ਸਾਨ ਫਰਾਂਸਿਸਕੋ/ਸੈਕਰਾਮੈਂਟ, 24 ਸਤੰਬਰ (ਐਸ ਅਸ਼ੋਕ ਭੌਰਾ, ਹੁਸਨ ਲੜੋਆ ਬੰਗਾ)-ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸਥਿਤ ਜਨਰਲ ਅਸੈਂਬਲੀ ਹਾਲ ਵਿਚ ਇਸ ਦੀ ਸਥਾਪਨਾ ਦੇ 80ਵੇਂ ਵਰ੍ਹੇ ਮੌਕੇ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸੇ ਦੀ ਕੋਈ ਪ੍ਰਵਾਹ ਕੀਤੇ ਬਿਨਾਂ ਸੰਯੁਕਤ ਰਾਸ਼ਟਰ ਨੂੰ ਵਾਧੂ, ਬੇਅਸਰ, ਭਿ੍ਸ਼ਟ ਤੇ ਨੁਕਸਾਨਦੇਹ ਕਰਾਰ ਦਿੱਤਾ | ਟਰੰਪ ਪਿਛਲੇ 6 ਸਾਲਾਂ 'ਚ ਪਹਿਲੀ ਵਾਰ ਇਸ ਸੰਸਥਾ ਦੇ ਆਂਗਣ ਪੁੱਜੇ ਸਨ | ਅਮਰੀਕੀ ਵਿਚ ਸਫਲ ਇਮੀਗ੍ਰੇਸ਼ਨ ਕਰੈਕਡਾਊਨ ਮਾਡਲ ਦਾ ਹਵਾਲਾ ਦਿੰਦਿਆਂ ਟਰੰਪ ਨੇ ਸਮੂਹ ਯੂਰਪੀ ਦੇਸ਼ਾਂ ਨੂੰ ਆਪਣੀਆਂ ਸਰਹੱਦਾਂ ਮੁਕੰਮਲ ਤੌਰ 'ਤੇ ਸੀਲ ਕਰਕੇ ਵਿਦੇਸ਼ੀਆਂ ਨੂੰ ਇਹ ਕਹਿ ਕੇ ਬਾਹਰ ਕੱਢਣ ਲਈ ਕਿਹਾ ਕਿ ਆਪਣੇ ਖੂਨ ਤੇ ਆਪਣੀ ਮਿੱਟੀ ਵਾਲੇ ਨੂੰ ਇਮੀਗ੍ਰੇਸ਼ਨ ਦਿਓ ਤੇ ਉਸ ਨੇ ਚਿਤਾਵਨੀ ਦਿੱਤੀ ਕਿ ਖੁੱਲ੍ਹੀਆਂ ਸਰਹੱਦਾਂ ਦੇ ਨਾਕਾਮ ਤਜ਼ਰਬੇ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ | ਇਹ ਸਭ ਤੁਹਾਨੂੰ ਹੁਣੇ ਹੀ ਖਤਮ ਕਰਨਾ ਪਵੇਗਾ ਕਿਉਂਕਿ ਤੁਹਾਡੇ ਦੇਸ਼ ਨਰਕ ਬਣਨ ਵੱਲ ਵਧ ਰਹੇ ਹਨ | ਟਰੰਪ ਨੇ ਸੰਯੁਕਤ ਰਾਸ਼ਟਰ 'ਤੇ ਗਲੋਬਲ ਮਾਈਗ੍ਰੇਸ਼ਨ ਏਜੰਡਾ ਚਲਾਉਣ ਦਾ ਦੋਸ਼ ਲਗਾਉਂਦਿਆਂ ਹਾਜਰ ਮੁਲਕਾਂ ਦੇ ਆਗੂਆਂ ਨੂੰ ਕਿਹਾ ਕਿ ਇਹ ਸੰਸਥਾ ਤੁਹਾਡੇ ਦੇਸ਼ਾਂ 'ਤੇ ਹਮਲੇ ਲਈ ਫੰਡਿੰਗ ਕਰ ਰਹੀ ਹੈ | ਆਪਣੀ ਪ੍ਰਸੰਸਾਂ ਤੇ ਦਾਅਵਿਆਂ 'ਚ ਟਰੰਪ ਨੇ ਕਿਹਾ ਕਿ ਉਸ ਨੇ ਆਪਣੇ ਸਿਰਫ 8 ਮਹੀਨਿਆਂ ਦੇ ਰਾਜ ਭਾਗ 'ਚ 7 ਲੜਾਈਆਂ ਬੰਦ ਕਰਵਾਈਆਂ ਹਨ ਤੇ ਸੰਯੁਕਤ ਰਾਸ਼ਟਰ ਬਿਆਨਬਾਜ਼ੀ ਤੋਂ ਅਗਾਂਹ ਨਹੀਂ ਤੁਰ ਸਕਿਆ | ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓਾ ਗੁਟਰੇਸ ਦੀ ਹਾਜ਼ਰੀ 'ਚ ਟਰੰਪ ਨੇ ਸਿਰਫ ਐਲ ਸੈਲਵਾਡੋਰ ਦੀ ਸਿਫਤ ਕੀਤੀ ਕਿ ਇਸ ਮੁਲਕ ਨੇ ਅਮਰੀਕਾ ਵਿਚ ਦਾਖਲ ਹੋਏ ਅਪਰਾਧੀਆਂ ਨੂੰ ਜੇਲ੍ਹਾਂ 'ਚ ਸੁੱਟਣ ਦਾ ਸਫਲ ਤੇ ਪੇਸ਼ਾਵਰ ਕੰਮ ਕੀਤਾ ਹੈ | ਉਸ ਨੇ ਗਰੀਨ ਐਨਰਜੀ ਪ੍ਰੋਗਰਾਮਾਂ 'ਤੇ ਵੀ ਹਮਲਾ ਕੀਤਾ ਅਤੇ ਕਿਹਾ ਕਿ ਇਹ ਵਿਕਸਤ ਦੇਸ਼ਾਂ ਤੋਂ ਮੈਨੂਫੈਕਚਰਿੰਗ ਤਾਕਤ ਲੈ ਕੇ ਉਨ੍ਹਾਂ ਦੇਸ਼ਾਂ ਨੂੰ ਦੇ ਰਹੇ ਹਨ ਜੋ ਪ੍ਰਦੂਸ਼ਣ ਕਰਦੇ ਹਨ ਤੇ ਨਿਯਮ ਤੋੜ ਕੇ ਪੈਸਾ ਕਮਾ ਰਹੇ ਹਨ | ਇਸ ਤੋਂ ਵੱਡੀ ਠੱਗੀ ਕੋਈ ਹੋਰ ਨਹੀਂ | ਇਥੋਂ ਤੱਕ ਫਿਰ ਕਹਿ ਦਿੱਤਾ ਕਿ ਪੈਰਿਸ ਮੌਸਮੀ ਸਮਝੌਤੇ ਤਹਿਤ ਮੌਸਮੀ ਤਬਦੀਲੀ ਦਾ ਢੰਡੋਰਾ ਦੁਨੀਆ ਦਾ ਸਭ ਤੋਂ ਵੱਡਾ ਧੋਖਾ ਹੈ | ਉਨ੍ਹਾਂ ਹਵਾ ਦੇ ਟਰਬਾਈਨਾਂ ਵਰਗੇ ਨਵੀਨੀਕਰਨਯੋਗ ਸਰੋਤਾਂ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਹਰਾ ਏਜੰਡਾ ਦੇਸ਼ਾਂ ਨੂੰ ਬਰਬਾਦੀ ਦੇ ਕੰਢੇ ਲੈ ਆਇਆ ਹੈ | ਯੂਕਰੇਨ ਜੰਗ ਦੇ ਸੰਬੰਧ 'ਚ ਕਿਹਾ ਕਿ ਉਹ ਰੂਸ 'ਤੇ ਭਾਰੀ ਟੈਰਿਫ਼ ਲਗਾਉਣ ਦੀ ਪੇਸ਼ਕਸ਼ ਕਰੇਗਾ ਪਰ ਯੂਰਪੀ ਦੇਸ਼ਾਂ ਨੂੰ ਸਭ ਤੋਂ ਪਹਿਲਾਂ ਰੂਸੀ ਊਰਜਾ ਖਰੀਦਣੀ ਬੰਦ ਕਰਨੀ ਪਵੇਗੀ | ਚੀਨ ਤੇ ਭਾਰਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਫਿਰ ਦੋਹਾਂ ਮੁਲਕਾਂ 'ਤੇ ਜੰਗ ਨੂੰ ਪੈਸਾ ਦੇਣ ਦਾ ਇਲਜਾਮ ਲਗਾਇਆ | ਟਰੰਪ ਨੇ ਇਥੋਂ ਤੱਕ ਵੀ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਨਾਟੋ ਦੇਸ਼ ਅਜੇ ਵੀ ਰੂਸੀ ਊਰਜਾ ਲੈ ਕੇ ਆਪਣੇ ਵਿਰੁੱਧ ਹੀ ਜੰਗ ਨੂੰ ਫੰਡ ਦੇ ਰਹੇ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਸਾਰ ਨੂੰ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਲਈ ਇਕੱਠੇ ਹੋਣਾ ਪਵੇਗਾ ਅਤੇ ਜੈਵਿਕ ਹਥਿਆਰਾਂ ਦੀ ਵਰਤੋਂ ਰੋਕਣ ਲਈ ਨਵੀਂਆਂ ਕੋਸ਼ਿਸ਼ਾਂ ਸ਼ੁਰੂ ਕਰਨੀਆਂ ਪੈਣਗੀਆਂ ਵਰਨਾ ਜੇ ਕਦੇ ਇਹ ਵਰਤ ਲਏ ਗਏ ਤਾਂ ਦੁਨੀਆਂ ਤਬਾਹ ਹੋ ਜਾਏਗੀ ਤੇ ਬਚੇਗਾ ਸੰਯੁਕਤ ਰਾਸ਼ਟਰ ਵੀ ਨਹੀਂ | ਭਾਸ਼ਣ ਤੋਂ ਕੁਝ ਦੇਰ ਬਾਅਦ ਜਦੋਂ ਟਰੰਪ ਦੀ ਮੁਲਾਕਾਤ ਐਂਟੋਨੀਓ ਗੁਟਰੇਸ ਨਾਲ ਆਹਮੋ-ਸਾਹਮਣੇ ਹੋਈ ਤਾਂ ਟਰੰਪ ਦੇ ਤੇਵਰ ਬਦਲੇ ਹੋਏ ਵੀ ਨਜ਼ਰ ਆਏ ਜਦੋਂ ਉਨ੍ਹਾਂ ਨੇ ਗੁਟਰੇਸ ਨੂੰ ਕਿਹਾ ਅਮਰੀਕਾ ਸੰਯੁਕਤ ਰਾਸ਼ਟਰ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ | ਮੈਂ ਕਦੇ-ਕਦੇ ਇਸ ਨਾਲ ਅਸਹਿਮਤ ਹੁੰਦਾ ਹਾਂ ਪਰ ਉਂਜ ਇਸ ਦੇ ਨਾਲ ਹਾਂ ਕਿਉਂਕਿ ਇਸ ਸੰਸਥਾ ਵਿਚ ਸ਼ਾਂਤੀ ਲਈ ਵੱਡੀ ਸੰਭਾਵਨਾ ਹੈ |