ਟੋਰਾਂਟੋ, 17 ਦਸੰਬਰ (ਹਰਜੀਤ ਸਿੰਘ ਬਾਜਵਾ)-ਪੰਜਾਬੀ ਕਲਮ ਕੇਂਦਰ ਮਾਂਟਰੀਅਲ ਵਲੋਂ ਇਸ ਸਾਲ ਦਾ ਅਖੀਰਲਾ ਸਾਹਿਤਕ ਸਮਾਗਮ ਕਰਵਾਇਆ ਗਿਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਪੰਜਾਬ ਤੋਂ ਆਏ ਉੱਘੇ ਲੇਖਕ/ਕਵੀ ਅਮਰਜੀਤ ਸਿੰਘ ਜੀਤ ਦੇ ਮਾਣ ਵਿਚ ਹੋਏ ਇਸ ਸਾਹਿਤਕ ਸਮਾਗਮ ਦੌਰਾਨ ਮਾਂਟਰੀਅਲ ਇਲਾਕੇ ਵਿਚ ਵੱਸਦੇ ਸਾਹਿਤਕਾਰਾਂ ਨੇ ਹਿੱਸਾ ਲਿਆ | ਸਮਾਗਮ ਦਾ ਆਗ਼ਾਜ਼ ਸ਼ਾਇਰ ਅਮਰਜੀਤ ਸਿੰਘ ਜੀਤ ਵਲੋਂ ਸ਼ੰਮਾਂ ਰੌਸ਼ਨ ਕਰਨ ਨਾਲ ਹੋਇਆ | ਉਪਰੰਤ ਸ਼ਾਇਰ ਮੋਹਣਪ੍ਰੀਤ ਸਿੰਘ ਪੱਤੜ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਅਮਰਜੀਤ ਸਿੰਘ ਜੀਤ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ | ਅਮਰਜੀਤ ਸਿੰਘ ਜੀਤ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਸ਼ਹੀਦੀ ਨੂੰ ਇਤਿਹਾਸ ਦੀ ਇੱਕ ਮਿਸਾਲ ਦੱਸਿਆ ਬਾਅਦ ਵਿਚ ਉਨ੍ਹਾਂ ਆਪਣੀਆਂ ਗ਼ਜ਼ਲਾਂ ਨਾਲ ਅਜਿਹੀ ਛਹਿਬਰ ਲਾਈ ਕਿ ਸ੍ਰੋਤਿਆਂ ਦਾ ਮਨ ਹੀ ਮੋਹ ਲਿਆ | ਸਮਾਗਮ ਦੌਰਾਨ ਅਮਰਜੀਤ ਸਿੰਘ ਜੀਤ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਸਟੇਜ ਸੰਚਾਲਕ ਨੇ ਕਵੀ ਹਰਜਿੰਦਰ ਸਿੰਘ ਪੱਤੜ ਨੂੰ ਸਟੇਜ 'ਤੇ ਬੁਲਾਇਆ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਲਿਖੀ ਲੰਮੀ ਕਵਿਤਾ ਹਾਜ਼ਰੀਨ ਨਾਲ ਸਾਂਝੀ ਕੀਤੀ | ਇਸ ਮੌਕੇ ਲੇਖਕ ਸੁਖਵਿੰਦਰ ਜੁਤਲਾ, ਲਹਿੰਦੇ ਪੰਜਾਬ ਨਾਲ ਸਬੰਧਿਤ ਕਵੀ ਸ਼ੋਇਬ ਸਾਦਿਕ, ਅਨਿਲ ਭਾਰਦਵਾਜ਼, ਅਮਨਦੀਪ ਅਮਨ, ਹਰਜਿੰਦਰ ਰਾਹੀ, ਮਧੂ ਸਾਹਨੀ, ਮਨਜੀਤ ਸਿੰਘ ਚਾਤਿ੍ਕ, ਕੁਲਵੰਤ ਕੌਰ, ਗੁਰਬਖ਼ਸ਼ ਕੌਰ, ਹਰਦੀਪ ਕੌਰ, ਮਨਜੀਤ ਕੌਰ, ਮਾਤਾ ਮਹਿੰਦਰ ਕੌਰ ਅਤੇ ਸੁਰਾਜ ਕੌਰ ਵਲੋਂ ਵੀ ਆਪੋ-ਆਪਣੇ ਵਿਚਾਰਾਂ ਨਾਲ ਸਾਂਝ ਪਾਈ, ਜਿੱਥੇ ਬੋਲਦਿਆਂ ਬੁਲਾਰਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਆਖਿਆ ਕਿ ਇਸ ਮਹਾਨ ਸ਼ਹੀਦੀ ਤੋਂ ਬਾਅਦ ਜੋ ਵੱਡਾ ਬਦਲਾਅ ਆਇਆ ਉਸਦੀ ਮਿਸਾਲ ਸਭ ਦੇ ਸਾਹਮਣੇ ਹੈ | ਅੰਤ ਵਿਚ ਹਰਜਿੰਦਰ ਸਿੰਘ ਪੱਤੜ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਸਮਾਪਤੀ ਕੀਤੀ ਗਈ |