ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਜੋ ਵੀ ਯੂ.ਕੇ. 'ਚ ਕੰਮ ਕਰਨਾ ਚਾਹੁੰਦਾ ਹੈ, ਉਸ ਕੋਲ ਸੰਸਦ ਦੇ ਅੰਤ ਤੱਕ ਇਕ ਡਿਜੀਟਲ ਆਈ.ਡੀ. ਹੋਣੀ ਚਾਹੀਦੀ ਹੈ | ਸਰਕਾਰ ਨੂੰ ਉਮੀਦ ਹੈ ਕਿ ਪ੍ਰਸਤਾਵਿਤ ਪਹਿਚਾਣ ਕਾਰਡ ਨਾਲ ਗੈਰ-ਕਾਨੂੰਨੀ ਤੌਰ 'ਤੇ ਸਿਰਫ ਪੈਸੇ ਕਮਾਉਣ ਲਈ ਯੂ.ਕੇ. ਆਉਣ ਵਾਲੇ ਲੋਕਾਂ ਤੇ ਰੋਕ ਲੱਗੇਗੀ | ਪਰ ਇਸ ਯੋਜਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਆਲੋਚਨਾਵਾਂ ਕੀਤੀਆਂ ਜਾ ਰਹੀਆਂ ਹਨ ਕਿ ਅਜੇਹਾ ਨਿਯਮ ਛੋਟੀਆਂ ਕਿਸ਼ਤੀਆਂ ਰਾਹੀਂ ਯੂ.ਕੇ. 'ਚ ਦਾਖਲੇ ਨੂੰ ਨਹੀਂ ਰੋਕ ਸਕੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਨੂੰ 'ਨਿਰਪੱਖ' ਹੋਣ ਦੀ ਲੋੜ ਹੈ ਨਹੀਂ ਤਾਂ ਇਹ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰ ਦੇਵੇਗਾ | ਉਹਨਾਂ ਕਿਹਾ ਕਿ ਇਹ ਸਰਕਾਰ ਇਸ ਸੰਸਦ ਦੇ ਅੰਤ ਤੱਕ ਕੰਮ ਕਰਨ ਦੇ ਅਧਿਕਾਰ ਲਈ ਇਕ ਨਵੀਂ, ਮੁਫ਼ਤ, ਡਿਜੀਟਲ ਆਈ.ਡੀ. ਲਾਜ਼ਮੀ ਬਣਾ ਦੇਵੇਗੀ | ਜਿਸ ਅਨੁਸਾਰ ਜੇ ਕਿਸੇ ਵਿਅਕਤੀ ਕੋਲ ਡਿਜੀਟਲ ਆਈ.ਡੀ. ਨਹੀਂ ਹੈ ਤਾਂ ਉਹ ਯੂ.ਕੇ. 'ਚ ਕੰਮ ਨਹੀਂ ਕਰ ਸਕਣਗੇ | ਸਰਕਾਰ ਦੀ ਇਸ ਨਵੀਂ ਯੋਜਨਾ ਤਹਿਤ ਆਈ.ਡੀ. ਕਾਰਡਾਂ ਨੂੰ ਮੋਬਾਇਲ ਫੋਨਾਂ ਜਾਂ ਹੋਰ ਡਿਵਾਈਸਾਂ 'ਤੇ ਉਸੇ ਤਰ੍ਹਾਂ ਰੱਖਿਆ ਜਾ ਸਕੇਗਾ ਜਿਸ ਤਰ੍ਹਾਂ ਭੁਗਤਾਨ ਕਾਰਡ ਜਾਂ ਰਾਸ਼ਟਰੀ ਸਿਹਤ ਸੇਵਾ ਐਪ ਰੱਖੀ ਜਾਂਦੀ ਹੈ | ਕੈਬਨਿਟ ਮੰਤਰੀ ਲੀਜ਼ਾ ਨੰਦੀ ਨੇ ਕਿਹਾ ਕਿ ਡਿਜੀਟਲ ਦਸਤਾਵੇਜ਼ ਦੀ ਲੋੜ ਸਿਰਫ਼ ਕੰਮ ਕਰਨ ਦੇ ਅਧਿਕਾਰ ਦੇ ਸਬੂਤ ਵਜੋਂ ਹੋਵੇਗੀ |