ਲੈਸਟਰ (ਇੰਗਲੈਂਡ), 17 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਸਰਕਾਰ ਨੇ ਯੂਕਰੇਨ ਜੰਗ ਨਾਲ ਜੁੜੇ ਇੱਕ ਅਹਿਮ ਮਾਮਲੇ 'ਚ ਸਖ਼ਤ ਰੁਖ ਅਪਣਾਉਂਦਿਆਂ ਰੂਸੀ ਅਰਬਪਤੀ ਅਤੇ ਚੈਲਸੀ ਫੁੱਟਬਾਲ ਕਲੱਬ ਦੇ ਸਾਬਕਾ ਮਾਲਕ ਰੋਮਨ ਅਬਰਾਮੋਵਿਚ ਨੂੰ ਅੰਤਿਮ ਚੇਤਾਵਨੀ ਜਾਰੀ ਕੀਤੀ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਅਬਰਾਮੋਵਿਚ ਵਲੋਂ ਯੂਕਰੇਨ ਦੀ ਜੰਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੀਤਾ ਗਿਆ ਵਾਅਦਾ ਹੁਣ ਤੁਰੰਤ ਪੂਰਾ ਕੀਤਾ ਜਾਵੇ, ਨਹੀਂ ਤਾਂ ਯੂ.ਕੇ. ਸਰਕਾਰ ਖ਼ਿਲਾਫ਼ ਅਦਾਲਤੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ ¢ ਇਹ ਮਾਮਲਾ 2022 ਨਾਲ ਜੁੜਿਆ ਹੈ, ਜਦੋਂ ਰੂਸ ਵਲੋਂ ਯੂਕਰੇਨ 'ਤੇ ਹਮਲੇ ਤੋਂ ਬਾਅਦ ਅਬਰਾਮੋਵਿਚ ਨੇ ਚੈਲਸੀ ਫੁੱਟਬਾਲ ਕਲੱਬ ਵੇਚ ਦਿੱਤਾ ਸੀ ਅਤੇ ਉਸ ਵਿਕਰੀ ਤੋਂ ਮਿਲੀ ਅਰਬਾਂ ਪੌਂਡ ਦੀ ਰਕਮ ਇਸ ਵੇਲੇ ਯੂ.ਕੇ. ਸਰਕਾਰ ਵਲੋਂ ਫ੍ਰੀਜ਼ ਕੀਤੀ ਹੋਈ ਹੈ ¢ ਉਸ ਸਮੇਂ ਅਬਰਾਮੋਵਿਚ ਨੇ ਐਲਾਨ ਕੀਤਾ ਸੀ ਕਿ ਇਹ ਸਾਰਾ ਪੈਸਾ ਯੂਕਰੇਨ ਜੰਗ ਦੇ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ, ਪਰ ਲਗਭਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਇਹ ਰਕਮ ਹਾਲੇ ਤੱਕ ਪ੍ਰਭਾਵਿਤ ਲੋਕਾਂ ਤੱਕ ਨਹੀਂ ਪਹੁੰਚ ਸਕੀ ¢ ਇਸ ਗੱਲ ਨੂੰ ਲੈ ਕੇ ਸਰਕਾਰ 'ਤੇ ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਵੀ ਲਗਾਤਾਰ ਦਬਾਅ ਬਣਦਾ ਆ ਰਿਹਾ ਸੀ ¢ ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਜੰਗ ਕਾਰਨ ਆਪਣੇ ਘਰ, ਪਰਿਵਾਰ ਅਤੇ ਰੋਜ਼ਗਾਰ ਗੁਆ ਚੁੱਕੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਸਿਰਫ਼ ਕਾਗਜ਼ੀ ਨਹੀਂ ਰਹਿ ਸਕਦਾ ਅਤੇ ਇਹ ਨੈਤਿਕ ਤੇ ਕਾਨੂੰਨੀ ਦੋਵੇਂ ਤੌਰ 'ਤੇ ਪੂਰਾ ਹੋਣਾ ਚਾਹੀਦਾ ਹੈ ¢ ਸਰਕਾਰੀ ਸੂਤਰਾਂ ਮੁਤਾਬਕ, ਜੇ ਅਬਰਾਮੋਵਿਚ ਨੇ ਹੋਰ ਟਾਲਮਟੋਲ ਕੀਤੀ, ਤਾਂ ਸਰਕਾਰ ਅਦਾਲਤ ਰਾਹੀਂ ਫ੍ਰੀਜ਼ ਕੀਤੀ ਰਕਮ ਨੂੰ ਜਾਰੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ ¢ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਨਾ ਸਿਰਫ਼ ਯੂ.ਕੇ. ਲਈ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਇੱਕ ਮਿਸਾਲ ਬਣ ਸਕਦਾ ਹੈ, ਕਿਉਂਕਿ ਯੂਕਰੇਨ ਜੰਗ ਨਾਲ ਜੁੜੀ ਦੌਲਤ ਅਤੇ ਜ਼ਿੰਮੇਵਾਰੀਆਂ ਨੂੰ ਲੈ ਕੇ ਹੁਣ ਪੱਛਮੀ ਦੇਸ਼ ਹੋਰ ਸਖ਼ਤ ਰਵੱਈਆ ਅਪਣਾ ਰਹੇ ਹਨ ¢