ਸਮੇਂ ਦੇ ਬਦਲਾਅ ਨਾਲ ਮਨੁੱਖੀ ਜਨ-ਜੀਵਨ ਨੂੰ ਠੋਸ ਨਿਯਮਾਂ ਵਿਚ ਬੰਨ੍ਹਣ ਲਈ ਮਨੁੱਖਤਾ ਦੇ ਸਰਬਪੱਖੀ ਵਿਕਾਸ 'ਚੋਂ 'ਵਿਆਹ' ਵਰਗੀ ਪਵਿੱਤਰ ਰਸਮ ਦਾ ਜਨਮ ਹੋਇਆ, ਜੋ ਨੌਜਵਾਨ ਲੜਕੇ - ਲੜਕੀ ਦੇ ਆਪਸੀ ਮਿਲਣ ਤੇ ਇਕੱਠੇ ਰਹਿ ਕੇ ਗ੍ਰਹਿਸਤੀ ਜੀਵਨ ਸ਼ੁਰੂ ਕਰਨ ਦੀ ਸਮਾਜਿਕ ਸਹਿਮਤੀ ਹੈ। ਵੱਖ-ਵੱਖ ਧਰਮਾਂ ਦੇ ਰਸਮਾਂ-ਰਿਵਾਜਾਂ 'ਤੇ ਨਜ਼ਰ ਮਾਰੀਏ ਤਾਂ ਹਿੰਦੂਆਂ ਵਿਚ ਫੇਰੇ, ਮੁਸਲਮਾਨਾਂ ਵਿਚ ਨਿਕਾਹ, ਈਸਾਈਆਂ ਵਿਚ ਮੁੰਦਰੀਆਂ ਦੇ ਵਟਾਂਦਰੇ ਤੇ ਸਿੱਖਾਂ ਵਿਚ ਅਨੰਦ ਕਾਰਜ ਦੀ ਰਸਮ ਪ੍ਰਚੱਲਤ ਹੋਈ, ਜਿਸ ਦਾ ਵਡਮੁੱਲਾ ਗੌਰਵਮਈ ਇਤਿਹਾਸ ਹੈ।
ਗੁਰਸਿੱਖਾਂ ਵਿਚ ਪ੍ਰਚੱਲਿਤ ਅਨੰਦ ਕਾਰਜ ਸਬੰਧੀ ਪੁਰਾਤਨ ਇਤਿਹਾਸ ਫਰੋਲੀਏ ਤਾਂ ਅੱਜ ਤੋਂ 162 ਸਾਲ ਪਹਿਲਾਂ ਤੱਕ ਸਿੱਖਾਂ ਦੇ ਵਿਆਹ ਵੀ ਬ੍ਰਾਹਮਣ ਜਾਂ ਵੈਦਿਕ ਰੀਤੀ ਮੁਤਾਬਕ ਹੀ ਹੁੰਦੇ ਸਨ। ਇੱਥੋਂ ਤੱਕ ਕਿ ਸਾਡੇ ਗੁਰੂ ਸਾਹਿਬਾਨ, ਰਾਜੇ, ਮਹਾਰਾਜੇ, ਸਿੱਖ ਜਰਨੈਲਾਂ, ਸਿੱਖ ਆਗੂਆਂ ਦੇ ਵਿਆਹ ਵੀ ਪੁਰਾਤਨ ਵੈਦਿਕ ਰੀਤੀ ਮੁਤਾਬਕ ਹੀ ਹੋਏ ਹਨ। ਸਮੇਂ ਦੀਆਂ ਤਬਦੀਲੀਆਂ ਨਾਲ ਵੈਦਿਕ ਰੀਤੀਆਂ ਵਿਚ ਵੱਡੀਆਂ ਤਰੁੱਟੀਆਂ ਤੇ ਗਿਰਾਵਟਾਂ ਆ ਗਈਆਂ। ਪ੍ਰੋਹਿਤ ਸ਼੍ਰੇਣੀ ਨੇ ਵਿਆਹ ਦੀਆਂ ਰਸਮਾਂ ਬਹੁਤ ਖ਼ਰਚੀਲੀਆਂ ਤੇ ਮਹਿੰਗੀਆਂ ਕਰ ਦਿੱਤੀਆਂ ਕਿ ਵਿਆਹ ਕਰਵਾਉਣ ਵਿਚ ਆਮ ਲੋਕਾਂ ਦੀ ਆਰਥਿਕਤਾ ਡੋਲ ਜਾਂਦੀ। ਉਸ ਸਮੇਂ ਕੁੜੀ ਦੇ ਜੰਮਣ 'ਤੇ ਘਰ ਵਿਚ ਸੋਗ ਪੈ ਜਾਂਦਾ ਸੀ, ਇਸੇ ਲਈ ਜੰਮਦੀਆਂ ਕੁੜੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਔਰਤ ਦੀ ਨਿੱਘਰਦੀ ਹਾਲਤ ਪ੍ਰਤੀ ਕੂਕਾ ਅੰਦੋਲਨ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
(ਅੰਗ-473)
'ਤੇ ਪਹਿਰਾ ਦਿੰਦਿਆਂ ਮਰਦ ਔਰਤ ਦੀ ਬਰਾਬਰੀ ਲਈ ਠੋਸ ਕਦਮ ਪੁੱਟਦਿਆਂ ਬੁਰੀ ਤਰ੍ਹਾਂ ਫੈਲ ਚੁੱਕੀਆਂ ਸਮਾਜਿਕ ਕੁਰੀਤੀਆਂ ਸਤੀ ਪ੍ਰਥਾ, ਬਾਲ ਵਿਆਹ, ਜੰਮਦੀਆਂ ਕੁੜੀਆਂ ਨੂੰ ਮਾਰਨ, ਵੇਚਣ, ਵੱਟਾ ਕਰਨ, ਦਾਜ-ਦਹੇਜ ਅਤੇ ਮਹਿੰਗੀਆਂ ਵਿਆਹ ਰਸਮਾਂ ਵਿਰੁੱਧ ਪੰਜਾਬ ਭਰ 'ਚ ਪ੍ਰਚਾਰ ਕੀਤਾ। ਉਸ ਸਮੇਂ ਬਾਲ ਵਿਆਹ ਦੌਰਾਨ ਵਿਆਹ ਵਾਲੇ ਲੜਕਾ-ਲੜਕੀ ਦਾ ਮਾਪਿਆਂ ਦੀ ਗੋਦੀ ਵਿਚ ਬਿਠਾ ਕੇ ਵਿਆਹ ਕੀਤਾ ਜਾਂਦਾ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਇਨ੍ਹਾਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ ਅਤੇ 19ਵੀਂ ਸਦੀ ਵਿਚ ਸਿੱਖ ਸੰਗਤ ਦੇ ਨਾਮ ਲਿਖੇ ਆਪਣੇ ਹੁਕਮਨਾਮਿਆਂ ਵਿਚ ਵਿਆਹ ਦੀ ਉਮਰ ਸਬੰਧੀ ਲਿਖ ਲਿਖਿਆ ਸੀ-
ਆਠਾਰਾਂ ਵਰਸ਼ ਕੀ ਲੜਕੀ ਔਰ ਵੀਸ ਵਰਸ਼ ਕਾ ਲੜਕਾ ਹੋਵੇ ਤੇ ਵਿਆਹੁ ਕਰਨਾ, ਉਰੇ ਨਹੀਂ ਕਰਨਾ (ਹੁਕਮਨਾਮਾ-23)
ਨਾ ਕੋਈ ਕੁੜੀ ਮਾਰੇ, ਨਾ ਵੇਚੇ, ਨਾ ਵੱਟਾ ਕਰੇ। ਜੇ ਕੋਈ ਕੁੜੀ ਮਾਰੇ, ਵੇਚੇ, ਵੱਟਾ ਕਰੇ, ਉਸ ਦੇ ਹੱਥ ਦਾ, ਘਰ ਦਾ ਅੰਨ-ਜਲ ਗ੍ਰਹਿਣ ਨਹੀਂ ਕਰਨਾ, ਉਸ ਨੂੰ ਦੀਵਾਨ ਵਿਚ ਨਹੀਂ ਵੜਨ ਦੇਣਾ, ਜੇਕਰ ਜ਼ੋਰਾਵਰ ਵੀ ਹੋਵੇ ਤਾਂ ਜੁੱਤੀਆਂ ਮਾਰ ਕੇ ਕੱਢ ਦੇਣਾ।
(ਹੁਕਮਨਾਮਾ-4)
