਇਸ ਸਬੰਧ ਵਿਚ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਲੋਕ ਕੌਣ ਹੁੰਦੇ ਹਨ ਅਤੇ ਉਨ੍ਹਾਂ ਕੋਲ ਕਿਸ ਕਿਸਮ ਦੀ ਦੂਰਦਿ੍ਸ਼ਟੀ ਹੁੰਦੀ ਹੈ? ਇਸ ਮਸਲੇ ਵਿਚ ਜਮਹੂਰੀਅਤ ਦਾ ਸਭ ਤੋਂ ਬੁਨਿਆਦੀ ਸਿਧਾਂਤ ਇਹ ਹੈ ਕਿ ਯੂਨੀਵਰਸਿਟੀ ਦੇ ਫ਼ੈਸਲੇ ਯੂਨੀਵਰਸਿਟੀ ਨਾਲ ਜੁੜੇ ਅਕਾਦਮਿਕ ਸਮਾਜ ਦੀ ਭਾਗੀਦਾਰੀ ਨਾਲ ਹੋਣ | ਪੰਜਾਬ ਯੂਨੀਵਰਸਿਟੀ ਦਾ 144 ਸਾਲਾਂ ਦਾ ਇਤਿਹਾਸ ਸਾਨੂੰ ਇਕ ਮਹੱਤਵਪੂਰਨ ਗੱਲ ਸਿਖਾਉਂਦਾ ਹੈ ਕਿ ਯੂਨੀਵਰਸਿਟੀ ਦੀ ਰੱਖਿਆ ਸਿਰਫ਼ ਉਸ ਦੀਆਂ ਇਮਾਰਤਾਂ ਦੀ ਰੱਖਿਆ ਨਹੀਂ ਹੁੰਦੀ, ਸਗੋਂ ਯੂਨੀਵਰਸਿਟੀ ਨੂੰ  ਬਚਾਉਣ ਦਾ ਮਤਲਬ ਗਿਆਨ-ਖੇਤਰ ਵਿਚਲੀ ਆਜ਼ਾਦੀ ਦੀ ਸੁਰੱਖਿਆ ਕਰਨੀ, ਅਸਹਿਮਤੀ ਦੀ ਥਾਂ ਬਚਾਉਣ ਲਈ ਯਤਨ ਕਰਨੇ, ਅਧਿਆਪਕਾਂ ਦੀ ਆਵਾਜ਼ ਨੂੰ  ਬੁਲੰਦ ਰੱਖਣਾ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਮੌਕਿਆਂ ਦੀ ਰਾਖੀ ਕਰਨਾ ਅਤੇ ਅਕਾਦਮਿਕ ਸਵੈ-ਸ਼ਾਸਨ ਨੂੰ  ਬਚਾਉਣਾ ਹੁੰਦਾ ਹੈ | ਇਸੇ ਕਰਕੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਜਮਹੂਰੀ ਕਿਰਦਾਰ ਨੂੰ  ਬਚਾਉਣ ਤੇ ਸੰਭਾਲਣ ਦਾ ਸਵਾਲ ਅਸਿੱਧੇ ਰੂਪ ਵਿਚ ਦੇਸ਼ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਿਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਲੋਕਪੱਖੀ ਕਿਰਦਾਰ ਨੂੰ  ਬਚਾਉਣ ਨਾਲ ਵੀ ਜੁੜਿਆ ਹੋਇਆ ਹੈ |


ਯੂਨੀਵਰਸਿਟੀ ਦੀ ਇਸ ਮਹੱਤਵਪੂਰਨ ਵਿਧਾਨਕ ਅਤੇ ਨੀਤੀ-ਨਿਰਧਾਰਕ ਸੰਸਥਾ ਵਿਚ ਕੁਝ ਮੈਂਬਰ ਅਹੁਦੇ ਦੇ ਆਧਾਰ 'ਤੇ ਜਾਂ ਨਾਮਜ਼ਦਗੀ ਰਾਹੀਂ ਆਉਂਦੇ ਹਨ ਅਤੇ ਕੁਝ ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ | ਚੋਣ ਰਾਹੀਂ ਆਉਣ ਵਾਲੇ ਮੈਂਬਰ ਵੱਖ-ਵੱਖ ਹਲਕਿਆਂ ਜਾਂ ਵਰਗਾਂ ਦੀ ਨੁਮਾਇੰਦਗੀ ਕਰਦੇ ਹਨ | ਇਨ੍ਹਾਂ ਵਿਚ ਮੁੱਖ ਤੌਰ 'ਤੇ ਯੂਨੀਵਰਸਿਟੀ ਦੇ ਅਧਿਆਪਕ ਅਤੇ ਅਕਾਦਮਿਕ ਵਰਗ, ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੇ ਅਧਿਆਪਕ ਤੇ ਪ੍ਰਤੀਨਿਧ ਅਤੇ ਰਜਿਸਟਰਡ ਗ੍ਰੈਜੂਏਟ ਸ਼ਾਮਿਲ ਹੁੰਦੇ ਹਨ | ਇਨ੍ਹਾਂ ਸਾਰਿਆਂ ਵਿਚ ਗ੍ਰੈਜੂਏਟ ਹਲਕਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਚੋਣ ਵਿਵਸਥਾ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ | ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰ ਚੁੱਕੇ ਯੋਗ ਵਿਅਕਤੀ, ਨਿਯਮਾਂ ਅਨੁਸਾਰ ਆਪਣੇ-ਆਪ ਨੂੰ  ਵੋਟਰ ਵਜੋਂ ਰਜਿਸਟਰ ਕਰਵਾ ਕੇ ਸੈਨੇਟ ਚੋਣਾਂ ਵਿਚ ਹਿੱਸਾ ਲੈ ਸਕਦੇ ਹਨ | ਇਸ ਤਰ੍ਹਾਂ ਯੂਨੀਵਰਸਿਟੀ ਨਾਲ ਜੁੜੇ ਪੁਰਾਣੇ ਵਿਦਿਆਰਥੀਆਂ ਅਤੇ ਬੁੱਧੀਜੀਵੀ ਵਰਗ ਨੂੰ  ਵੀ ਯੂਨੀਵਰਸਿਟੀ ਦੇ ਪ੍ਰਬੰਧ ਵਿਚ ਪ੍ਰਤੀਨਿਧਤਾ ਮਿਲਦੀ ਹੈ | ਇਸ ਚੋਣ ਵਿਵਸਥਾ ਕਾਰਨ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ  ਭਾਰਤ ਦੀਆਂ ਯੂਨੀਵਰਸਿਟੀਆਂ ਦੇ ਪ੍ਰਸ਼ਾਸਨਿਕ ਢਾਂਚਿਆਂ ਵਿਚ ਇਕ ਵਿਲੱਖਣ ਲੋਕਤੰਤਰੀ ਪਰੰਪਰਾ ਵਾਲੀ ਸੰਸਥਾ ਮੰਨਿਆ ਜਾਂਦਾ ਹੈ | ਇਨ੍ਹੀਂ ਦਿਨੀਂ ਸੈਨੇਟ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ ਚੋਣਾਂ ਚਰਚਾ ਹਨ | ਇਨ੍ਹਾਂ ਚੋਣਾਂ ਵਿਚ ਯੂਨੀਵਰਸਿਟੀ ਵਿਚ ਦੋ ਦਹਾਕੇ ਅਧਿਆਪਨ ਕਰਨ ਵਾਲੇ ਡਾ. ਸੁਖਦੇਵ ਸਿੰਘ ਸਿਰਸਾ ਚੋਣ ਲੜ ਰਹੇ ਹਨ | ਡਾ. ਸੁਖਦੇਵ ਸਿੰਘ ਸਿਰਸਾ ਇਕ ਸਕਾਲਰ ਦੇ ਰੂਪ ਵਿਚ, ਅਦਬ ਦੇ ਸਮੀਖਿਅਕ ਦੇ ਰੂਪ ਵਿਚ, ਅਦਬੀ ਅਦਾਰਿਆਂ ਦੀਆਂ ਮੂਹਰਲੀਆਂ ਪੁਜ਼ੀਸ਼ਨਾਂ 'ਤੇ ਕੰਮ ਕਰਨ ਵਾਲੇ ਆਗੂ ਦੇ ਰੂਪ ਵਿਚ ਅਤੇ ਪਿਛਲੇ ਸਮਿਆਂ ਵਿਚ ਹੋਏ ਲੋਕ-ਪੱਖੀ ਸੰਘਰਸ਼ਾਂ ਵਿਚ ਅਵਾਮ ਦੀ ਆਵਾਜ਼ ਬੁਲੰਦ ਕਰਨ ਵਾਲੇ ਸੰਘਰਸ਼ੀ ਕਾਮੇ ਦੇ ਰੂਪ ਵਿਚ ਜਾਣਿਆ-ਪਛਾਣਿਆ ਨਾਂਅ ਹੈ | ਉਨ੍ਹਾਂ ਲਈ ਇਹ ਚੋਣ ਲੜਨਾ ਨਿੱਜੀ ਮਸਲਾ ਨਹੀਂ ਹੈ, ਬਲਕਿ ਉਹ ਚਾਹੁੰਦੇ ਹਨ ਕਿ ਸਿੱਖਿਆ ਖੇਤਰ ਨੂੰ  1990 ਤੋਂ ਬਾਅਦ ਸ਼ੁਰੂ ਹੋਏ ਸਿੱਖਿਆ ਦੇ ਕਾਰਪੋਰੇਟੀਕਰਨ ਅਤੇ ਬਾਜ਼ਾਰੀਕਰਨ ਤੋਂ ਸੁਰਖਿਅਤ ਰੱਖਿਆ ਜਾ ਸਕੇ, ਪੰਜਾਬ ਯੂਨੀਵਰਸਿਟੀ ਉੱਪਰ ਪੰਜਾਬ ਦਾ ਦਾਅਵਾ ਬਣਾ ਕੇ ਰੱਖਿਆ ਜਾ ਸਕੇ, ਜਮਹੂਰੀਅਤ ਨੂੰ  ਦਰਪੇਸ਼ ਵੱਡੇ ਖਤਰਿਆਂ ਦੇ ਦੌਰ ਵਿਚ ਇਸ ਯੂਨੀਵਰਸਿਟੀ ਦੇ ਜਮਹੂਰੀ ਖਾਸੇ ਨੂੰ  ਬਹਾਲ ਰੱਖਿਆ ਜਾ ਸਕੇ, ਨਵੀਂ ਸਿੱਖਿਆ ਨੀਤੀ-2020 ਦੀਆਂ ਸਿੱਖਿਆ ਅਤੇ ਸਮਾਜਿਕ ਵਿਕਾਸ ਵਿਰੋਧੀ ਧਾਰਨਾਵਾਂ ਨੂੰ  ਲਾਗੂ ਹੋਣ ਤੋਂ ਰੋਕਿਆ ਜਾ ਸਕੇ, ਇਸ ਮਹੱਤਵਪੂਰਨ ਅਦਾਰੇ ਵਿਚ ਵਿਦਿਆਰਥੀ ਵਿਰੋਧੀ ਫ਼ੈਸਲੇ ਨਾ ਲਏ ਜਾ ਸਕਣ ਅਤੇ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਹੋਰ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ | ਇਨ੍ਹਾਂ ਸਾਰੇ ਮੁੱਦਿਆਂ 'ਤੇ ਉਹ ਅੱਜ ਨਹੀਂ, ਬਲਕਿ ਪਿਛਲੇ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਹਨ | ਇਹੀ ਨਿਰੰਤਰਤਾ ਸੈਨੇਟ ਦੀਆਂ ਵਰਤਮਾਨ ਚੋਣਾਂ ਵਿਚ ਉਸ ਦੇ ਦਾਅਵੇ ਨੂੰ  ਮਜ਼ਬੂਤ ਬਣਾਉਂਦੀ ਹੈ ਅਤੇ ਇਸੇ ਆਧਾਰ 'ਤੇ ਉਨ੍ਹਾਂ ਦਾ ਸੈਨੇਟ ਵਿਚ ਹੋਣਾ ਯੂਨੀਵਰਸਿਟੀ ਦੇ ਜਮਹੂਰੀ ਤੇ ਲੋਕ ਪੱਖੀ ਕਿਰਦਾਰ ਨੂੰ  ਬਚਾਉਣ ਦੇ ਮਾਮਲੇ ਵਿਚ ਸਭ ਤੋਂ ਵੱਧ ਭਰੋਸੇਮੰਦ ਹੈ |

-ਮੋਬਾਈਲ : 98768-20600

Ad Position 22
No active advertisement
ਪਿਛਲੀ ਖ਼ਬਰ ਵਧਦੀ ਮਹਿੰਗਾਈ ਨੂੰ ਕਿਵੇਂ ਰੋਕਿਆ ਜਾਵੇ? ਅਗਲੀ ਖ਼ਬਰ ਆਦਮਪੁਰ ਫਲਾਈਓਵਰ ਛੇਤੀ ਮੁਕੰਮਲ ਹੋਵੇ
Ad Position 24