ਯਮੁਨਾਨਗਰ, 2 ਜੂਨ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਕੰਟਰੋਲਰ ਜਤਿਨ ਮਿੱਤਲ ਨੇ ਕਿਹਾ ਕਿ ਬਾਜ਼ਾਰ 'ਚ ਦੋ ਤਰ੍ਹਾਂ ਦੇ ਸਿਲੰਡਰ ਉਪਲੱਬਧ ਹਨ | ਉਨ੍ਹਾਂ ਕਿਹਾ ਕਿ ਲਾਲ ਸਿਲੰਡਰ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਹੈ, ਜੋ ਕਿ ਸਰਕਾਰ ਵਲੋਂ ਸਬਸਿਡੀ 'ਤੇ ਦਿੱਤਾ ਜਾਂਦਾ ਹੈ | ਇਸੇ ਤਰ੍ਹਾਂ ਦੂਜਾ ਸਿਲੰਡਰ ਨੀਲੇ ਰੰਗ ਦਾ ਹੈ, ਜੋ ਕਿ ਵਪਾਰਕ ਵਰਤੋਂ ਲਈ ਹੈ ਅਤੇ ਇਸ 'ਤੇ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਗੈਸ ਏਜੰਸੀ ਸੰਚਾਲਕ, ਆਮ ਖਪਤਕਾਰ, ਹੋਟਲ ਮਾਲਕ, ਢਾਬਾ ਮਾਲਕ, ਰੈਸਟੋਰੈਂਟ ਮਾਲਕ, ਹਲਵਾਈ, ਗਲੀ ਵਿਕਰੇਤਾ, ਚਾਹ ਵੇਚਣ ਵਾਲਾ ਜਾਂ ਕੋਈ ਵੀ ਮੋਟਰ ਵਾਹਨ ਮਾਲਕ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜਾਂ ਕਾਲਾਬਾਜ਼ਾਰੀ ਕਰਦਾ ਫੜਿ੍ਹਆ ਜਾਂਦਾ ਹੈ ਤਾਂ ਸੰਬੰਧਤ ਵਿਅਕਤੀ ਵਿਰੁੱਧ ਜ਼ਰੂਰੀ ਵਸਤੂਆਂ ਐਕਟ 1955 ਦੇ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਘਰੇਲੂ (ਲਾਲ) ਸਿਲੰਡਰਾਂ ਨੂੰ ਵਪਾਰਕ ਉਦੇਸ਼ਾਂ ਲਈ ਵਰਤਣਾ ਜਾਂ ਇਸ ਉਦੇਸ਼ ਲਈ ਉਨ੍ਹਾਂ ਨੂੰ ਮੋੜਨਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ | ਉਨ੍ਹਾਂ ਕਿਹਾ ਕਿ ਵਪਾਰਕ ਕੰਮ ਲਈ ਸਿਰਫ਼ ਨੀਲੇ ਸਿਲੰਡਰ ਦੀ ਹੀ ਵਰਤੋਂ ਕੀਤੀ ਜਾਵੇ |