ਸਕਾਟਲੈਂਡ ਦੇ ‘ ਫਸਟ ਮਨਿਸਟਰ ’ ਅਕਤੂਬਰ ਦੇ ਅਖੀਰ ’ ਚ ਕਰਨਗੇ ਭਾਰਤ ਦਾ ਦੌਰਾ
ਗਲਾਸਗੋ, 30 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ‘ਫਸਟ ਮਨਿਸਟਰ’ ਜੌਨ ਸਵਿਨੀ ਅਕਤੂਬਰ ਵਿਚ ਭਾਰਤ ਦਾ ਸਰਕਾਰੀ ਦੌਰਾ ਕਰਨਗੇ। ਇਸ ਦੌਰਾਨ ਉਹ ਸਕਾਟਲੈਂਡ ਦੇ ਇਕ ਉੱਚ ਪੱਧਰੀ ਵਪਾਰਕ ਵਫ਼ਦ ਦੀ ਅਗਵਾਈ ਕਰਦਿਆਂ ਭਾਰਤੀ ਕਾਰੋਬਾਰੀ ਆਗੂਆਂ ਨਾਲ ਮੁਲਾਕਾਤਾਂ ਕਰਨਗੇ।
ਗਲਾਸਗੋ, 30 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ‘ਫਸਟ ਮਨਿਸਟਰ’ ਜੌਨ ਸਵਿਨੀ ਅਕਤੂਬਰ ਵਿਚ ਭਾਰਤ ਦਾ ਸਰਕਾਰੀ ਦੌਰਾ ਕਰਨਗੇ। ਇਸ ਦੌਰਾਨ ਉਹ ਸਕਾਟਲੈਂਡ ਦੇ ਇਕ ਉੱਚ ਪੱਧਰੀ ਵਪਾਰਕ ਵਫ਼ਦ ਦੀ ਅਗਵਾਈ ਕਰਦਿਆਂ ਭਾਰਤੀ ਕਾਰੋਬਾਰੀ ਆਗੂਆਂ ਨਾਲ ਮੁਲਾਕਾਤਾਂ ਕਰਨਗੇ। ਦੌਰੇ ਦਾ ਮੁੱਖ ਮਕਸਦ ਸਕਾਟਲੈਂਡ ਅਤੇ ਭਾਰਤ ਵਿਚਾਲੇ ਵਪਾਰ, ਨਿਵੇਸ਼ ਅਤੇ ਆਰਥਿਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਸਕਾਟਲੈਂਡ ਸਰਕਾਰ ਅਨੁਸਾਰ ਦੌਰੇ ਦੌਰਾਨ ਖਾਣ-ਪੀਣ ਦੀਆਂ ਵਸਤਾਂ ਅਤੇ ਪੇਅ ਪਦਾਰਥਾਂ(ਚਾਹ, ਕੌਫੀ, ਜੂਸ, ਪੀਣ ਵਾਲੇ ਠੰਡੇ), ਨਵਿਆਉਣਯੋਗ ਊਰਜਾ, ਸਿੱਖਿਆ, ਸੈਰ-ਸਪਾਟਾ, ਸੱਭਿਆਚਾਰ ਅਤੇ ਪੁਲਾੜ ਖੇਤਰ ਵਿੱਚ ਸਹਿਯੋਗ ਤੇ ਨਵੇਂ ਵਪਾਰਕ ਮੌਕਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ। ਵਫ਼ਦ ਵਿਚ ਸਕਾਟਲੈਂਡ ਦੇ ਮੱਛੀ ਪਾਲਣ ਅਤੇ ਸਾਲਮਨ ਉਦਯੋਗ, ਸਕਾਚ ਵਿਸਕੀ ਉਦਯੋਗ, ਵਪਾਰ ਮੰਡਲਾਂ, ਸੈਰ-ਸਪਾਟਾ ਅਤੇ ਉੱਚ ਸਿੱਖਿਆ ਖੇਤਰ ਨਾਲ ਜੁੜੇ ਨੁਮਾਇੰਦੇ ਸ਼ਾਮਿਲ ਹੋਣਗੇ। ਸਕਾਟਲੈਂਡ ਸਰਕਾਰ ਦਾ ਕਹਿਣਾ ਹੈ ਕਿ ਬਰਤਾਨੀਆ ਅਤੇ ਭਾਰਤ ਵਿਚਾਲੇ ਹੋਇਆ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤਾ ਸਕਾਟਲੈਂਡ ਲਈ ਨਵੇਂ ਮੌਕੇ ਪੈਦਾ ਕਰ ਸਕਦਾ ਹੈ। ਸਰਕਾਰੀ ਅੰਦਾਜ਼ੇ ਮੁਤਾਬਕ 2030 ਤੱਕ ਸਕਾਟਲੈਂਡ ਦੇ ਤਰਜੀਹੀ ਖੇਤਰਾਂ ਲਈ 3 ਅਰਬ ਪੌਂਡ ਤੋਂ ਵੱਧ ਦੇ ਵਪਾਰਕ ਮੌਕੇ ਪੈਦਾ ਹੋ ਸਕਦੇ ਹਨ। ਇਨ੍ਹਾਂ ਵਿਚ ਊਰਜਾ, ਜੀਵਨ ਵਿਗਿਆਨ, ਸਿੱਖਿਆ, ਤਕਨਾਲੋਜੀ, ਡਿਜੀਟਲ ਸੇਵਾਵਾਂ ਅਤੇ ਖਾਣ-ਪੀਣ ਨਾਲ ਸੰਬੰਧਿਤ ਖੇਤਰ ਪ੍ਰਮੁੱਖ ਹਨ। ਇਹ ਦੌਰਾ ਸਕਾਟਲੈਂਡ ਅਤੇ ਭਾਰਤ ਵਿਚਾਲੇ ਆਰਥਿਕ ਸਹਿਯੋਗ, ਸੱਭਿਆਚਾਰਕ ਅਦਾਨ-ਪ੍ਰਦਾਨ, ਸੈਰ-ਸਪਾਟੇ, ਖੇਡਾਂ ਅਤੇ ਵਿੱਦਿਅਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਸਕਾਟਲੈਂਡ ਦੇ ਪਹਿਲੇ ਮੰਤਰੀ 20 ਤੋਂ 27 ਅਕਤੂਬਰ ਤੱਕ ਭਾਰਤ ਦੌਰੇ ’ਤੇ ਜਾਣਗੇ ਅਤੇ ਇਸ ਦੌਰਾਨ ਦਿੱਲੀ, ਅਹਿਮਦਾਬਾਦ ਅਤੇ ਮੁੰਬਈ ਦਾ ਦੌਰਾ ਕਰਨਗੇ।