ਲੈਸਟਰ (ਇੰਗਲੈਂਡ), 21 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਮੈਨਚੈਸਟਰ ਦੀ ਅਦਾਲਤ ਨੇ ਵੱਡੇ ਪੱਧਰ 'ਤੇ ਨਕਲੀ ਨੋਟ ਤਿਆਰ ਕਰਨ ਵਾਲੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਨੇ ਲਗਭਗ 3 ਲੱਖ 80 ਹਜ਼ਾਰ ਪੌਂਡ ਦੇ ਨਕਲੀ ਨੋਟ ਤਿਆਰ ਕਰਕੇ ਉਨ੍ਹਾਂ ਨੂੰ ਬਾਜ਼ਾਰ 'ਚ ਚਲਾਉਣ ਦੀ ਕੋਸ਼ਿਸ਼ ਕੀਤੀ | ਪੁਲਿਸ ਮੁਤਾਬਕ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਦੌਰਾਨ ਦੋਸ਼ੀ ਦੇ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਉੱਚ-ਗੁਣਵੱਤਾ ਵਾਲੇ ਪਿ੍ੰਟਰ, ਖਾਸ ਕਾਗਜ਼, ਸਿਆਹੀ ਤੇ ਤਿਆਰ ਨਕਲੀ ਨੋਟ ਬਰਾਮਦ ਕੀਤੇ ਗਏ | ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਨੋਟ ਅਸਲੀ ਨੋਟਾਂ ਵਰਗੇ ਹੀ ਦਿਸਦੇ ਸਨ, ਜਿਸ ਕਾਰਨ ਆਮ ਲੋਕਾਂ ਨਾਲ ਨਾਲ ਵਪਾਰੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਸੀ | ਅਦਾਲਤ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਨਕਲੀ ਨੋਟ ਤਿਆਰ ਕਰਨਾ ਸਿਰਫ਼ ਧੋਖਾਧੜੀ ਹੀ ਨਹੀਂ, ਸਗੋਂ ਦੇਸ਼ ਦੀ ਆਰਥਿਕ ਪ੍ਰਣਾਲੀ 'ਤੇ ਸਿੱਧਾ ਹਮਲਾ ਹੈ | ਜੱਜ ਨੇ ਕਿਹਾ ਕਿ ਅਜਿਹੇ ਜੁਰਮਾਂ ਨਾਲ ਲੋਕਾਂ ਦਾ ਭਰੋਸਾ ਡੋਲਦਾ ਹੈ ਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਜ਼ਰੂਰੀ ਹੈ |