ਗੂਹਲਾ ਚੀਕਾ/ਕੈਥਲ, 1 ਜੂਨ (ਓ.ਪੀ.ਸੈਣੀ)-ਐਤਵਾਰ ਸਵੇਰੇ ਹਰਿਆਣਾ ਪੁਲਿਸ ਡਾਇਰੈਕਟਰ ਜਨਰਲ ਦੇ ਆਦੇਸ਼ਾਂ ਅਨੁਸਾਰ ਐੱਸ.ਪੀ. ਆਸਥਾ ਮੋਦੀ ਦੀ ਅਗਵਾਈ ਹੇਠ ਪੁਲਿਸ ਲਾਈਨ ਕੈਥਲ 'ਚ ਇਕ ਯੋਗ ਕੈਂਪ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗਾ ਕੀਤਾ | ਲਗਭਗ ਇਕ ਘੰਟੇ ਤੱਕ ਚੱਲੇ ਇਸ ਯੋਗਾ ਸਮਾਗਮ ਦੀਆਂ ਵੱਖ-ਵੱਖ ਗਤੀਵਿਧੀਆਂ ਆਯੂਸ਼ ਵਿਭਾਗ ਕੈਥਲ ਤੋਂ ਯੋਗਾ ਮਾਹਿਰ ਹੋਸ਼ਿਆਰ ਸਿੰਘ ਹੁੱਡਾ, ਸੰਦੀਪ ਤੰਵਰ, ਨਰੇਸ਼ ਢੁਲ, ਕਰਨੈਲ ਢੁਲ, ਸੰਜੂ ਆਰੀਆ ਅਤੇ ਕਨਿਕਾ ਦੀ ਟੀਮ ਦੁਆਰਾ ਕੀਤੀਆਂ ਗਈਆਂ, ਜਿਨ੍ਹਾਂ ਨੇ ਖ਼ੁਦ ਯੋਗਾ ਕੀਤਾ ਅਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਡੀ.ਐੱਸ.ਪੀ. ਬੀਰ ਭਾਨ, ਡੀ.ਐੱਸ.ਪੀ. ਕੁਲਦੀਪ ਬੇਨੀਵਾਲ, ਡੀ.ਐੱਸ.ਪੀ. ਲਲਿਤ ਕੁਮਾਰ, ਐਲ.ਓ. ਇੰਸ. ਰਵਿੰਦਰ, ਸੀ.ਡੀ.ਆਈ. ਏ.ਐੱਸ.ਆਈ. ਅਜੇ, ਓ.ਏ.ਐੱਸ.ਆਈ. ਪ੍ਰਵੇਸ਼ ਅਤੇ ਹੋਰ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਸਨ | ਪੁਲਿਸ ਸੁਪਰਡੈਂਟ ਆਸਥਾ ਮੋਦੀ ਨੇ ਕਿਹਾ ਕਿ ਸਾਰੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਯੋਗਾ ਕਰਕੇ ਤੰਦਰੁਸਤ ਰਹਿਣਗੇ | ਪੁਲਿਸ ਵੱਲੋਂ ਇਹ ਕਦਮ ਪੁਲਿਸ ਮੁਲਾਜ਼ਮਾਂ ਦੀ ਚੰਗੀ ਸਿਹਤ ਲਈ ਚੁੱਕਿਆ ਗਿਆ ਹੈ ਤਾਂ ਜੋ ਪੁਲਿਸ ਮੁਲਾਜ਼ਮ ਸਰੀਰਕ ਕਸਰਤ ਕਰਕੇ ਤੰਦਰੁਸਤ ਰਹਿ ਸਕਣ ਅਤੇ ਤੰਦਰੁਸਤ ਰਹਿ ਕੇ ਜਨਤਾ ਦੀ ਸੇਵਾ ਕਰ ਸਕਣ | ਐੱਸ.ਪੀ. ਨੇ ਕਿਹਾ ਕਿ ਯੋਗਾ ਅਤੇ ਪ੍ਰਾਣਾਯਾਮ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਨਿਯਮਿਤ ਤੌਰ 'ਤੇ ਸ਼ਾਮਲ ਕਰਕੇ, ਹਰ ਕੋਈ ਆਪਣੇ ਦਿਨ ਦੀ ਸ਼ੁਰੂਆਤ ਸਕਾਰਾਤਮਕਤਾ ਨਾਲ ਕਰ ਸਕਦਾ ਹੈ ਅਤੇ ਸਿਹਤ ਲਾਭ ਪ੍ਰਾਪਤ ਕਰ ਸਕਦਾ ਹੈ | ਯੋਗਾ ਰਾਹੀਂ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਾਪਤ ਹੁੰਦੀ ਹੈ | ਬੁਲਾਰੇ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਸ ਯੋਗਾ ਕੈਂਪ ਵਿੱਚ ਪੂਰੀ ਦਿਲਚਸਪੀ ਦਿਖਾਈ |