08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

03-06-2025

Ad Position 21
No active advertisement
ਅਜੀਤ ਡੈਸਕ 03-06-2025

 ਟੀ.ਵੀ. 'ਤੇ ਦਿਖਾਏ ਜਾ ਰਹੇ ਦਿਸ਼ਾਹੀਣ ਪ੍ਰੋਗਰਾਮ

ਜਨਤਾ ਅਤੇ ਸਰਕਾਰ ਦਾ ਧਿਆਨ ਟੈਲੀਵਿਜ਼ਨ ਉੱਪਰ ਹਰ ਰੋਜ਼ ਪ੍ਰਸਾਰਿਤ ਹੋ ਰਹੇ ਅਰਥਹੀਣ, ਦਿਸ਼ਾਹੀਣ ਅਤੇ ਅਸ਼ਲੀਲਤਾ ਨਾਲ ਭਰਪੂਰ ਪ੍ਰੋਗਰਾਮਾਂ ਵੱਲ ਦਿਵਾਉਣਾ ਚਾਹੁੰਦਾ ਹਾਂ।
ਅੱਜ-ਕੱਲ੍ਹ ਅਪਰਾਧ ਪ੍ਰਤੀ ਸੁਚੇਤ ਕਰਨ ਦੇ ਨਾਂਅ 'ਤੇ ਵੱਖ-ਵੱਖ ਚੈਨਲਾਂ ਦੁਆਰਾ ਅਨੇਕਾਂ ਪ੍ਰੋਗਰਾਮ ਟੈਲੀਵਿਜ਼ਨ ਉੱਪਰ ਨਿੱਤ ਹੀ ਦਿਖਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਨਾਵਾਂ ਤੋਂ ਤਾਂ ਜਾਪਦਾ ਹੈ ਕਿ ਇਨ੍ਹਾਂ ਦਾ ਮਕਸਦ ਸਮਾਜ ਵਿਚ ਹੋ ਰਹੇ ਅਪਰਾਧ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਪਰ ਅਸਲੀਅਤ ਵਿਚ ਇਨ੍ਹਾਂ ਦਾ ਮਕਸਦ ਕੁਝ ਹੋਰ ਹੀ ਹੁੰਦਾ ਹੈ, ਕਿਉਂਕਿ ਜ਼ਿਆਦਾਤਰ ਐਪੀਸੋਡਾਂ ਵਿਚ ਅਪਰਾਧ ਦਾ ਵਿਸ਼ਾ ਸਿਰਫ ਨਾਜਾਇਜ਼ ਸਬੰਧਾਂ ਨੂੰ ਹੀ ਲਿਆ ਜਾਂਦਾ ਹੈ ਅਤੇ ਲਗਭਗ ਇਕ ਘੰਟੇ ਦੇ ਐਪੀਸੋਡ ਵਿਚ ਪੁਲਿਸ ਕਾਰਵਾਈ ਦੇ ਸੀਨ ਸਿਰਫ ਅਖੀਰਲੇ ਪੰਜ-ਦਸ ਕੁ ਮਿੰਟ ਨਾ-ਮਾਤਰ ਹੀ ਰੱਖੇ ਜਾਂਦੇ ਹਨ, ਜਦੋਂਕਿ ਪਹਿਲੇ ਲਗਭਗ 50 ਮਿੰਟਾਂ ਦੇ ਹਿੱਸੇ ਵਿਚ ਸਾਰਾ ਕੁਝ ਇਸ ਤਰੀਕੇ ਨਾਲ ਦਿਖਾਇਆ ਜਾਂਦਾ ਹੈ, ਜਿਸ ਨੂੰ ਇਕ ਸੱਭਿਅਕ ਸਮਾਜ ਵਿਚ ਥਾਂ ਨਹੀਂ ਮਿਲ ਸਕਦੀ। ਬਿਨਾਂ ਕਿਸੇ ਸਿਰ-ਪੈਰ ਦੀ ਕਹਾਣੀ ਨੂੰ ਕੁਝ ਇਸ ਤਰੀਕੇ ਨਾਲ ਅਸ਼ਲੀਲਤਾ ਦਾ ਰੰਗ ਦੇ ਕੇ ਦਿਖਾਇਆ ਜਾਂਦਾ ਹੈ ਕਿ ਇਕ ਹੀ ਪਰਿਵਾਰ ਦੇ ਮੈਂਬਰ ਇਸ ਨੂੰ ਇਕੱਠੇ ਬੈਠ ਕੇ ਦੇਖਣ ਵਿਚ ਅਸਹਿਜ ਮਹਿਸੂਸ ਕਰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਦਿਖਾਇਆ ਜਾਂਦਾ ਭੜਕੀਲਾਪਣ ਦੇਖ ਕੇ ਅਪਰਾਧ ਦੇ ਘਟਣ ਦੀ ਥਾਂ ਵਧਣ ਦੀ ਸ਼ੰਕਾ ਪੈਦਾ ਹੁੰਦੀ ਹੈ। ਇਨ੍ਹਾਂ ਪ੍ਰੋਗਰਾਮਾਂ ਦੀ ਥਾਂ ਚੈਨਲਾਂ ਵਲੋਂ ਅਗਰ ਕੁਝ ਗਿਆਨ ਵਧਾਊ ਅਤੇ ਦੇਸ਼ ਭਗਤੀ ਦੇ ਵਿਸ਼ਿਆਂ 'ਤੇ ਪ੍ਰੋਗਰਾਮ ਦਿਖਾਏ ਜਾਣ ਤਾਂ ਸਮਾਜ ਵਿਚੋਂ ਅਪਰਾਧ ਵੈਸੇ ਹੀ ਘਟ ਜਾਏਗਾ ਅਤੇ ਦੇਸ਼ ਦੀ ਤਰੱਕੀ ਹੋਵੇਗੀ।

