ਸਿਰਸਾ, 2 ਜੂਨ (ਭੁਪਿੰਦਰ ਪੰਨੀਵਾਲੀਆ)-ਭਾਰਤੀ ਕਿਸਾਨ ਏਕਤਾ (ਬੀ.ਕੇ.ਈ.) ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਅÏਲਖ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਦੀਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਨਕਲੀ ਖਾਦਾਂ ਦੀ ਸਪਲਾਈ ਕੀਤੀ ਜਾ ਰਹੀ ਹੈ | ਖੇਤੀਬਾੜੀ ਵਿਭਾਗ ਦੇ ਅਧਿਕਾਰੀ ਦੀ ਮਿਲੀਭੁਗਤ ਨਾਲ ਘੱਟ ਗੁਣਵੱਤਾ ਵਾਲੀਆਂ ਅਤੇ ਨਕਲੀ ਖ਼ਾਦਾਂ ਤੇ ਬੀਜ ਵੇਚੇ ਜਾ ਰਹੇ ਹਨ | ਉਹ ਅੱਜ ਬੀਕੇਈ ਦੇ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ | ਲਖਵਿੰਦਰ ਸਿੰਘ ਅÏਲਖ ਨੇ ਕਿਹਾ ਕਿ ਉਨ੍ਹਾਂ ਨੂੰ ਨਕਲੀ ਖਾਦ, ਬੀਜ ਤੇ ਜੈਵਿਕ ਖ਼ਾਦ ਸਹਿਕਾਰੀ ਸਮਿਤੀਆਂ ਤੋਂ ਵੇਚੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਮਗਰੋਂ ਇੱਕ ਨਿੱਜੀ ਲੈਬ ਤੋਂ ਇਸਦੀ ਜਾਂਚ ਕਰਵਾਈ ਗਈ ਤਾਂ ਕਈ ਲਿਮਟਿਡ ਕੰਪਨੀਆਂ ਦੀਆਂ ਖਾਦਾਂ ਤੇ ਬੀਜ ਨਕਲੀ ਮਿਲੇ | ਸ੍ਰੀ ਅÏਲਖ ਨੇ ਕਿਹਾ ਕਿ ਫੀਨਿਕਸ ਪਲੱਸ ਲਾਈਫਸੇਵਰ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਯਮੁਨਾਨਗਰ, ਰੇਵਾੜੀ, ਫਤਿਹਾਬਾਦ ਸਮੇਤ ਕਈ ਜ਼ਿਲਿ੍ਹਆਂ ਵਿੱਚ ਕਥਿਤ ਨਕਲੀ ਐਨਪੀਕੇ ਦੀ ਸਪਲਾਈ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ (ਭਾਰਤੀ ਜਨ ਖਾਦ ਪ੍ਰੋਜੈਕਟ) ਦੁਆਰਾ ਡਿਜ਼ਾਈਨ ਕੀਤੇ ਗਏ ਪੈਕੇਟਾਂ ਦੀ ਤਰਜ਼ 'ਤੇ ਨੀਲੇ ਰੰਗ ਦੇ ਬੈਗ ਬਣਾਏ ਗਏ ਹਨ ਅਤੇ ਇਨ੍ਹਾਂ 'ਤੇ ਮਸ਼ਹੂਰ ਖਾਦ ਕੰਪਨੀ ਦਾ ਛੋਟਾ ਜਿਹਾ ਨਾਮ ਵੀ ਲਿਖਿਆ ਹੈ, ਤਾਂ ਜੋ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਸਕੇ | ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਖ਼ਾਦਾਂ ਕਿਸਾਨਾਂ ਨੂੰ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਵੇਚਣ ਲਈ ਸੇਲਜ਼ਮੈਨਾਂ ਨੂੰ ਪ੍ਰਤੀ ਬੈਗ 100 ਤੋਂ 150 ਰੁਪਏ ਦਾ ਕਥਿਤ ਕਮਿਸ਼ਨ ਵੀ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਵੀ ਸੈਂਕੜੇ ਅਜਿਹੀਆਂ ਕੰਪਨੀਆਂ ਹਨ, ਜੋ ਨਕਲੀ ਸਾਮਾਨ ਬਣਾ ਕੇ ਕਿਸਾਨਾਂ ਨੂੰ ਬਰਬਾਦ ਕਰ ਰਹੀਆਂ ਹਨ | ਉਨ੍ਹਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਸੀਐਮ ਫਲਾਇੰਗ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਖਾਦਾਂ ਦੇ ਨਮੂਨੇ ਲੈ ਕੇ ਇਸਦੀ ਜਾਂਚ ਕਰਵਾਏ ਅਤੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਅਧਿਕਾਰੀਆਂ, ਕਰਮਚਾਰੀਆਂ ਤੇ ਕੰਪਨੀ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਗਮਦੂਰ ਸਿੰਘ, ਗੁਰਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਬਰਾੜ ਮੌਜੂਦ ਸਨ | ਜਦੋਂ ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਦੇਵ ਸਿੰਘ ਕੰਬੋਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਵਿਭਾਗ ਵਲੋਂ ਸਮੇਂ-ਸਮੇਂ 'ਤੇ ਖ਼ਾਦ ਤੇ ਬੀਜ ਦੇ ਸੈਂਪਲ ਲਏ ਜਾਂਦੇ ਹਨ, ਜੋ ਨਕਲੀ ਖ਼ਾਦ, ਬੀਜ ਵੇਚਦੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਈ ਜਾਂਦੀ ਹੈ | ਉਨ੍ਹਾਂ ਨੇ ਕਿਹਾ ਕਿ ਵਿਭਾਗ ਇਸ ਮਾਮਲੇ 'ਚ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸੇ ਨੂੰ ਵੀ ਨਕਲੀ ਖਾਦ ਬੀਜ ਨਹੀਂ ਵੇਚਣ ਦਿੱਤਾ ਜਾਵੇਗਾ |