ਉਨ੍ਹਾਂ ਮਰਦ ਔਰਤ ਦੀ ਧਾਰਮਿਕ ਤੌਰ 'ਤੇ ਮੁਕੰਮਲ ਬਰਾਬਰਤਾ ਲਈ 1 ਜੂਨ 1863 ਈਸਵੀ ਨੂੰ ਪਿੰਡ ਸਿਆਹੜ ਜ਼ਿਲ੍ਹਾ ਲੁਧਿਆਣਾ ਵਿਖੇ ਬੀਬੀਆਂ ਨੂੰ ਅੰਮ੍ਰਿਤ ਛਕਾਇਆ। 3 ਜੂਨ 1863 ਈਸਵੀ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਖੋਟੇ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪਾਠ ਕਰਨ ਉਪਰੰਤ ਦਸਮੇਸ਼ ਪਾਤਿਸ਼ਾਹ ਜੀ ਦੀਆਂ ਚੋਣਵੀਆਂ ਬਾਣੀਆਂ ਦੇ ਪਾਠ ਹੋਏ, ਹਵਨ ਕਰਕੇ ਗੁਰੂ ਰਾਮਦਾਸ ਜੀ ਦੀਆਂ ਰਚੀਆਂ ਚਾਰ ਲਾਵਾਂ ਦਾ ਪਾਠ ਕੀਤਾ ਗਿਆ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਸ੍ਰੀ ਅਨੰਦ ਸਾਹਿਬ ਦੇ ਪਾਠ ਦਾ ਤੰਤੀ ਸਾਜਾਂ ਨਾਲ ਗਾਇਨ ਕੀਤਾ ਗਿਆ।ਇਤਿਹਾਸਕ ਤੌਰ 'ਤੇ ਇਥੇ ਪਹਿਲੀ ਵਾਰ ਬੇਦੀ ਗੱਡ ਕੇ ਸਮੂਹਿਕ ਰੂਪ ਵਿਚ ਇਕੱਠੇ 6 ਅਨੰਦ ਕਾਰਜ ਕੀਤੇ ਗਏ।
ਅਨੰਦ ਕਾਰਜ ਦੀ ਪ੍ਰਚੱਲਿਤ ਹੋਈ ਨਵੀਂ ਰੀਤੀ ਨੂੰ ਦੇਖ ਕੇ ਪ੍ਰੋਹਿਤਾਂ ਨੂੰ ਆਪਣਾ ਕਾਰੋਬਾਰ ਖੁਸਦਾ ਨਜ਼ਰ ਆਇਆ ਤਾਂ ਉਨ੍ਹਾਂ ਇਸ ਦੇ ਵਿਰੁੱਧ ਸਰਕਾਰੇ-ਦਰਬਾਰੇ ਜਾ ਰੌਲਾ ਪਾਇਆ ਅਤੇ ਸੜ ਕੇ ਮਰ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। ਅੰਗਰੇਜ਼ ਸਰਕਾਰ ਕੂਕਾ ਅੰਦੋਲਨ ਦੀ ਲੋਕਪ੍ਰਿਯਤਾ ਤੋਂ ਪਹਿਲਾਂ ਹੀ ਭੈਅਭੀਤ ਸੀ ਤੇ ਕੋਈ ਕਾਰਵਾਈ ਕਰਨ ਲਈ ਮੌਕੇ ਦੀ ਤਲਾਸ਼ ਵਿਚ ਸੀ। ਅੰਗਰੇਜ਼ ਸਰਕਾਰ ਨੇ ਅਨੰਦ ਕਾਰਜ ਦੀ ਰੀਤੀ ਸ਼ੁਰੂ ਕਰਨ ਨੂੰ ਲੈ ਕੇ ਪ੍ਰੋਹਿਤਾਂ ਵਲੋਂ ਪਾਏ ਰੌਲੇ ਨੂੰ ਠੱਲ੍ਹਣ ਵਾਸਤੇ 1863 ਤੋਂ 1868 ਈ. ਤੱਕ 5 ਸਾਲ ਲਈ ਸਤਿਗੁਰੂ ਰਾਮ ਸਿੰਘ ਜੀ ਦੇ ਭੈਣੀ ਸਾਹਿਬ ਦੀ ਹਦੂਦ ਤੋਂ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ। ਭਾਵੇਂ ਉਹ ਅਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਦੇ ਦੋਸ਼ ਹੇਠ ਮੋਗਾ ਜ਼ਿਲ੍ਹੇ ਦੀ ਬਾਘਾਪੁਰਾਣਾ ਤਹਿਸੀਲ ਵਿਖੇ ਸ੍ਰੀ ਭੈਣੀ ਸਾਹਿਬ ਤੋਂ ਪੇਸ਼ੀਆਂ ਭੁਗਤਣ ਲਈ ਆਉਂਦੇ ਰਹੇ ਤੇ ਅਨੰਦ ਕਾਰਜ ਦੀ ਰੀਤੀ ਨੂੰ ਜਾਰੀ ਰੱਖਣ ਲਈ ਦ੍ਰਿੜ੍ਹਤਾ ਨਾਲ ਆਪਣਾ ਪੱਖ ਪੇਸ਼ ਕਰਦੇ ਰਹੇ। ਇਸ ਦੌਰਾਨ ਗੁਰਮਤਿ ਦੇ ਅਨੁਕੂਲ ਅਨੰਦ ਕਾਰਜ ਦੀ ਇਸ ਪ੍ਰਥਾ ਦਾ ਬਹੁਤ ਪ੍ਰਚਾਰ ਹੋਇਆ ਤੇ ਜਲਦੀ ਹੀ ਇਹ ਰਸਮ ਸਮੁੱਚੇ ਸਮਾਜ ਵਿਚ ਪ੍ਰਚੱਲਤ ਹੋ ਗਈ। ਜਿਸ ਸਬੰਧੀ ਪੰਥ ਪ੍ਰਕਾਸ਼ ਦੇ ਕਰਤਾ ਉੱਘੇ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਲਿਖਦੇ ਹਨ-
ਸ੍ਰੀ ਰਾਮ ਸਿੰਘ ਕੂਕੇ ਪਹਿਲੇ।
ਅਨੰਦ ਸੁਛੰਦ ਪੜਾਏ ਸਹਿਲੇ।
ਤਿਨਕੋ ਦੇਖ ਔਰ ਸਿਖ ਘਨੇ।
ਲਗੇ ਆਨੰਦ ਪੜ੍ਹਾਵਨਤਨੇ ।
ਪਰ ਬ੍ਰਾਹਮਣਾਂ, ਪ੍ਰੋਹਿਤਾਂ, ਪੁਜਾਰੀਆਂ, ਆਰੀਆ ਸਮਾਜੀਆਂ ਵਲੋਂ ਅਨੰਦ ਕਾਰਜ ਨੂੰ ਅਪ੍ਰਵਾਣਿਤ ਹੋਣ ਦਾ ਪ੍ਰਚਾਰ ਹੁੰਦਾ ਰਿਹਾ ਤੇ ਅਨੰਦ ਕਾਰਜ ਨੂੰ ਕਾਨੂੰਨੀ ਦਾਇਰੇ ਤੋਂ ਵੀ ਬਾਹਰ ਗਿਣਿਆ ਜਾਂਦਾ ਰਿਹਾ। ਅਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਭ ਤੋਂ ਪਹਿਲਾ ਵਿਚਾਰ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਸਪੁੱਤਰ ਟਿੱਕਾ ਰਿਪੁਦਮਨ ਸਿੰਘ ਨੂੰ ਆਇਆ। ਉਨ੍ਹਾਂ ਸਿੱਖ ਵਿਦਵਾਨਾਂ ਤੇ ਸਿੱਖ ਸੰਸਥਾਵਾਂ ਨਾਲ ਰਾਇ ਕਰਕੇ 30 ਅਕਤੂਬਰ 1908 ਨੂੰ ਅਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਬਿੱਲ ਕੌਂਸਲ ਵਿਚ ਪੇਸ਼ ਕਰ ਦਿੱਤਾ। ਪਰ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਸਖ਼ਤ ਵਿਰੋਧ ਕਾਰਨ ਅਨੰਦ ਮੈਰਿਜ ਐਕਟ ਠੰਢੇ ਬਸਤੇ ਵਿਚ ਪੈ ਗਿਆ। ਉਧਰ ਕੌਂਸਲ ਨੇ ਸਵਾਲ ਖੜ੍ਹਾ ਕਰ ਦਿੱਤਾ ਕਿ ਤੁਹਾਡੇ ਕੋਲ ਅਨੰਦ ਕਾਰਜ ਦਾ ਕੀ ਇਤਿਹਾਸਕ ਪਿਛੋਕੜ ਹੈ?
ਫਿਰ ਨਾਮਧਾਰੀ ਮਿਸ਼ਨ ਦੇ ਮੁਖੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਅੱਗੇ ਆ ਕੇ ਟਿੱਕਾ ਰਿਪੁਦਮਨ ਸਿੰਘ ਦੀ ਪਿੱਠ ਥਾਪੜੀ। ਸਮੁੱਚੀ ਨਾਮਧਾਰੀ ਸੰਗਤ, ਸੂਬੇ ਸਹਿਬਾਨ, ਅਨੰਦ ਕਾਰਜ ਐਕਟ ਨੂੰ ਚਾਹੁਣ ਵਾਲੀਆਂ ਸਿੱਖ ਸੰਸਥਾਵਾਂ, ਵਿਦਵਾਨ ਅਤੇ ਪ੍ਰਚਾਰਕ ਵੀ ਨਾਲ ਆ ਖੜੋਏ।
ਕੌਂਸਲ ਨੂੰ ਅਨੰਦ ਕਾਰਜ ਦੀ ਰਸਮ ਦੇ ਇਤਿਹਾਸਕ ਪਿਛੋਕੜ ਦਾ ਹਵਾਲਾ ਦਿੰਦਿਆਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 3 ਜੂਨ 1863 ਈਸਵੀਂ ਤੋਂ ਸ਼ੁਰੂ ਹੋਣ ਅਤੇ 46 ਸਾਲ ਤੋਂ ਨਾਮਧਾਰੀ ਮਰਯਾਦਾ ਅਨੁਸਾਰ ਨਿਰਵਿਘਨ ਚੱਲ ਰਹੇ ਅਨੰਦ ਕਾਰਜਾਂ ਦਾ ਹਵਾਲਾ ਦਿੱਤਾ। ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ-ਸੰਗਤ ਵੱਲੋਂ ਅਨੰਦ ਮੈਰਿਜ ਐਕਟ ਦੇ ਪੱਖ ਵਿਚ ਵੱਡੀ ਗਿਣਤੀ ਵਿਚ ਮਤੇ ਪਾ-ਪਾ ਕੇ ਭੇਜੇ ਗਏ। ਮਹਾਰਾਜਾ ਜੀਂਦ ਨੇ ਵੀ ਇਸ ਬਿੱਲ ਦੀ ਹਮਾਇਤ ਕਰ ਦਿੱਤੀ। ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਵੀ ਬਿੱਲ ਪਾਸ ਕਰਾਉਣ ਲਈ ਨਿੱਗਰ ਯੋਗਦਾਨ ਪਾਇਆ ਤਾਂ ਅਖੀਰ 22 ਅਕਤੂਬਰ 1909 ਨੂੰ ਵਾਇਸਰਾਏ ਦੀ ਕੌਂਸਲ ਵਿਚ ਅਨੰਦ ਮੈਰਿਜ ਐਕਟ ਦਾ ਬਿੱਲ ਪਾਸ ਹੋ ਕੇ ਲਾਗੂ ਹੋ ਗਿਆ। ਹੁਣ ਤੱਕ ਸਿੱਖਾਂ ਦੇ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਸੇ ਅਨੰਦ ਮੈਰਿਜ ਐਕਟ ਦੇ ਅਧੀਨ ਹੁੰਦੇ ਹਨ, ਜਿਸ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਇਸ ਅਨੰਦ ਕਾਰਜ ਦੀ ਰਸਮ ਨੂੰ ਐਕਟ ਬਣਵਾ ਕੇ ਲਾਗੂ ਕਰਨ ਲਈ ਸਾਡੇ ਪੁਰਖਿਆਂ ਨੇ ਵੱਡਾ ਯੋਗਦਾਨ ਪਾਇਆ ਸੀ, ਪਰ ਮੌਜੂਦਾ ਵਰਤਾਰੇ ਤੇ ਦਿਖਾਵਾਪ੍ਰਸਤੀ ਦੇ ਯੁੱਗ ਵਿਚ 'ਅਨੰਦ ਕਾਰਜ' ਦੇ ਬਾਵਜੂਦ ਵਿਆਹ ਦੀ ਰਸਮ ਇਕ ਅਡੰਬਰ ਬਣ ਕੇ ਰਹਿ ਗਈ ਹੈ।
ਸਿੱਖਾਂ ਵਿਚ ਦਾਜ-ਦਹੇਜ, ਠਾਕੇ, ਮੰਗਣੀਆਂ, ਮਿਲਣੀਆਂ, ਮੁਕਲਾਵਿਆਂ, ਰਿੰਗ ਸੈਰੇਮਨੀਆਂ, ਮੈਰਿਜ ਪੈਲਿਸ ਕਲਚਰ, ਮਾਸ, ਸ਼ਰਾਬ ਪਰੋਸੇ ਜਾਣ ਨੇ ਅਨੰਦ ਕਾਰਜ ਦੀ ਪਵਿੱਤਰ ਰਸਮ ਤੋਂ ਬਾਅਦ ਹੁੰਦੇ ਵਿਆਹ ਨੂੰ ਕੁੰਭੀ ਨਰਕ ਬਣਾ ਦਿੱਤਾ ਹੈ ।ਪਰ ਚੰਗੀ ਗੱਲ ਇਹ ਹੈ ਕਿ ਨਾਮਧਾਰੀ ਹੁਣ ਵੀ ਅੰਮ੍ਰਿਤੁ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਉਸੇ ਮਰਯਾਦਾ ਅਨੁਸਾਰ ਅਨੰਦ ਕਾਰਜ ਕਰਦੇ ਹਨ ਅਤੇ ਲੋਕ ਦਿਖਾਵਿਆਂ ਤੋਂ ਬਚੇ ਹੋਏ ਹਨ। ਸਮੁੱਚੇ ਸਿੱਖ ਪੰਥ ਨੂੰ ਮੁੜ ਤੋਂ ਵਿਆਹ ਸ਼ਾਦੀਆਂ ਸਾਦੇ ਤੇ ਗੁਰਮਤਿ ਅਨੁਸਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਵਿਚ ਹੀ ਪੰਥ ਤੇ ਪੰਜਾਬ ਦੀ ਭਲਾਈ ਹੈ।
-ਮਹਿਰਾਜ ਕਾਲੋਨੀ, ਰਾਮਪੁਰਾ ਫੂਲ (ਬਠਿੰਡਾ)
ਮੋਬਾ: 98768-50oh0