ਐਬਟਸਫੋਰਡ, 1 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਆਪੋ ਆਪਣੇ ਖੇਤਰਾਂ ਵਿਚ ਸਫ਼ਲ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਵੂਮੈਨਜ਼ ਐਗਜ਼ੀਕਿਊਟਿਵ ਨੈੱਟਵਰਕ ਵਲੋਂ ਸਾਲ 2025 ਲਈ ਕੈਨੇਡਾ 'ਚ ਮੋਸਟ ਪਾਵਰਫੁੱਲ ਟਾਪ 100 ਦੇ ਸਨਮਾਨ ਲਈ ਅੱਜ ਨਾਵਾਂ ਦਾ ਐਲਾਨ ਕਰ ਦਿੱਤਾ ਹੈ | ਇਸ ਵੱਕਾਰੀ ਸਨਮਾਨ ਲਈ 3 ਭਾਰਤੀ ਔਰਤਾਂ ਡਾ. ਸ਼ੀਲਾ ਸਿੰਘ, ਸਵੀਨਾ ਧਾਲੀਵਾਲ ਤੇ ਭਾਰਤੀ ਮਾਇਆ ਨਥਾਨੀ ਵੀ ਚੁਣੀਆਂ ਗਈਆਂ ਹਨ | ਸੰਸਥਾ ਵਲੋਂ ਇਹ ਸਨਮਾਨ ਹਰ ਸਾਲ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਅਤੇ ਔਰਤਾਂ ਦੀ ਭਲਾਈ ਵਿਚ ਅਹਿਮ ਯੋਗਦਾਨ ਪਾਇਆ ਹੋਵੇ | ਡਾ. ਸ਼ੀਲਾ ਸਿੰਘ ਮੈਕਮਾਸਟਰ ਯੂਨੀਵਰਸਿਟੀ ਵਿਖੇ ਪ੍ਰੋਫ਼ੈਸਰ ਤੇ ਨਿਊਰੋਸਰਜਰੀ ਦੀ ਹੈੱਡ ਹੈ | ਬਰੇਨ ਟਿਊਮਰ ਬਾਰੇ ਖੋਜਕਰਤਾ ਡਾ. ਸ਼ੀਲਾ ਸਿੰਘ ਦੇ ਕੁਦਰਤ, ਕੈਂਸਰ ਸੈੱਲ ਤੇ ਕੁਦਰਤੀ ਦਵਾਈ ਬਾਰੇ 200 ਹੱਥ ਲਿਖਤ ਲੇਖ ਛਪ ਚੁੱਕੇ ਹਨ | ਚਾਰਟਰਡ ਪ੍ਰੋਫ਼ੈਸ਼ਨਲ ਅਕਾਊਾਟੈਂਟ ਸਵੀਨਾ ਧਾਲੀਵਾਲ ਪੁਲਿਸ 'ਚ ਚੀਫ਼ ਐਡਮਨਿਸਟ੍ਰੇਟਿਵ ਅਧਿਕਾਰੀ ਹੈ ਜਦਕਿ ਭਾਰਤੀ ਮਾਇਆ ਨਥਾਨੀ ਯੂਨੀਵਰਸਲ ਹੈਲਥ ਕਲੱਬ ਦੀ ਸੰਸਥਾਪਕ ਹੈ ਤੇ ਉਹ ਬਜ਼ੁਰਗਾਂ ਨੂੰ ਉਨ੍ਹਾਂ ਦੀ ਸਿਹਤ ਬਾਰੇ ਸਿੱਖਿਅਤ ਕਰਦੀ ਹੈ |