-ਰਾਹੁਲ ਗਰਗ
ਖਾਈ ਬਸਤੀ, ਵਾਰਡ ਨੰ. 3 ਲਹਿਰਾਗਾਗਾ, ਸੰਗਰੂਰ

ਜ਼ਹਿਰੀਲੀ ਸ਼ਰਾਬ ਨਾਲ ਵਾਰ-ਵਾਰ ਮੌਤਾਂ ਕਿਉਂ?

ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਤਾਂ ਹੋਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਜੇਕਰ ਹੁਣ ਤੱਕ ਦੋ ਕੁ ਸਾਲਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਘਟਨਾਵਾਂ ਵਿਚ ਕਰੀਬ ਸੌ ਤੋਂ ਉੱਤੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜ਼ਹਿਰੀਲੀ ਸ਼ਰਾਬ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਲੋਕਾਂ ਨੂੰ ਸਸਤੀ ਸ਼ਰਾਬ ਦਾ ਲਾਲਚ ਦੇ ਕੇ ਕੈਮੀਕਲ ਨਾਲ ਤਿਆਰ ਘਟੀਆ ਮਿਆਰ ਵਾਲੀ ਸ਼ਰਾਬ ਦਿੱਤੀ ਜਾਂਦੀ ਹੈ। ਗਰੀਬ ਮਜ਼ਦੂਰ ਇਸ ਨੂੰ ਸਹੀ ਸ਼ਰਾਬ ਸਮਝ ਕੇ ਇਸ ਦੀ ਵਰਤੋਂ ਕਰ ਲੈਂਦੇ ਹਨ। ਜੋ ਇਨ੍ਹਾਂ ਗਰੀਬ ਲੋਕਾਂ ਦੀ ਜਾਨ ਲੈ ਕੇ ਇਨ੍ਹਾਂ ਦੇ ਵਸਦੇ ਘਰਾਂ ਨੂੰ ਉਜਾੜ ਦਿੰਦੀ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਜ਼ਹਿਰੀਲੀ ਅਤੇ ਘਟੀਆ ਸ਼ਰਾਬ ਮਾਫੀਆ 'ਤੇ ਕਾਰਵਾਈ ਕੀਤੀ ਜਾਵੇ। ਇਸ ਸ਼ਰਾਬ ਮਾਫੀਆ ਦੇ ਲੋਕਾਂ ਦੇ ਕਤਲਾਂ ਦੇ ਮੁਕੱਦਮੇ ਦਰਜ ਕੀਤੇ ਜਾਣ। ਇਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਮਦਦ ਕੀਤੀ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਦੁੱਧ ਡੇਅਰੀਆਂ 'ਤੇ ਸਫ਼ਾਈ ਲਾਜ਼ਮੀ ਹੋਵੇ

