ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨੇੜਲੇ ਪਿੰਡ ਮੋਰੀਵਾਲਾ ਦੇ ਨੇੜੇ ਨੈਸ਼ਨਲ ਹਾਈਵੇਅ 'ਤੇ ਇਕ ਕਾਰ ਨੂੰ ਅੱਗ ਲੱਗ ਗਈ | ਕਾਰ 'ਚ ਸਵਾਰ ਤਿੰਨ ਨੌਜਵਾਨ ਵਾਲ-ਵਾਲ ਬਚ ਗਏ | ਫਾਇਰ ਬਿ੍ਗੇਡ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ | ਮਿਲੀ ਜਾਣਕਾਰੀ ਅਨੁਸਾਰ ਰੋੜੀ ਬਾਜ਼ਾਰ ਵਾਸੀ ਕਾਰ ਮਾਲਿਕ ਮਨੀਸ਼ ਆਪਣੇ ਦੋ ਹੋਰ ਦੋਸਤਾਂ ਲਾਲ ਲੰਘੀ ਦੇਰ ਸ਼ਾਮ ਮੋਰੀਵਾਲਾ ਵੱਲ ਜਾ ਰਿਹਾ ਸੀ | ਦੱਸਿਆ ਗਿਆ ਹੈ ਕਿ ਮੋਰੀਵਾਲਾ ਨੇੜੇ ਮਹਿਕ ਗਾਰਡਨ ਤੋਂ ਉਹ ਠੰਢਾ ਤੇ ਨਮਕੀਨ ਲੈਣ ਲਈ ਕਾਰ ਰੋਕੀ ਤੇ ਤਿੰਨੇ ਕਾਰ ਚੋਂ ਹੇਠਾਂ ਉਤਰ ਆਏ | ਜਦੋਂ ਠੰਡਾ ਤੇ ਨਮਕੀਨ ਲੈਣ ਮਗਰੋਂ ਉਹ ਕਾਰ ਕੋਲ ਗਏ ਤਾਂ ਕਾਰ 'ਚੋਂ ਬਦਬੂ ਆ ਰਹੀ ਸੀ, ਜਦੋਂ ਉਹ ਕਾਰ 'ਚ ਚੜ੍ਹੇ ਤਾਂ ਬਦਬੂ ਜਿਆਦਾ ਵਧ ਗਈ ਤਾਂ ਉਹ ਤੁਰੰਤ ਕਾਰ 'ਚੋਂ ਹੇਠਾਂ ਉਤਰ ਗਏ ਤੇ ਇਸ ਦੇ ਕੁਝ ਕੁ ਪਲਾਂ ਬਾਅਦ ਹੀ ਕਾਰ ਨੂੰ ਅੱਗ ਲੱਗ ਗਈ | ਤੁਰੰਤ ਇਸ ਦੀ ਸੂਚਨਾ ਫਾਇਰ ਬਿ੍ਗੇਡ ਤੇ ਪੁਲਿਸ ਨੂੰ ਦਿੱਤੀ ਗਈ | ਫਾਇਰ ਬਿ੍ਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਕਾਰ ਕਾਫ਼ੀ ਨੁਕਸਾਨੀ ਜਾ ਚੁੱਕੀ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਓ.ਐੱਚ.ਐੱਮ. ਦੇ ਨੇੜੇ ਇਕ ਕਾਰ ਅੱਗ ਨਾਲ ਨੁਕਸਾਨੀ ਗਈ ਹੈ, ਪਰ ਅੱਗ ਦੇ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਹੈ |