ਨਵੀਂ ਦਿੱਲੀ, 24 ਸਤੰਬਰ (ਏਜੰਸੀ)- ਸੰਗੀਤ ਨਿਰਦੇਸ਼ਕ ਏ.ਆਰ. ਰਹਿਮਾਨ ਅਤੇ ਫਿਲਮ 'ਪੋਨੀਯਿਨ ਸੇਲਵਨ 2' ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਜੂਨੀਅਰ ਡਾਗਰ ਬ੍ਰਦਰਜ਼ ਦੁਆਰਾ 'ਸ਼ਿਵ ਸਤੁਤੀ' ਦੇ ਸ਼ਾਸਤਰੀ ਗਾਇਣ 'ਤੇ ਕਾਪੀਰਾਈਟ ਦੇ ਮੁਕੱਦਮੇ 'ਚ ਉਨ੍ਹਾਂ ਨੂੰ 2 ਕਰੋੜ ਰੁਪਏ ਜਮ੍ਹਾਂ ਕਰਨ ਦਾ ਨਿਰਦੇਸ਼ ਦੇਣ ਵਾਲੇ ਆਦੇਸ਼ ਨੂੰ ਰੱਦ ਕਰ ਦਿੱਤਾ | ਜਸਟਿਸ ਸੀ. ਹਰੀਸ਼ੰਕਰ ਅਤੇ ਓਮ ਪ੍ਰਕਾਸ਼ ਸ਼ੁਕਲਾ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਆਪਣੇ ਆਦੇਸ਼ 'ਚ ਸਿਧਾਂਤਕ ਰੂਪ ਨਾਲ ਗਲਤੀ ਕੀਤੀ ਅਤੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ | ਜਸਟਿਸ ਪ੍ਰਤਿਭਾ ਐਮ ਸਿੰਘ ਨੇ 25 ਅਪ੍ਰੈਲ ਨੂੰ ਫੈਸਲਾ ਸੁਣਾਇਆ ਕਿ ਸ਼੍ਰੋਤਿਆਂ ਦੇ ਦਿ੍ਸ਼ਟੀਕੋਣ ਤੋਂ ਫਿਲਮ 'ਚ ਰਹਿਮਾਨ ਦੇ ਗੀਤ 'ਵੀਰਾ ਰਾਜਾ ਵੀਰਾ' ਦਾ ਮੂਲ ਸਵਰ, ਭਾਵ ਅਤੇ ਸੁਣਨ ਪ੍ਰਭਾਵ 'ਚ ਨਾ ਕੇਵਲ ਪ੍ਰੇਰਿਤ ਹੈ, ਬਲ ਕਿ ਅਸਲ 'ਚ 'ਸ਼ਿਵ ਸਤੁਤੀ' ਦੇ ਬਰਾਬਰ ਹੈ | ਜਸਟਿਸ ਨੇ ਕਿਹਾ ਕਿ ਇਹ ਭਗਵਾਨ ਸ਼ਿਵ ਨੂੰ ਸਮਰਪਿਤ ਸੰਗੀਤਮਈ ਸ਼ਰਧਾਂਜਲੀ ਦੇ ਮੂਲ ਰਚਨਾਕਾਰਾਂ ਦੇ ਅਧਿਕਾਰਾਂ ਦਾ ਉਲੰਘਣ ਹੈ |