ਲੰਡਨ, 18 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਗਿ੍ਫਤਾਰ ਜਗਤਾਰ ਸਿੰਘ ਜੱਗੀ ਜੌਹਲ ਦਾ ਮਾਮਲਾ ਉਠਾਇਆ ਹੈ | ਸੰਸਦ ਵਿਚ ਸੰਬੋਧਨ ਕਰਦਿਆਂ ਅੱਜ ਐਮ.ਪੀ. ਢੇਸੀ ਨੇ ਬਰਤਾਨੀਆਂ ਦੀ ਸੰਸਦ ਵਿਚ ਸਰਕਾਰ ਨੂੰ ਪੁੱਛਿਆ ਕਿ ਮੇਰੇ ਸਲੋਹ ਹਲਕੇ ਦੇ ਲੋਕ ਭਾਰਤ ਵਿਚ ਹਿਰਾਸਤ ਵਿਚ ਰੱਖੇ ਹੋਏ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਪੁੱਛ ਰਹੇ ਹਨ | ਜਿਸ ਨੂੰ ਯੂ.ਐਨ.ਓ. ਵਿਚ ਜਬਰੀ ਹਿਰਾਸਤ ਵਿਚ ਦੱਸਿਆ ਗਿਆ ਹੈ | ਐਮ.ਪੀ. ਢੇਸੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਕਈ ਵਾਰ ਸੰਸਦ ਵਿਚ ਉਠਾ ਚੁੱਕੇ ਹਨ, 2017 ਤੋਂ ਭਾਰਤ ਵਿੱਚ ਨਜ਼ਰਬੰਦ ਜੱਗੀ ਲਈ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਕੀ ਕਰ ਰਹੇ ਹਨ? ਜਿਸ ਦੇ ਜਵਾਬ ਵਿਚ ਸਦਨ ਦੇ ਨੇਤਾ ਨੇ ਕਿਹਾ ਕਿ ਐਮ.ਪੀ. ਢੇਸੀ ਇਸ ਮਾਮਲੇ ਨੂੰ ਕਈ ਵਾਰ ਸੰਸਦ ਵਿਚ ਉਠਾ ਚੁੱਕੇ ਹਨ, ਅਸੀਂ ਇਸ ਮਾਮਲੇ ਨੂੰ ਤੇਜ਼ੀ ਨਾਲ ਨਜਿੱਠਣ ਲਈ ਵਚਨਬੱਧ ਹਾਂ | ਵਿਦੇਸ਼ ਮੰਤਰਾਲਾ ਲਗਾਤਾਰ ਜੌਹਲ ਅਤੇ ਉਸ ਦੇ ਪਰਿਵਾਰ ਦੀ ਮਦਦ ਕਰ ਰਿਹਾ ਹੈ | ਇਹ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਬਰਤਾਨੀਆ ਸਰਕਾਰ ਵਲੋਂ ਸਿੱਧੇ ਤੌਰ 'ਤੇ ਉਠਾਇਆ ਗਿਆ ਹੈ |