ਯਮੁਨਾਨਗਰ, 2 ਜੂਨ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਯਮੁਨਾਨਗਰ ਵਿਖੇ ਹੋਈ, ਜਿਸ 'ਚ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਚੜੂਨੀ ਨੇ ਦੇਸ਼ 'ਚ ਸਸਤੇ ਆਯਾਤ ਦੇ ਵਧ ਰਹੇ ਖ਼ਤਰੇ ਅਤੇ ਭਾਰਤੀ ਕਿਸਾਨਾਂ 'ਤੇ ਇਸ ਦੇ ਪ੍ਰਭਾਵ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਕੁਝ ਅਜਿਹੀਆਂ ਨੀਤੀਆਂ 'ਤੇ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਵਿਦੇਸ਼ਾਂ ਤੋਂ ਕਣਕ, ਸੇਬ ਅਤੇ ਦੁੱਧ ਸਮੇਤ 7 ਫ਼ਸਲਾਂ ਦੀ ਦਰਾਮਦ ਕਰਨ ਦੀ ਯੋਜਨਾ ਹੈ | ਇਸ ਸੰਬੰਧ 'ਚ ਪਹਿਲਗਾਮ ਹਮਲੇ ਤੋਂ ਪਹਿਲਾਂ ਉੱਚ ਪੱਧਰੀ ਅਧਿਕਾਰੀਆਂ ਦਾ ਇਕ ਵਫ਼ਦ ਅਮਰੀਕਾ ਗਿਆ ਸੀ ਅਤੇ ਵਣਜ ਮੰਤਰੀ ਵੀ ਉਥੇ ਗਏ ਹਨ ਅਤੇ ਇਸ ਮੁੱਦੇ 'ਤੇ ਅੰਤਿਮ ਫ਼ੈਸਲਾ 10 ਜੁਲਾਈ ਤੱਕ ਲਿਆ ਜਾ ਸਕਦਾ ਹੈ | ਚੜੂਨੀ ਨੇ ਦੋਸ਼ ਲਗਾਇਆ ਕਿ ਸਰਕਾਰ ਇਹ ਜਾਣਕਾਰੀ ਜਨਤਾ ਤੋਂ ਛੁਪਾ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਰੋਜ਼ੀ-ਰੋਟੀ ਖ਼ਤਰੇ 'ਚ ਪੈ ਜਾਵੇਗੀ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਵਰਗੇ ਦੇਸ਼ਾਂ ਜਾਂ ਹੋਰਨਾਂ ਦੇਸ਼ਾਂ ਤੋਂ ਸਸਤੀਆਂ ਫ਼ਸਲਾਂ ਦੀ ਦਰਾਮਦ ਸ਼ੁਰੂ ਹੋ ਜਾਂਦੀ ਹੈ ਤਾਂ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਖ਼ਤਰੇ 'ਚ ਪੈ ਜਾਵੇਗੀ | ਉਨ੍ਹਾਂ ਕਿਹਾ ਕਿ ਭਾਰਤ 'ਚ ਖੇਤੀਬਾੜੀ ਕੋਈ ਲਾਭਦਾਇਕ ਕਾਰੋਬਾਰ ਨਹੀਂ ਰਿਹਾ ਅਤੇ ਸਾਡੇ ਕਿਸਾਨ ਵੈਂਟੀਲੇਟਰ 'ਤੇ ਹਨ | ਸਸਤੇ ਆਯਾਤ ਕਾਰਨ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ | ਚੜੂਨੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਕਿਸਾਨਾਂ ਕੋਲ ਖੇਤੀ ਤੋਂ ਇਲਾਵਾ ਸੀਮਿਤ ਰੁਜ਼ਗਾਰ ਦੇ ਵਿਕਲਪ ਹਨ ਅਤੇ ਜ਼ਿਆਦਾਤਰ ਕਿਸਾਨਾਂ ਕੋਲ ਘੱਟ ਜ਼ਮੀਨਾਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਰ ਸਤਾਅ ਰਿਹਾ ਹੈ ਕਿ ਆਯਾਤ ਦੇ ਕਾਰਨ ਭਾਰਤ 'ਚ ਖੇਤੀ ਢਾਂਚਾ ਅਮਰੀਕਾ ਵਾਂਗ ਕਾਰਪੋਰੇਟ ਆਧਾਰਿਤ ਹੋ ਸਕਦਾ ਹੈ, ਜਿਥੇ ਕਿ ਵੱਡੇ ਫਾਰਮ ਕਾਰਪੋਰੇਟਾਂ ਦੇ ਨਿਯੰਤਰਨ 'ਚ ਹੋਣਗੇ | ਇਸ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਭਵਿੱਖ ਖ਼ਤਰੇ 'ਚ ਪੈ ਸਕਦਾ ਹੈ | ਮੀਟਿੰਗ 'ਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਕ ਵੱਡੇ ਅੰਦੋਲਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਚੜੂਨੀ ਨੇ ਕਿਹਾ ਕਿ ਸਾਰੇ ਕਿਸਾਨ ਸੰਗਠਨਾਂ ਅਤੇ ਰਾਜਸੀ ਪਾਰਟੀਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਸਿਰਫ਼ ਕਿਸਾਨਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਆਉਣ ਵਾਲੇ ਸਮੇਂ 'ਚ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰੇਗਾ | ਉਨ੍ਹਾਂ ਹਰ ਪਿੰਡ 'ਚ ਕਮੇਟੀਆਂ ਬਣਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਰਣਨੀਤੀ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਚਰਚਾ ਕਰਨ ਲਈ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ, ਪਰ ਇਸ ਤੋਂ ਪਹਿਲਾਂ ਲੋਕਾਂ 'ਚ ਜਾਗਰੂਕਤਾ ਫੈਲਾਉਣ ਅਤੇ ਕਿਸਾਨਾਂ ਨੂੰ ਸੰਗਠਿਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਬਾਅਦ ਅੰਦੋਲਨ ਦੀ ਰਣਨੀਤੀ ਤੈਅ ਕੀਤੀ ਜਾਵੇਗੀ |
ਚੜੂਨੀ ਨੇ ਦੇਸ਼ 'ਚ ਸਸਤੇ ਆਯਾਤ ਦੇ ਵਧ ਰਹੇ ਖ਼ਤਰੇ ਅਤੇ ਭਾਰਤੀ ਕਿਸਾਨਾਂ 'ਤੇ ਇਸ ਦੇ ਪ੍ਰਭਾਵ 'ਤੇ ਗੰਭੀਰ ਚਿੰਤਾ ਪ੍ਰਗਟਾਈ <br/>
ਅਜੀਤ ਡੈਸਕ
03-06-2025