ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)-ਸਰਕਾਰੀ ਮਹਿਲਾ ਕਾਲਜ ਸਿਰਸਾ ਦੇ ਪਿ੍ੰਸੀਪਲ ਪ੍ਰੋ. ਰਾਮਕੁਮਾਰ ਜਾਂਗੜਾ ਦੀ ਸੇਵਾਮੁਕਤੀ ਤੋਂ ਬਾਅਦ ਹੁਣ ਕਾਲਜ ਦੀ ਇਹ ਜ਼ਿੰਮੇਵਾਰੀ ਉੱਚ ਸਿੱਖਿਆ ਵਿਭਾਗ ਵੱਲੋਂ ਡਾ. ਸੱਜਣ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ | ਡਾ. ਸੱਜਣ ਕੁਮਾਰ ਨੇ ਅੱਜ ਆਪਣਾ ਕੰਮਕਾਜ ਸੰਭਾਲਿਆ | ਇਸ ਮੌਕੇ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਦੇ ਪਿ੍ੰਸੀਪਲ ਹਰਜਿੰਦਰ ਸਿੰਘ, ਸਰਕਾਰੀ ਕਾਲਜ ਡਿੰਗ ਮੰਡੀ ਦੇ ਪਿ੍ੰਸੀਪਲ ਡਾ. ਮਧੂ ਕੁਮਾਰੀ, ਸਰਕਾਰੀ ਗਰਲਜ਼ ਕਾਲਜ ਰਾਣੀਆ ਦੇ ਪਿ੍ੰਸੀਪਲ ਡਾ. ਬੀ. ਐੱਸ. ਭੋਲਾ, ਸਰਕਾਰੀ ਨੈਸ਼ਨਲ ਕਾਲਜ ਸਿਰਸਾ ਤੋਂ ਡਾ. ਨਵੀਨ ਮੱਕੜ, ਡਾ. ਜੀਤ ਰਾਮ ਸ਼ਰਮਾ, ਪ੍ਰੋ. ਸੀਤਾ ਰਾਮ, ਡਾ. ਵਿਨੋਦ ਕੁਮਾਰ ਭੱਟੂ, ਡਾ. ਦਿਨੇਸ਼ ਡਾਗਰ ਤੇ ਐੱਸ. ਪ੍ਰੋ. ਰਮੇਸ਼ ਕੁਮਾਰ ਆਦਿ ਵੀ ਮੌਜੂਦ ਸਨ | ਇਸ ਮੌਕੇ ਡਾ. ਸੱਜਣ ਕੁਮਾਰ ਨੇ ਕਿਹਾ ਕਿ ਸਿਰਸਾ ਸ਼ਹਿਰ ਦਾ ਇਕਲੌਤਾ ਸਰਕਾਰੀ ਮਹਿਲਾ ਕਾਲਜ ਹੋਣ ਕਰਕੇ ਮੇਰਾ ਮੁੱਖ ਉਦੇਸ਼ ਇਸ ਕਾਲਜ ਨੂੰ ਹਰ ਖੇਤਰ ਵਿਚ ਉੱਚਾਈਆਂ 'ਤੇ ਲੈ ਜਾਣਾ ਹੋਵੇਗਾ ਤਾਂ ਜੋ ਇਸ ਕਾਲਜ ਵਿਚ ਦਾਖ਼ਲਾ ਲੈਣ ਵਾਲੀਆਂ ਵਿਦਿਆਰਥਣਾਂ ਨਾ ਸਿਰਫ਼ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣ ਸਗੋਂ ਜ਼ਿੰਦਗੀ ਦੇ ਹਰ ਪੜਾਅ 'ਤੇ ਪਹੁੰਚਣ ਅਤੇ ਹਰ ਟੀਚੇ ਨੂੰ ਪ੍ਰਾਪਤ ਕਰਨ ਦੀ ਤਾਕਤ ਵੀ ਪ੍ਰਾਪਤ ਕਰਨ | ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਕਾਲਜ ਦੇ ਵਿਕਾਸ ਦਾ ਪਹੀਆ ਚੱਲਦਾ ਰਹੇਗਾ ਅਤੇ ਸਿੱਖਿਆ ਦੇ ਖੇਤਰ ਵਿਚ ਨਵੇਂ ਆਯਾਮ ਸਥਾਪਤ ਹੋਣਗੇ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕਾਲਜ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ | ਕਾਲਜ ਦੇ ਲੋਕ ਸੰਪਰਕ ਅਧਿਕਾਰੀ ਡਾ. ਵਿਕਰਮਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਮਹਿਲਾ ਕਾਲਜ ਦੇ ਪਿ੍ੰਸੀਪਲ ਡਾ. ਸੱਜਣ ਕੁਮਾਰ ਨੈਸ਼ਨਲ ਕਾਲਜ ਸਿਰਸਾ ਵਿਚ ਭੂਗੋਲ ਦੇ ਪ੍ਰੋਫੈਸਰ ਰਹਿ ਚੁੱਕੇ ਹਨ | ਉਹ ਪਿਛਲੇ ਬਾਈ ਸਾਲਾਂ ਤੋਂ ਉਪਰੋਕਤ ਕਾਲਜ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਸਨ | ਉਹ ਮੂਲ ਰੂਪ ਵਿੱਚ ਹਿਸਾਰ ਉਕਲਾਨਾ (ਸੂਰੇਵਾਲਾ) ਦੇ ਰਹਿਣ ਵਾਲੇ ਹਨ | ਉਨ੍ਹਾਂ ਨੂੰ ਨਵੰਬਰ 1997 ਵਿਚ ਸਰਕਾਰੀ ਨੈਸ਼ਨਲ ਕਾਲਜ, ਸਿਰਸਾ ਵਿਚ ਉੱਚ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਵਜੋਂ ਨਿਯੁੱਕਤ ਕੀਤਾ ਗਿਆ ਸੀ |