ਪਹਿਲਾਂ ਪਿੰਡਾਂ ਦੇ ਤਕਰੀਬਨ ਹਰ ਘਰ ਵਿਚ ਲਵੇਰਾ ਆਮ ਹੁੰਦਾ ਸੀ। ਇਸੇ ਲਈ ਉਨ੍ਹਾਂ ਸਮਿਆਂ 'ਚ ਅਸੀਸ ਦਿੰਦਿਆਂ ਆਮ ਹੀ ਕਿਹਾ ਜਾਂਦਾ ਸੀ ਕਿ ਦੁੱਧ ਤੇ ਪੁੱਤ ਤਾਂ ਰੱਬ ਸਭ ਨੂੰ ਦੇਵੇ, ਪ੍ਰੰਤੂ ਅੱਜ ਕੱਲ੍ਹ ਪਿੰਡਾਂ ਵਿਚ ਦੁੱਧ ਚੋਣਵੇਂ ਘਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਹਰ ਪਿੰਡ ਵਿਚ ਦੁੱਧ ਵਾਲੀਆਂ ਡੇਅਰੀਆਂ ਖੁੱਲ੍ਹ ਗਈਆਂ ਹਨ। ਜਿਥੇ ਮਿਲਾਵਟੀ ਦੁੱਧ ਵੱਡੀ ਮਾਤਰਾ 'ਚ ਵਿਕਦਾ ਹੈ, ਜ਼ਿਆਦਾਤਰ ਡੇਅਰੀਆਂ ਵਿਚ ਸਫ਼ਾਈ ਦਾ ਬਹੁਤ ਹੀ ਮਾੜਾ ਹਾਲ ਹੈ। ਕਈ ਡੇਅਰੀਆਂ ਦੇ ਨਾਲ ਵਾਲ ਕੱਟਣ ਵਾਲਿਆਂ ਦੀਆਂ ਦੁਕਾਨਾਂ ਹੋਣ ਕਰਕੇ ਵਾਲ ਉੱਡ-ਉੱਡ ਕੇ ਦੁੱਧ ਵਿਚ ਪੈਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਰੇਤਾ ਮਿੱਟੀ ਵੀ ਆਮ ਹੀ ਦੁੱਧ ਵਿਚ ਪੈਂਦਾ ਰਹਿੰਦਾ ਹੈ। ਮੱਖੀਆਂ ਵੀ ਵੱਡੀ ਤਾਦਾਦ 'ਚ ਦੁੱਧ ਉੱਪਰ ਭਿਣਦੀਆਂ ਰਹਿੰਦੀਆਂ ਹਨ। ਦੁੱਧ ਦੀਆਂ ਡੇਅਰੀਆਂ ਉੱਪਰ ਸਫ਼ਾਈ ਦਾ ਜ਼ਿਆਦਾ ਮੰਦਾ ਹਾਲ ਹੋਣ ਕਰਕੇ ਭਿਆਨਕ ਬਿਮਾਰੀਆਂ ਫੈਲਣ ਦਾ ਵੱਡਾ ਕਾਰਨ ਵੀ ਬਣ ਸਕਦਾ ਹੈ। ਪੰਜਾਬ ਦੇ ਸਿਹਤ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਪਿੰਡਾਂ ਦੀਆਂ ਦੁੱਧ ਦੀਆਂ ਡੇਅਰੀਆਂ 'ਤੇ ਸਫ਼ਾਈ ਹੋਣੀ ਯਕੀਨੀ ਬਣਾਉਣੀ ਚਾਹੀਦੀ ਹੈ।

