ਕਾਲਾਂਵਾਲੀ/ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)-ਐੱਸ.ਐੱਸ. ਜੈਨ ਸਭਾ ਕਾਲਾਂਵਾਲੀ ਵਿਚ ਨਰੇਂਦਰ ਮੁਨੀ ਮਹਾਰਾਜ, ਸੁਮਿਤ ਮੁਨੀ, ਮਹਾਸਾਧਵੀ ਸ਼ਿਵਪ੍ਰਗਿਆ ਠਾਣੇ 4 ਦੀ ਮੌਜੂਦਗੀ ਵਿਚ ਸ਼ੁਰੂ ਹੋਏ ਪੰਜ ਦਿਨਾਂ ਸੰਸਕਾਰ ਕੈਂਪ ਦੇ ਦੂਜੇ ਦਿਨ ਭਾਈਚਾਰੇ ਦੀ ਇੱਕ ਲੜਕੀ ਕੁਸੁਮ ਜੈਨ ਨੂੰ ਇੱਕ ਦਿਨ ਲਈ ਜੈਨ ਭਾਈਚਾਰੇ ਦੀ ਪ੍ਰਧਾਨ ਬਣਾਇਆ ਗਿਆ | ਇਸ ਕੈਂਪ ਵਿਚ ਸਮਾਜ ਸੇਵਕ ਡਾ. ਮੀਨਾਕਸ਼ੀ, ਵੈਸ਼ਾਲੀ ਜੈਨ, ਪੂਜਾ ਜੈਨ ਕੈਂਪ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ | ਜੈਨ ਸਭਾ ਦੇ ਪ੍ਰਧਾਨ ਸੰਦੀਪ ਜੈਨ ਨੇ ਕਿਹਾ ਕਿ ਕੁਸੁਮ ਜੈਨ ਨੂੰ ਜੈਨ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਜੈਨ ਭਾਈਚਾਰੇ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਇੱਕ ਦਿਨ ਲਈ ਜੈਨ ਭਾਈਚਾਰੇ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਹੈ | ਇਹ ਬੱਚੀ ਆਪਣੇ ਸਾਥੀ ਬੱਚਿਆਂ ਨੂੰ ਵੱਡੀ ਗਿਣਤੀ 'ਚ ਜੈਨ ਸਭਾ ਵਿੱਚ ਲੈ ਕੇ ਆਈ ਅਤੇ ਜੈਨ ਸੰਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਜੈਨ ਸਮਾਜ ਦੇ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ | ਨਵ-ਨਿਯੁਕਤ ਇੱਕ-ਦਿਨ ਪ੍ਰਧਾਨ ਕੁਸੁਮ ਜੈਨ ਨੇ ਸਾਰੇ ਬੱਚਿਆਂ ਨੂੰ ਕਿਹਾ ਕਿ ਅੱਜ ਤੋਂ ਅਸੀਂ ਸਾਰੇ ਮਿਲ ਕੇ ਜੈਨ ਸੰਤਾਂ ਨੂੰ ਪ੍ਰਣ ਕਰਦੇ ਹਾਂ ਕਿ ਅਸੀਂ ਸਾਰੇ ਬੱਚਿਆਂ ਨੂੰ ਹਰ ਰੋਜ਼ ਆਪਣੇ ਮਾਪਿਆਂ ਨੂੰ ਮੱਥਾ ਟੇਕਣ ਲਈ ਪ੍ਰੇਰਿਤ ਕਰਾਂਗੇ ਅਤੇ ਹਰ ਬੱਚੇ ਨੂੰ ਨਵਕਾਰ ਮੰਤਰ ਅਤੇ ਗੁਰੂ ਵੰਦਨਾ ਸੂਤਰ ਯਾਦ ਕਰਵਾ ਕੇ, ਸਾਰੇ ਬੱਚਿਆਂ ਨੂੰ ਚੰਗੇ ਇਨਸਾਨ ਬਣਨ ਦੀ ਸਿੱਖਿਆ ਦੇਵਾਂਗੇ | ਅੰਤ ਵਿਚ ਪ੍ਰਧਾਨ ਸੰਦੀਪ ਜੈਨ ਨੇ ਸੰਤਾਂ ਦੇ ਨਾਲ ਮਿਲ ਕੇ ਪ੍ਰਧਾਨ ਕੁਸੁਮ ਜੈਨ ਨੂੰ ਫੁੱਲਾਂ ਦਾ ਹਾਰ ਪਾ ਕੇ ਅਤੇ ਜੈਨ ਦੀ ਪੱਟੀ ਪਹਿਨਾ ਕੇ ਸਨਮਾਨਿਤ ਕੀਤਾ |