ਲੈਸਟਰ (ਇੰਗਲੈਂਡ), 22 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਰਾਪਸ਼ਾਇਰ ਇਲਾਕੇ ਵਿਚ ਤੜਕੇ ਇਕ ਵੱਡੀ ਅਜੀਬ ਘਟਨਾ ਵਾਪਰੀ ਜਦੋਂ ਵਿੱਟਚਰਚ ਸ਼ਹਿਰ ਦੇ ਕੈਮਿਸਟਰੀ ਇਲਾਕੇ ਵਿਚ ਨਹਿਰ ਹੇਠਾਂ ਧਰਤੀ ਧਸ ਗਈ, ਜਿਸ ਨਾਲ ਨਹਿਰ ਦਾ ਸਾਰਾ ਪਾਣੀ ਥੋੜ੍ਹੇ ਸਮੇਂ ਵਿਚ ਹੀ ਵਹਿ ਗਿਆ ਅਤੇ ਉਥੇ ਵੱਡਾ ਟੋਆ ਪੈ ਗਿਆ ¢ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 4 ਵਜੇ ਵਾਪਰੀ ¢ ਲੋਕਾਂ ਨੇ ਦੱਸਿਆ ਕਿ ਪਹਿਲਾਂ ਜ਼ੋਰ ਦੀ ਕੋਈ ਆਵਾਜ਼ ਸੁਣਾਈ ਦਿੱਤੀ ਅਤੇ ਫਿਰ ਨਹਿਰ ਦਾ ਪਾਣੀ ਇਕਦਮ ਖਤਮ ਹੋ ਗਿਆ¢ ਕੁਝ ਹੀ ਪਲਾਂ ਵਿਚ ਨਹਿਰ ਦੇ ਹੇਠਾਂ ਲਗਭਗ 50 ਮੀਟਰ ਦਾ ਵੱਡਾ ਖੱਡਾ ਬਣ ਗਿਆ, ਜਿਸਨੂੰ ਦੇਖ ਕੇ ਲੋਕ ਸਹਿਮ ਗਏ¢ ਇਸ ਸਮੇਂ ਨਹਿਰ ਵਿਚ ਤਿੰਨ ਕਿਸ਼ਤੀਆਂ ਖੜ੍ਹੀਆਂ ਸਨ, ਜਿਨ੍ਹਾਂ ਵਿਚ ਕਈ ਲੋਕ ਰਹਿ ਰਹੇ ਸਨ ¢ ਜਦੋਂ ਪਾਣੀ ਨਿਕਲ ਗਿਆ ਤਾਂ ਕਿਸ਼ਤੀਆਂ ਇਕ ਪਾਸੇ ਨੂੰ ਝੁਕ ਗਈਆਂ ਅਤੇ ਉਨ੍ਹਾਂ ਵਿਚ ਸਵਾਰ ਲੋਕ ਫਸ ਗਏ¢ ਲੋਕਾਂ ਨੇ ਰੌਲਾਂ ਪਾਇਆ ਅਤੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ | ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਬਚਾਇਆ | ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ, ਐਂਬੂਲੈਂਸ ਅਤੇ ਨਹਿਰ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ¢ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਤੇ ਲੋਕਾਂ ਨੂੰ ਨਹਿਰ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਗਿਆ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਨਹਿਰ ਹੇਠਾਂ ਧੱਸ ਕਿਉਂ ਗਈ, ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ¢ ਮਾਹਿਰ ਟੀਮਾਂ ਜ਼ਮੀਨ ਦੀ ਮਜ਼ਬੂਤੀ ਦੀ ਜਾਂਚ ਕਰ ਰਹੀਆਂ ਹਨ ¢