-ਅੰਗਰੇਜ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)

ਕੁਦਰਤ ਨਾਲ ਛੇੜਛਾੜ

ਅੱਜ-ਕੱਲ੍ਹ ਮਨੁੱਖ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ। ਪਹਿਲਾਂ ਮਨੁੱਖ ਦੀ ਕੁਦਰਤ ਨਾਲ ਸਾਂਝ ਹੁੰਦੀ ਸੀ, ਤਾਂ ਹਜ਼ਾਰਾਂ ਸਾਲਾਂ ਤੋਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਬਚਾਈ ਰੱਖਿਆ ਹੈ। ਜਿਉਂ-ਜਿਉਂ ਮਨੁੱਖ ਨੇ ਕੁਦਰਤ ਅਤੇ ਕੁਦਰਤ ਦੇ ਅਸੂਲਾਂ ਨੂੰ ਪਰੋਖੇ ਕੀਤਾ ਉਸ ਵੇਲੇ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਹੈ। ਮਨੁੱਖ ਦੁਆਰਾ ਆਪਣੇ ਦੁਨਿਆਵੀ ਸ਼ੌਂਕਾਂ ਨੂੰ ਪੂਰੇ ਕਰਨ ਲਈ ਬੇਵਜ੍ਹਾ ਜੰਗਲਾਂ ਦੀ ਕਟਾਈ, ਖਾਣ-ਪੀਣ ਦੀਆਂ ਆਪ-ਹੁਦਰੀਆਂ ਕਰਕੇ ਹੀ ਮਨੁੱਖ ਅੱਜ ਕੈਂਸਰ ਵਰਗੇ ਭਿਆਨਕ ਦੈਂਤ ਨਾਲ ਮੱਥਾ ਲੈ ਬੈਠਾ ਹੈ। ਮਨੁੱਖੀ ਮਨ ਦੀ ਦੂਸਰਿਆਂ ਪ੍ਰਤੀ ਈਰਖਾ ਸਾੜਾ, ਅਤੇ ਗ਼ੈਰ ਜ਼ਿੰਮੇਵਾਰ ਵਤੀਰਾ, ਫਾਸਟ ਫੂਡ ਦਾ ਸ਼ੌਂਕ ਤੇ ਮਨੁੱਖ ਦਾ ਹੰਕਾਰ ਕੈਂਸਰ ਦਾ ਮੂਲ ਕਾਰਨ ਹਨ। ਮਨੁੱਖ ਆਪ-ਹੁਦਰੀਆਂ ਕਰਕੇ ਹੀ ਇਸ ਦੈਂਤ ਨਾਲ ਭਾਈਵਾਲੀ ਪਾ ਬੈਠਾ ਹੈ। ਕੈਂਸਰ ਮਨੁੱਖ ਦੇ ਸਰੀਰ ਵਿਚ ਕਿਤੇ ਅਚਾਨਕਕ ਨਹੀਂ ਫੈਲਦਾ, ਸਗੋਂ ਇਹ ਸਰੀਰ ਵਿਚ ਆਪਣਾ ਘਰ ਬਣਾਉਣ ਲਈ ਕਈ ਸਾਲਾਂ ਦਾ ਸਫ਼ਰ ਤੈਅ ਕਰਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ. ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)

