ਲੰਡਨ, 4 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੈਸ਼ਨਲ ਸਿੱਖ ਮਿਊਜ਼ੀਅਮ ਡਰਬੀ, ਰਘਬੀਰ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਡਰਬੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਪੰਥ ਦੀ ਸਰਬਉੱਚ ਸੰਸਥਾ ਹੈ, ਜਿਸ ਦੀ ਪਵਿੱਤਰ ਧਰਤੀ 'ਤੇ ਜੂਨ 1984 ਦੇ ਘੱਲੂਘਾਰੇ ਦੇ ਜ਼ਖ਼ਮ ਅਜੇ ਵੀ ਸਿੱਖ ਪੰਥ ਦੇ ਹਿਰਦਿਆਂ ਵਿਚ ਤਾਜ਼ੇ ਹਨ ¢ 41 ਸਾਲ ਬੀਤ ਜਾਣ ਦੇ ਬਾਵਜੂਦ, ਉਹ ਦੁਖਦਾਈ ਯਾਦਾਂ ਪੰਥਕ ਹਿਰਦੇ ਅੰਦਰ ਜਿਉਂਦੀਆਂ ਹਨ, ਸਾਨੂੰ ਏਕਤਾ ਦਾ, ਸਿਦਕ ਦਾ, ਸੰਜੀਦਗੀ ਦਾ ਤੇ ਪੰਥਕ ਚੜ੍ਹਦੀ ਕਲਾ ਦਾ ਸੁਨੇਹਾ ਦਿੰਦੀਆਂ ਹਨ ¢ ਹਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ, ਜੋ ਸਿਰਫ਼ ਇੱਕ ਰਸਮ ਨਹੀਂ, ਸਗੋਂ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਦਾ ਪ੍ਰਤੀਕ ਹੈ¢ ਪਰ ਇਸ ਵਾਰ, 2025 ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਦਮਦਮੀ ਟਕਸਾਲ, ਦਲ ਖ਼ਾਲਸਾ ਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ 'ਤੇ ਉਨ੍ਹਾਂ ਦੇ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ¢ ਇਸ ਵਿਰੋਧ ਨੇ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਤੇ ਸ਼ਹੀਦੀ ਸਮਾਗਮ ਦੀ ਪਵਿੱਤਰਤਾ ਤੇ ਪੰਥਕ ਅਕਸ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ¢ ਦੋਹਾਂ ਪੰਥਕ ਆਗੂਆਂ ਨੇ ਦਲ ਖਾਲਸਾ ਤੇ ਦਮਦਮੀ ਟਕਸਾਲ ਨੂੰ ਅਪੀਲ ਕੀਤੀ ਹੈ ਕਿ ਇਸ ਵਿਰੋਧ ਨੂੰ ਛੱਡ ਕੇ ਸੰਗਤਾਂ ਨੂੰ ਏਕਤਾ ਲਈ ਇੱਕਜੁਟ ਕਰਨਾ ਚਾਹੀਦਾ ਹੈ | ਇਹ ਸਮਾਗਮ ਸਾਡੀ ਏਕਤਾ ਦਾ ਪ੍ਰਤੀਕ ਹੈ, ਸਾਡੇ ਸਿਦਕ ਦਾ ਇਕਰਾਰ ਹੈ, ਸਾਡੇ ਪੰਥਕ ਜਜ਼ਬੇ ਦੀ ਝਲਕ ਹੈ¢ ਦੋਹਾਂ ਪੰਥਕ ਆਗੂਆਂ ਨੇ ਸਪੱਸ਼ਟ ਰੂਪ ਵਿਚ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਿੱਖੀ ਦੀ ਲਹਿਰ ਨੂੰ ਆਮ ਲੋਕਾਂ ਵਿਚ ਲੈ ਕੇ ਜਾ ਰਹੇ ਹਨ ਤੇ ਹੋਰ ਕਈ ਨੇਕ ਕਾਰਜ ਕੀਤੇ ਜਾ ਰਹੇ ਹਨ ¢ ਵਿਦੇਸ਼ੀ ਸਿੱਖ ਸੰਗਤਾਂ ਵਲੋਂ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਸਿਮਰਨਜੀਤ ਸਿੰਘ ਮਾਨ ਵਰਗੇ ਪੰਥਕ ਆਗੂਆਂ ਨੇ ਵੀ ਉਨ੍ਹਾਂ ਦੀ ਹਮਾਇਤ ਕਰਕੇ ਉਸਾਰੂ ਭੂਮਿਕਾ ਨਿਭਾਈ ਹੈ¢