ਪੰਜਾਬ ਦੀ ਹੱਕੀ ਆਵਾਜ਼ ਉਠਾਉਂਦਾ ਲੇਖ

ਪਿਛਲੇ ਦਿਨੀਂ ਕਿਸਾਨ ਆਗੂ ਸ. ਬਲਬੀਰ ਸਿੰਘ ਰਾਜੇਵਾਲ ਦੀ ਸਮਰੱਥ ਕਲਮ ਦੀ ਰਚਨਾ 'ਪੰਜਾਬ ਦੀ ਹੋਂਦ ਲਈ ਬੇਹੱਦ ਜ਼ਰੂਰੀ ਹੈ ਪਾਣੀ ਸੰਬੰਧੀ ਹੱਕ ਹਾਸਿਲ ਕਰਨਾ' ਇਕ ਪੁਕਾਰ 'ਤੇ ਹੱਕੀ ਆਵਾਜ਼ ਉਠਾਉਂਦਾ ਲੇਖ ਬਹੁਤ ਮਹੱਤਵਪੂਰਨ ਮਹਿਸੂਸ ਹੋ ਰਿਹਾ ਹੈ। ਕੌੜੀ ਖਰ੍ਹਵੀਂ ਪਰ ਸੱਚਾਈ ਹੈ ਕਿ ਪੰਜਾਬ ਦੇ ਹੱਕਾਂ ਨੂੰ ਕੁਝ ਧਿਰਾਂ ਦਬਾਈ ਬੈਠੀਆਂ ਹਨ।
ਪੰਜਾਬ ਦਾ ਪਾਣੀ ਕਿੰਨੀਆਂ ਹੀ ਧਿਰਾਂ ਲੁੱਟ ਰਹੀਆਂ ਹਨ। ਇਹ ਲੇਖ ਸੱਚ ਅਤੇ ਤੱਥਾਂ ਉੱਪਰ ਤਾਂ ਆਧਾਰਿਤ ਹੋਣ ਦੇ ਨਾਲ-ਨਾਲ ਵੱਡੇ-ਵੱਡੇ ਪਲਾਂਟ ਚਲਾਉਣ ਵਾਲੇ ਸਰਮਾਏਦਾਰਾਂ ਦੀਆਂ ਅਣਗਹਿਲੀਆਂ, ਮਨਮਾਨੀਆਂ ਅਤੇ ਸਵਾਰਥੀ ਲੋਕਾਂ ਦੇ ਕੋਝੇ ਕਰਮਾਂ ਤੋਂ ਪਰਦਾ ਉਠਾਉਂਦਾ ਹੈ ਕਿ ਕਿਵੇਂ ਉਹ ਆਪਣੇ ਕਾਰਖਾਨਿਆਂ ਦੀ ਰਹਿੰਦ-ਖੂੰਹਦ ਨੂੰ ਟਿਕਾਣੇ ਲਾਉਣ ਪ੍ਰਤੀ ਕਿੰਨੇ ਅਵੇਸਲੇ ਹਨ। ਕਿਸਾਨ ਆਗੂ ਨੇ ਸੱਤਾਧਾਰੀਆਂ ਦੀਆਂ ਅਣਗਹਿਲੀਆਂ ਦੀ ਨਿਸ਼ਾਨਦੇਹੀ ਵੀ ਪਾਠਕਾਂ ਦੇ ਗੌਲਣ ਹਿੱਤ ਪਿੰਨ-ਪੁਆਇੰਟ ਕੀਤੀ ਹੈ।

-ਸੁਰਿੰਦਰ ਸਿੰਘ ਨਿਮਾਣਾ

Ad Position 22
No active advertisement
ਪਿਛਲੀ ਖ਼ਬਰ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ-ਮਿੱਤਲ ਅਗਲੀ ਖ਼ਬਰ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਦਾ ਗੌਰਵਮਈ ਇਤਿਹਾਸ
Ad Position 24